ਹਾਏ ਗਰਮੀ...! ਹੁਣ ਤੱਕ 7 ਮੌਤਾਂ, ਪੰਜਾਬ ਸਣੇ ਇਨ੍ਹਾਂ ਸੂਬਿਆਂ ''ਚ ਅਲਰਟ ਜਾਰੀ
Wednesday, Apr 22, 2026 - 02:10 PM (IST)
ਨੈਸ਼ਨਲ ਡੈਸਕ : ਦੇਸ਼ ਭਰ 'ਚ ਗਰਮੀ ਦਾ ਕਹਿਰ ਇਸ ਕਦਰ ਵਧ ਗਿਆ ਹੈ ਕਿ ਹੁਣ ਅਸਮਾਨ ਤੋਂ ਅੱਗ ਦੇ ਗੋਲੇ ਵਰ੍ਹਨੇ ਸ਼ੁਰੂ ਹੋ ਗਏ ਹਨ। ਕਈ ਇਲਾਕਿਆਂ 'ਚ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਦੇ ਇਸ ਬਦਲੇ ਮਿਜ਼ਾਜ ਕਾਰਨ ਮਹਾਰਾਸ਼ਟਰ 'ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 31 ਲੋਕ ਬੀਮਾਰ ਦੱਸੇ ਜਾ ਰਹੇ ਹਨ। ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਰਦਨਾਕ ਖ਼ਬਰਾਂ ਸਾਹਮਣੇ ਆਈਆਂ ਹਨ। ਵਾਸ਼ਿਮ ਜ਼ਿਲ੍ਹੇ ਵਿੱਚ ਇੱਕ 25 ਸਾਲਾ ਨੌਜਵਾਨ ਦੀ 43 ਡਿਗਰੀ ਤਾਪਮਾਨ ਵਿੱਚ ਖੇਤ ਵਿੱਚ ਕੰਮ ਕਰਦੇ ਸਮੇਂ ਮੌਤ ਹੋ ਗਈ। ਲਾਤੂਰ ਅਤੇ ਅਹਿਲਿਆਨਗਰ ਵਿੱਚ ਵੀ ਕਿਸਾਨਾਂ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਲੂ ਲੱਗਣ ਕਾਰਨ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਅਕੋਲਾ ਵਿੱਚ ਇੱਕ ਆਟੋ ਡਰਾਈਵਰ ਆਪਣੇ ਵਾਹਨ ਵਿੱਚ ਹੀ ਮ੍ਰਿਤਕ ਪਾਇਆ ਗਿਆ, ਜਿਸ ਦੀ ਵਜ੍ਹਾ ਭਿਆਨਕ ਗਰਮੀ ਮੰਨੀ ਜਾ ਰਹੀ ਹੈ। ਸੋਲਾਪੁਰ ਅਤੇ ਜਲਗਾਓਂ ਵਿੱਚ ਵੀ ਗਰਮੀ ਕਾਰਨ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ।
ਪੰਜਾਬ ਸਮੇਤ ਕਈ ਸੂਬਿਆਂ ਲਈ 'ਯੈਲੋ ਅਲਰਟ' ਜਾਰੀ
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ 21 ਤੋਂ 24 ਅਪ੍ਰੈਲ ਤੱਕ ਭਿਆਨਕ 'ਲੂ' ਚੱਲਣ ਦੀ ਸੰਭਾਵਨਾ ਹੈ। ਦਿੱਲੀ 'ਚ ਪਾਰਾ 44 ਡਿਗਰੀ ਤੱਕ ਪਹੁੰਚਣ ਦੇ ਅਨੁਮਾਨ ਨੂੰ ਦੇਖਦੇ ਹੋਏ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਤੇ ਭਰਤਪੁਰ ਸਮੇਤ ਕਈ ਜ਼ਿਲ੍ਹਿਆਂ 'ਚ 23 ਅਪ੍ਰੈਲ ਤੋਂ ਹੀਟਵੇਵ ਦਾ ਅਲਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਓਡੀਸ਼ਾ ਅਤੇ ਪੱਛਮੀ ਬੰਗਾਲ 'ਚ ਵੀ ਅਗਲੇ ਕੁਝ ਦਿਨ ਗਰਮੀ ਦਾ ਤਿੱਖਾ ਅਸਰ ਦੇਖਣ ਨੂੰ ਮਿਲੇਗਾ।
ਪ੍ਰਸ਼ਾਸਨ ਸਖ਼ਤ: ਸਕੂਲਾਂ ਦਾ ਸਮਾਂ ਬਦਲਿਆ, ਹਸਪਤਾਲਾਂ 'ਚ ਵਿਸ਼ੇਸ਼ ਵਾਰਡ ਤਿਆਰ
ਗਰਮੀ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ 'ਹੀਟ ਐਕਸ਼ਨ ਪਲਾਨ' ਲਾਗੂ ਕਰ ਦਿੱਤਾ ਹੈ। ਅਮਰਾਵਤੀ ਅਤੇ ਨਾਗਪੁਰ 'ਚ ਸਕੂਲਾਂ ਅਤੇ ਆਂਗਨਵਾੜੀਆਂ ਦਾ ਸਮਾਂ ਬਦਲ ਕੇ ਸਿਰਫ ਸਵੇਰੇ 7 ਤੋਂ 10 ਵਜੇ ਤੱਕ ਕਰ ਦਿੱਤਾ ਗਿਆ ਹੈ। ਅਕੋਲਾ ਵਿੱਚ ਕੋਚਿੰਗ ਕਲਾਸਾਂ ਤੇ ਕਾਲਜਾਂ ਨੂੰ 11 ਵਜੇ ਤੋਂ ਬਾਅਦ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਹਸਪਤਾਲਾਂ 'ਚ ਹੀਟਸਟ੍ਰੋਕ ਦੇ ਮਰੀਜ਼ਾਂ ਲਈ ਵਿਸ਼ੇਸ਼ 14 ਬੈੱਡਾਂ ਵਾਲੇ ਵਾਰਡ ਤਿਆਰ ਕੀਤੇ ਗਏ ਹਨ। ਲੋਕਾਂ ਦੀ ਸਹੂਲਤ ਲਈ ਅਕੋਲਾ 'ਚ ਦੁਪਹਿਰ 12 ਤੋਂ 5 ਵਜੇ ਤੱਕ ਟ੍ਰੈਫਿਕ ਸਿਗਨਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਧੁੱਪ ਵਿੱਚ ਖੜ੍ਹਨਾ ਨਾ ਪਵੇ।
ਮੁਆਵਜ਼ੇ ਦੀ ਉੱਠੀ ਮੰਗ
ਸਾਬਕਾ ਮੰਤਰੀ ਏਕਨਾਥ ਖੜਸੇ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਹੀਟਸਟ੍ਰੋਕ ਨੂੰ 'ਕੁਦਰਤੀ ਆਫ਼ਤ' ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦੀ ਵੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
