ਮਾਛੀਵਾੜਾ ਅਨਾਜ ਮੰਡੀ ਤੇ ਖਰੀਦ ਕੇਂਦਰਾਂ ਵਿਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ
Thursday, Apr 23, 2026 - 05:27 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਦਾ ਕੰਮ ਨੇਪਰੇ ਚੜ੍ਹਨ ਵਾਲਾ ਹੈ ਅਤੇ ਸਰਕਾਰ ਵਲੋਂ ਤੈਅ ਕੀਤੇ ਗਏ 7.50 ਲੱਖ ਕੁਇੰਟਲ ਦੇ ਟੀਚੇ ’ਚੋਂ 4.33 ਲੱਖ ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ। ਮਾਛੀਵਾੜਾ ਅਨਾਜ ਮੰਡੀ ਵਿਚ ਇਸ ਸਮੇਂ ਲਿਫਟਿੰਗ ਦੀ ਰਫ਼ਤਾਰ ਬਹੁਤ ਮੱਧਮ ਹੋਣ ਕਾਰਨ ਹਰ ਪਾਸੇ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ ਅਤੇ ਆੜ੍ਹਤੀ ਟਰੱਕ ਮਾਲਕਾਂ ਤੇ ਠੇਕੇਦਾਰਾਂ ਦੀਆਂ ਮਿੰਨਤਾਂ ਕਰ ਰਹੇ ਹਨ ਕਿ ਜਲਦ ਤੋਂ ਜਲਦ ਫਸਲ ਲਿਫਟਿੰਗ ਹੋਵੇ। ਮਾਰਕੀਟ ਕਮੇਟੀ ਮਾਛੀਵਾੜਾ ਸਾਹਿਬ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਮਾਛੀਵਾੜਾ ਅਨਾਜ ਮੰਡੀ ਵਿਚ 3 ਲੱਖ ਕੁਇੰਟਲ ਦੀ ਖਰੀਦ ਹੋ ਚੁੱਕੀ ਹੈ ਜਿਸ ’ਚੋਂ 1.21 ਲੱਖ ਕੁਇੰਟਲ ਲਿਫਟਿੰਗ ਹੋ ਗਿਆ ਜਦਕਿ ਬਾਕੀ ਫਸਲ ਖੁੱਲ੍ਹੇ ਅਸਮਾਨ ਹੇਠ ਪਈ ਹੈ। ਉਪ ਖਰੀਦ ਕੇਂਦਰ ਲੱਖੋਵਾਲ ਦੀ ਗੱਲ ਕਰੀਏ ਤਾਂ ਇੱਥੇ 60,600 ਕੁਇੰਟਲ ਖਰੀਦ ਕੀਤੀ ਗਈ ਫਸਲ ’ਚੋਂ 24,000 ਕੁਇੰਟਲ ਲਿਫਟ ਹੋਈ ਹੈ, ਹੇਡੋਂ ਬੇਟ ਵਿਖੇ 38,000 ਕੁਇੰਟਲ ’ਚੋਂ 11,000 ਕੁਇੰਟਲ ਲਿਫਟ ਹੋਇਆ ਹੈ, ਬੁਰਜ ਪਵਾਤ ਵਿਖੇ 14,700 ਕੁਇੰਟਲ ’ਚੋਂ ਕੇਵਲ 2250 ਕੁਇੰਟਲ ਲਿਫਟ ਹੋਈ ਹੈ, ਸ਼ੇਰਪੁਰ ਬੇਟ ਵਿਖੇ 21,200 ਕੁਟਿੰਟਲ ’ਚੋਂ 7200 ਕੁਇੰਟਲ ਕਣਕ ਦੀ ਲਿਫਟਿੰਗ ਹੋਈ ਹੈ।
ਮਾਰਕੀਟ ਕਮੇਟੀ ਨੇ ਲਿਫਟਿੰਗ ਤੇਜ਼ ਕਰਨ ਲਈ ਠੇਕੇਦਾਰ ਤੇ ਖਰੀਦ ਏਜੰਸੀਆਂ ਨੂੰ ਲਿਖਿਆ ਪੱਤਰ
ਮਾਛੀਵਾੜਾ ਮਾਰਕੀਟ ਕਮੇਟੀ ਦੇ ਲੇਖਾਕਾਰ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਮੰਡੀਆਂ ’ਚ ਲਿਫਟਿੰਗ ਦਾ ਕੰਮ ਮੱਧਮ ਰਫ਼ਤਾਰ ਨਾਲ ਹੈ ਅਤੇ ਸਰਕਾਰ ਵਲੋਂ ਹਦਾਇਤਾਂ ਹਨ ਕਿ 72 ਘੰਟੇ ’ਚ ਲਿਫਟਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਅੱਜ ਮਾਰਕੀਟ ਕਮੇਟੀ ਵਲੋਂ ਖਰੀਦ ਏਜੰਸੀਆਂ ਅਤੇ ਠੇਕੇਦਾਰ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਕਿ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ 72 ਘੰਟਿਆਂ ’ਚ ਫਸਲ ਦੀ ਚੁਕਾਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲਿਫਟਿੰਗ ਦਾ ਕੰਮ ਮੱਠੀ ਰਫ਼ਤਾਰ ਨਾਲ ਚੱਲਣ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲ ਅਦਾਇਗੀ ਤੁਰੰਤ ਹੋ ਰਹੀ ਹੈ।
ਠੇਕੇਦਾਰ ਨੇ ਖਰੀਦ ਏਜੰਸੀਆਂ ’ਤੇ ਪੱਲਾ ਝਾੜਿਆ
ਮਾਛੀਵਾੜਾ ਅਨਾਜ ਮੰਡੀ ਤੇ ਉਪ ਖਰੀਦ ਕੇਂਦਰਾਂ ’ਚੋਂ ਲਿਫਟਿੰਗ ਦਾ ਕੰਮ ਕਰ ਰਹੇ ਠੇਕੇਦਾਰ ਤੇ ਨੁਮਾਇੰਦੇ ਵਿਜੈ ਕੁਮਾਰ ਨੇ ਦੱਸਿਆ ਕਿ ਸਾਡੇ ਕੋਲ ਢੋਆ-ਢੁਆਈ ਲਈ ਪੁਖਤਾ ਪ੍ਰਬੰਧ ਹਨ ਪਰ ਖਰੀਦ ਏਜੰਸੀਆਂ ਕੋਲ ਗੁਦਾਮਾਂ ਵਿਚ ਕਰੇਟ ਨਹੀਂ ਜਿਸ ਕਾਰਨ ਬੋਰੀਆਂ ਨਾਲ ਭਰੀਆਂ ਗੱਡੀਆਂ ਖਾਲੀ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਮਾਛੀਵਾੜਾ ਖਰੀਦ ਏਜੰਸੀਆਂ ਕੋਲ ਗੁਦਾਮਾਂ ਵਿਚ ਜਗ੍ਹਾ ਨਾ ਹੋਣ ਕਾਰਨ ਖੰਨਾ ਵਿਖੇ ਗੁਦਾਮਾਂ ਵਿਚ ਟਰੱਕ ਭੇਜੇ ਜਾ ਰਹੇ ਹਨ ਜਿੱਥੇ ਲਿਫਟਿੰਗ ਲਈ ਮਜ਼ਦੂਰ ਘੱਟ ਹੋਣ ਕਾਰਨ ਕੰਮ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਠੇਕੇਦਾਰਾਂ ਵਲੋਂ ਖਰੀਦ ਏਜੰਸੀਆਂ ’ਤੇ ਪੱਲਾ ਝਾੜ ਦਿੱਤਾ ਗਿਆ। ਜਦੋਂ ਇਸ ਸਬੰਧੀ ਐੱਸ.ਡੀ.ਐੱਮ. ਸਮਰਾਲਾ ਗੁਰਸਿਮਰਨਜੀਤ ਕੌਰ ਨਾਲ ਲਿਫਟਿੰਗ ਸਮੱਸਿਆ ਸਬੰਧੀ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਾ ਚੁੱਕਿਆ।
ਪ੍ਰਸ਼ਾਸਨ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਵੇ: ਪ੍ਰਧਾਨ ਕੁੰਦਰਾ
ਸੱਚਾ ਸੌਦਾ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਲਿਫਟਿੰਗ ਦੀ ਮੱਧਮ ਰਫ਼ਤਾਰ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਜਿਸ ਸਬੰਧੀ ਉਨ੍ਹਾਂ ਨੇ ਐੱਸਡੀਐੱਮ ਸਮਰਾਲਾ ਦੇ ਧਿਆਨ ਵਿਚ ਲਿਆਂਦਾ ਹੈ ਕਿ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਿਫਟਿੰਗ ਦੇ ਕੰਮ ਵਿਚ ਜੇਕਰ ਦੇਰੀ ਹੋਣ ਕਾਰਨ ਕਣਕ ਦੀਆਂ ਬੋਰੀਆਂ ਦਾ ਵਜ਼ਨ ਘਟਦਾ ਹੈ ਤਾਂ ਉਸ ਲਈ ਜਿੰਮੇਵਾਰ ਆੜ੍ਹਤੀ ਨਹੀਂ ਹੋਣਗੇ ਅਤੇ ਨਾ ਹੀ ਉਹ ਕੋਈ ਸੋਰਟੇਜ਼ ਦੇਣਗੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਿਫਟਿੰਗ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ।
