ਮੰਡੀਆਂ ''ਚ ਮਾੜੇ ਪ੍ਰਬੰਧਾਂ ਨੂੰ ਲੈ ਕੇ ਅਕਾਲੀ ਦਲ ਦਾ ਹੱਲਾ-ਬੋਲ, ਕਿਸਾਨਾਂ ਦੀ ਖੱਜਲ-ਖੁਆਰੀ ''ਤੇ ਸਰਕਾਰ ਨੂੰ ਘੇਰਿਆ
Thursday, Apr 16, 2026 - 05:12 AM (IST)
ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ) : ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਵੱਲੋਂ ਮਾਨਸਾ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਜਾਣੀਆਂ। ਇਸ ਤੋਂ ਇਲਾਵਾ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ, ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੱਲਮ ਸਿੰਘ ਕਲੀਪੁਰ ਅਤੇ ਵੱਖ ਵੱਖ ਅਕਾਲੀ ਦਲ ਦੀਆਂ ਟੀਮਾਂ ਵੱਲੋਂ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ ਗਿਆ। ਇਸ ਮੌਕੇ ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਮਾਨਸਾ ਅਤੇ ਬੁਢਲਾਡਾ ਹਲਕੇ ਦੇ ਵੱਖ-ਵੱਖ ਖਰੀਦ ਕੇਂਦਰਾਂ ਵਿੱਚ ਨਮੀ ਅਤੇ ਮਰੇ ਦਾਣੇ ਅਤੇ ਕੁਆਲਟੀ ਦਾ ਬਹਾਨਾ ਬਣਾ ਕੇ ਜਾਣ ਬੁੱਝ ਕੇ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ 'ਚ ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਫ਼ਾਇਰਿੰਗ, ਸ਼ਗਨਪ੍ਰੀਤ ਸਿੰਘ ਨਾਲ ਜੁੜੇ ਤਾਰ
ਉਨ੍ਹਾਂ ਕਿਹਾ ਕਿ ਹਲਕਾ ਮਾਨਸਾ ਅਤੇ ਬੁਢਲਾਡਾ ਦੀਆਂ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਹੋਏ ਹਨ ਅਤੇ ਕਣਕ ਖਰੀਦਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਦਾਣਾ ਮੋਟਾ ਜਾ ਪਤਲਾ ਦੇਖ ਕੇ ਖਰੀਦ ਨੂੰ ਨਹੀਂ ਰੋਕਣਾ ਚਾਹੀਦਾ ਕਿਉਕਿ ਬਾਅਦ ਵਿੱਚ ਕਣਕ ਨੇ ਪਿਸ ਕੇ ਬਣਨਾ ਤਾਂ ਆਟਾ ਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਉਹਨਾਂ ਕਿਹਾ ਕਿ ਇੱਕ ਤਾਂ ਕਿਸਾਨਾਂ ਨੂੰ ਮੌਸਮ ਦੀ ਮਾਰ ਪਈ, ਦੂਜਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ਨੂੰ ਨਮੀ ਅਤੇ ਮਰੇ ਦਾਣੇ ਦਾ ਬਹਾਨਾ ਬਣਾ ਕੇ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਲਈ ਕੋਈ ਪ੍ਰਬੰਧ ਨਹੀਂ ਹਨ ਅਤੇ ਅਕਾਲੀ ਦਲ ਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ 15 ਅਪ੍ਰੈਲ ਨੂੰ ਵੀ ਨਾ ਮਾਤਰ ਹੀ ਬੋਲੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਸਮੇਂ ਕਿਸਾਨਾਂ ਦੇ ਨਾਲ ਡਟ ਕੇ ਖੜ੍ਹਾ ਹੈ ਅਤੇ ਕਿਸਾਨ ਹਿੱਤਾਂ ਲਈ ਹਰ ਮੋਰਚੇ ‘ਤੇ ਲੜਦਾ ਰਹੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਮੰਡੀਆ ਵਿੱਚ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
