ਕਾਰ ਤੇ ਮੋਟਰਸਾਈਕਲ ਦੀ ਟੱਕਰ ''ਚ 1 ਦੀ ਮੌਤ
Monday, Feb 19, 2018 - 07:27 AM (IST)

ਪੱਟੀ, (ਬੇਅੰਤ)- ਪੱਟੀ ਮੋੜ ਤੋਂ ਚੂਸਲੇਵੜ ਜਾ ਰਹੇ ਇਕ ਮੋਟਰਸਾਈਕਲ ਸਵਾਰ ਦੀ ਇਕ ਅਣਪਛਾਤੀ ਕਾਰ ਦੀ ਫੇਟ ਵੱਜਣ ਨਾਲ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਥਾਣਾ ਸਦਰ ਪੱਟੀ ਦੇ ਮੁਖੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪ੍ਰਤਾਪ ਮਸੀਹ (36) ਪੁੱਤਰ ਬਚਨ ਮਸੀਹ ਵਾਸੀ ਚੂਸਲੇਵੜ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੀਤੀ ਰਾਤ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਅਣਪਛਾਤੀ ਕਾਰ ਨਾਲ ਉਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਤੇ ਉਹ ਸੜਕ 'ਤੇ ਡਿੱਗ ਗਿਆ, ਜੋ ਕਾਫੀ ਸਮਾਂ ਪਿਆ ਰਿਹਾ। ਰਾਹਗੀਰਾਂ ਵੱਲਂੋ ਉਸ ਨੂੰ ਪੱਟੀ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਮੁਖੀ ਪ੍ਰੀਤਇੰਦਰ ਸਿੰਘ ਮੌਕੇ 'ਤੇ ਪਹੁੰਚੇ ਤੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਪ੍ਰਤਾਪ ਮਸੀਹ ਆਪਣੇ 2 ਬੱਚੇ ਛੱਡ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।