ਵੱਖ-ਵੱਖ ਬੈਂਕਾਂ ਤੋਂ ਇਕ ਹੀ ਜ਼ਮੀਨ ’ਤੇ ਲਿਆ 1 ਕਰੋਡ਼ 3 ਲੱਖ ਰੁਪਏ ਕਰਜ਼ਾ
Saturday, Jul 21, 2018 - 02:14 AM (IST)

ਫਤਿਹਗਡ਼੍ਹ ਸਾਹਿਬ, (ਜੱਜੀ)- ਸਰਹਿੰਦ ਪੁਲਸ ਨੇ ਬੈਂਕ ਮੈਨੇਜਰ ਦੀ ਸ਼ਿਕਾਇਤ ’ਤੇ ਜਾਅਲੀ ਫਰਦਾਂ ਤਿਆਰ ਕਰਵਾ ਵੱਖ-ਵੱਖ ਬੈਂਕਾਂ ਤੋਂ ਕਰਜ਼ਾ ਲੈ ਕੇ ਧੋਖਾਧਡ਼ੀ ਦੇ ਮਾਮਲੇ ਵਿਚ ਪਿਤਾ-ਪੁੱਤਰ ਖਿਲਾਫ ਮਾਮਲਾ ਦਰਜ ਕਰ ਕੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਸਟੇਟ ਬੈਂਕ ਆਫ਼ ਪਟਿਆਲਾ ਜੋ ਕਿ ਹੁਣ ਸਟੇਟ ਬੈਂਕ ਆਫ਼ ਇੰਡੀਆ ਸਰਹਿੰਦ ਹੈ, ਦੇ ਮੈਨੇਜਰ ਮਨੀਸ਼ ਕੁਮਾਰ ਨੇ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਕੀਤੀ ਸੀ ਕਿ ਜਤਿੰਦਰ ਸਿੰਘ ਵਾਸੀ ਪਿੰਡ ਮੀਰਪੁਰ ਨੇ ਆਪਣੇ ਪਿਤਾ ਦੀ 19 ਕਨਾਲਾਂ 9 ਮਰਲੇ ਜ਼ਮੀਨ ਬੈਂਕ ਕੋਲ ਗਿਰਵੀ ਰੱਖ ਕੇ 20 ਲੱਖ ਰੁਪਏ ਕਰਜ਼ਾ ਲਿਆ ਸੀ, ਜਿਸ ਨੂੰ ਉਸਨੇ ਵਾਪਸ ਨਹੀਂ ਕੀਤਾ। ਜਾਂਚ ਵਿਚ ਪਤਾ ਲੱਗਾ ਕਿ ਜੋ ਜ਼ਮੀਨ ਬੈਂਕ ਕੋਲ ਗਿਰਵੀ ਰੱਖੀ ਹੈ, ਉਸ ’ਤੇ ਪਹਿਲਾਂ ਹੀ ਦੂਜੇ ਬੈਂਕਾਂ ਦਾ ਕਰਜ਼ਾ ਸੀ, ਜਿਸਦੀ ਜਾਂਚ ਪੁਲਸ ਦੇ ਆਰਥਿਕ ਵਿੰਗ ਵਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਉਕਤ ਵਿਅਕਤੀ ਹਲਕੇ ਦੇ ਇਕ ਪਟਵਾਰੀ ਜਿਸਦੀ ਮੌਤ ਹੋ ਚੁੱਕੀ ਹੈ, ਦੀ ਮਿਲੀਭੁਗਤ ਨਾਲ ਬੈਂਕ ਵਿਚ ਜ਼ਮੀਨ ਗਿਰਵੀ ਰੱਖ ਕੇ ਕਰਜ਼ਾ ਲੈਣ ਉਪਰੰਤ ਉਸ ’ਤੇ ਐਂਟਰੀ ਨਹੀਂ ਕਰਵਾਉਂਦਾ ਸੀ, ਜਿਸ ਤੋਂ ਬਾਅਦ ਉਹ ਫਿਰ ਤੋਂ ਉਸੇ ਜ਼ਮੀਨ ਦੀ ਫਰਦ ਲੈ ਕੇ ਕਥਿਤ ਤੌਰ ’ਤੇ ਦੂਜੇ ਬੈਂਕਾਂ ਤੋਂ ਕਰਜ਼ਾ ਲੈ ਲੈਂਦਾ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਜਤਿੰਦਰ ਸਿੰਘ ਨੇ ਇਕ ਹੀ ਜ਼ਮੀਨ ’ਤੇ 4 ਅਕਤੂਬਰ 2010 ਨੂੰ ਸਟੇਟ ਬੈਂਕ ਆਫ਼ ਇੰਡੀਆ ਸਰਹਿੰਦ ਤੋਂ 4 ਲੱਖ ਰੁਪਏ, 13 ਮਈ 2012 ਨੂੰ ਸਟੇਟ ਬੈਂਕ ਆਫ਼ ਪਟਿਆਲਾ ਬੱਸੀ ਪਠਾਣਾਂ ਤੋਂ 12 ਲੱਖ ਰੁਪਏ, 13 ਜੁਲਾਈ 2012 ਨੂੰ ਸਟੇਟ ਬੈਂਕ ਆਫ ਪਟਿਆਲਾ ਤੋਂ 20 ਲੱਖ ਰੁਪਏ, 11 ਸਤੰਬਰ 2012 ਨੂੰ ਸਟੇਟ ਬੈਂਕ ਆਫ਼ ਪਟਿਆਲਾ ਦੀ ਬ੍ਰਾਂਚ ਬਰਾਸ ਤੋਂ 22 ਲੱਖ ਰੁਪਏ, 17 ਅਕਤੂਬਰ 2012 ਨੂੰ ਇਲਾਹਾਬਾਦ ਬੈਂਕ ਦੀ ਮੋਹਾਲੀ ਸ਼ਾਖਾ ਤੋਂ 25 ਲੱਖ ਰੁਪਏ ਅਤੇ 10 ਸਤੰਬਰ 2013 ਨੂੰ ਸਟੇਟ ਬੈਂਕ ਆਫ਼ ਪਟਿਆਲਾ ਰਾਜਪੁਰਾ ਤੋਂ 20 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸਦੀ ਕੁੱਲ ਕੀਮਤ 1.03 ਕਰੋਡ਼ ਰੁਪਏ ਬਣਦੀ ਹੈ ਜਿਸ ਵਿਚੋਂ ਉਸਨੇ ਕੁਝ ਅਦਾਇਗੀ ਕਰ ਦਿੱਤੀ ਸੀ ਅਤੇ ਮੌਜੂਦਾ ਸਮੇਂ ਵਿਚ ਉਸਨੇ ਕਥਿਤ ਤੌਰ ’ਤੇ 91 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਤਿੰਦਰ ਸਿੰਘ ਅਤੇ ਉਸਦੇ ਪਿਤਾ ਤਰਨ ਸਿੰਘ ਖਿਲਾਫ ਥਾਣਾ ਸਰਹਿੰਦ ਵਿਖੇ ਆਈ. ਪੀ. ਸੀ. ਦੀ ਧਾਰਾ 420, 406, 465, 467, 468, 471, 120ਬੀ ਦੇ ਤਹਿਤ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।