ਪੰਜਾਬ ''ਚ ਕਣਕ ਦੀ ਆਮਦ 100 ਲੱਖ ਟਨ ਤੋਂ ਪਾਰ, ਭੰਡਾਰਨ ਦੀ ਘਾਟ ਕਾਰਨ ਮੰਡੀਆਂ ''ਚ ਲੱਗੇ ਅੰਬਾਰ

Monday, Apr 27, 2026 - 03:51 PM (IST)

ਪੰਜਾਬ ''ਚ ਕਣਕ ਦੀ ਆਮਦ 100 ਲੱਖ ਟਨ ਤੋਂ ਪਾਰ, ਭੰਡਾਰਨ ਦੀ ਘਾਟ ਕਾਰਨ ਮੰਡੀਆਂ ''ਚ ਲੱਗੇ ਅੰਬਾਰ

ਚੰਡੀਗੜ੍ਹ : ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਐਤਵਾਰ ਤੱਕ ਇਹ ਅੰਕੜਾ 100 ਲੱਖ ਟਨ ਦੇ ਕਰੀਬ ਪਹੁੰਚ ਗਿਆ ਹੈ। ਸੂਬੇ ਦੀਆਂ 1,872 ਮੰਡੀਆਂ 'ਚ ਹੁਣ ਤੱਕ ਕਰੀਬ 99 ਲੱਖ ਟਨ ਤੋਂ ਵੱਧ ਕਣਕ ਪਹੁੰਚ ਚੁੱਕੀ ਹੈ, ਜਿਸ 'ਚੋਂ 95 ਲੱਖ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਹਾਲਾਂਕਿ, ਭੰਡਾਰਨ ਲਈ ਜਗ੍ਹਾ ਦੀ ਭਾਰੀ ਕਿੱਲਤ ਅਤੇ ਹੌਲੀ ਚੁਕਾਈ ਕਾਰਨ ਮੰਡੀਆਂ 'ਚ ਕਣਕ ਦੇ ਅੰਬਾਰ ਲੱਗ ਗਏ ਹਨ। 
ਗੋਦਾਮਾਂ 'ਚ ਥਾਂ ਨਾ ਹੋਣ ਕਾਰਨ ਖਰੀਦ ਪ੍ਰਭਾਵਿਤ
ਸਰੋਤਾਂ ਅਨੁਸਾਰ ਮੰਡੀਆਂ 'ਚ ਪਹੁੰਚੀ 100 ਲੱਖ ਟਨ ਕਣਕ ਵਿੱਚੋਂ ਹੁਣ ਤੱਕ ਸਿਰਫ਼ 34 ਲੱਖ ਟਨ (ਲਗਭਗ ਇੱਕ ਤਿਹਾਈ) ਦੀ ਹੀ ਚੁਕਾਈ ਹੋ ਸਕੀ ਹੈ। ਸੂਬੇ ਕੋਲ ਕੁੱਲ 180 ਲੱਖ ਟਨ ਭੰਡਾਰਨ ਦੀ ਸਮਰੱਥਾ ਹੈ, ਪਰ ਇਸ ਵਿੱਚੋਂ 145 ਲੱਖ ਟਨ ਚੌਲ ਅਤੇ 35 ਲੱਖ ਟਨ ਪੁਰਾਣੀ ਕਣਕ ਪਹਿਲਾਂ ਹੀ ਗੋਦਾਮਾਂ 'ਚ ਪਈ ਹੈ। ਇਸ ਕਾਰਨ ਨਵੀਂ ਕਣਕ ਰੱਖਣ ਲਈ ਜਗ੍ਹਾ ਬਿਲਕੁਲ ਨਹੀਂ ਹੈ, ਜਿਸ ਕਾਰਨ ਸਰਕਾਰ ਹੁਣ ਰਾਈਸ ਮਿੱਲਾਂ ਅਤੇ ਖੁੱਲ੍ਹੇ ਪਲਿੰਥਾਂ 'ਚ ਅਨਾਜ ਸਟੋਰ ਕਰਨ ਦੀ ਯੋਜਨਾ ਬਣਾ ਰਹੀ ਹੈ।
ਖ਼ਰਾਬ ਹੋਈ ਕਣਕ ਨੂੰ ਵੱਖਰਾ ਸਟੋਰ ਕਰਨ ਦੀ ਚੁਣੌਤੀ
ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਇਸ ਵਾਰ ਖ਼ਰਾਬ ਜਾਂ ਚਮਕ-ਹੀਣ ਕਣਕ ਨੂੰ ਵੱਖਰੇ ਤੌਰ 'ਤੇ ਸਟੋਰ ਕਰਨਾ ਲਾਜ਼ਮੀ ਹੈ। ਅਧਿਕਾਰੀਆਂ ਮੁਤਾਬਕ ਆਉਣ ਵਾਲੀ ਕਣਕ ਵਿੱਚੋਂ ਲਗਭਗ 35 ਫ਼ੀਸਦੀ ਕਣਕ ਪ੍ਰਭਾਵਿਤ ਹੈ, ਜਿਸ ਨੂੰ ਵੱਖਰਾ ਕਰਨਾ ਅਤੇ ਸਟੋਰ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਕੇਂਦਰ ਦੀ ਇੱਕ ਟੀਮ ਵੀ ਪੰਜਾਬ ਦੇ ਦੌਰੇ 'ਤੇ ਹੈ ਤਾਂ ਜੋ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਸਕੇ।
ਪੁਰਾਣੇ ਬਾਰਦਾਨੇ ਦੀ ਖ਼ਰੀਦ 'ਚ ਘਪਲੇ ਦੇ ਦੋਸ਼
ਇਸੇ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੁਰਾਣੇ ਬਾਰਦਾਨੇ ਦੀ ਖ਼ਰੀਦ 'ਚ ਘਪਲੇ ਦਾ ਸ਼ੱਕ ਜ਼ਾਹਿਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਜ਼ਾਰ 'ਚ 22 ਰੁਪਏ 'ਚ ਮਿਲਣ ਵਾਲੀ ਪੁਰਾਣੀ ਬੋਰੀ ਨੂੰ ਸਰਕਾਰ ਨੇ 43.89 ਰੁਪਏ 'ਚ ਖਰੀਦਿਆ ਹੈ। ਜਾਖੜ ਨੇ ਇਸ ਮਾਮਲੇ ਦੀ ਜਾਂਚ ਲਈ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਚਿੱਠੀ ਲਿਖੀ ਹੈ।
 


author

Babita

Content Editor

Related News