ਨਾ ਕੂਡ਼ੇਦਾਨਾਂ ’ਚੋਂ ਕੂਡ਼ਾ ਉੱਠੇਗਾ, ਨਾ ਹੀ ਡੰਪਿੰਗ ਗਰਾਊਂਡ ’ਚ ਪੁੱਜਣ ਦੇਵਾਂਗੇ ਗੱਡੀਆਂ

09/18/2018 9:05:49 AM

ਚੰਡੀਗਡ਼੍ਹ, (ਰਾਏ)- ਨਿਗਮ ਦੀ ਨਵੀਂ ਨੀਤੀ ਖਿਲਾਫ ਡੋਰ-ਟੂ-ਡੋਰ ਗਾਰਬੇਜ ਕਲੈਕਸ਼ਨ ਸੁਸਾਇਟੀ ਦੀ ਇਕ ਹਫ਼ਤੇ ਤ ਆ ਰਹੀ ਹਡ਼ਤਾਲ  ਕਾਰਨ ਘਰਾਂ ’ਚੋਂ ਕੂਡ਼ਾ ਨਹੀਂ ਚੁੱਕ ਰਿਹਾ। ਮੰਗਲਵਾਰ ਨੂੰ ਇਨ੍ਹਾਂ   ਦੇ ਸਮਰਥਨ ’ਚ ਨਿਗਮ ਦੇ ਸਫਾਈ ਕਰਮਚਾਰੀ ਕੂਡ਼ਾ ਚੁੱਕਣ  ਵਾਲੀਆਂ ਗੱਡੀਆਂ ਨੂੰ ਡੰਪਿੰਗ ਗਰਾਊਂਡ ਤੱਕ ਨਹੀਂ ਪੁੱਜਣ ਦੇਣਗੇ।
ਨਿਗਮ ਦੀ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕੇ. ਕੇ. ਚੱਢਾ ਨੇ ਕਿਹਾ ਕਿ ਹਾਲਾਂਕਿ ਨਿਗਮ ਨੇ ਭਰੋਸਾ ਦਿੱਤਾ ਹੈ ਕਿ 1447 ਲੋਕਾਂ ਨੂੰ ਪੈਰੋਲ ’ਤੇ ਲੈਣਗੇ ਪਰ ਉਹ ਇਸ ਵਾਰ ਝੂਠੇ ਭਰੋਸਿਆਂ ’ਚ ਫਸਣ ਵਾਲੇ ਨਹੀਂ ਹਨ। ਇਸ ਲਈ ਉਹ ਐਲਾਨੇ ਪ੍ਰੋਗਰਾਮ ਅਨੁਸਾਰ ਅੱਜ ਤੋਂ ਨਿਗਮ ਦੇ ਰੈਗੂਲਰ ਸਫਾਈ ਕਰਮੀ ਵੀ ਪੂਰੀ ਤੇ ਅਨਿਸ਼ਚਿਤ ਕਾਲੀ ਹਡ਼ਤਾਲ ’ਤੇ ਜਾਣਗੇ। ਨਿਗਮ ਦੀਆਂ ਗੱਡੀਆਂ ਨੂੰ ਕੂਡ਼ਾ ਲੈ ਕੇ ਡੰਪਿੰਗ ਗਰਾਊਂਡ ’ਚ ਜਾਣ ਤੋਂ ਰੋਕਣ ਲਈ ਸੋਮਵਾਰ ਰਾਤ ਤੋਂ ਹੀ ਸਫਾਈ ਕਰਮੀ ਡੱਡੂਮਾਜਰਾ ਵਿਚ  ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਠੇਕੇਦਾਰਾਂ ਨੇ ਕਰਮੀਆਂ ਤੱਕ ਨਹੀਂ ਪਹੁੰਚਾਇਆ ਠੀਕ ਸੰਦੇਸ਼
ਨਿਗਮ ਨੇ ਠੇਕੇਦਾਰਾਂ ਦੀ ਮੋਨੋਪਲੀ ਤੋਡ਼ਨ ਲਈ ਕੋਸ਼ਿਸ਼ ਤਾਂ ਕੀਤੀ ਪਰ ਸਫਲਤਾ ਨਹੀਂ ਮਿਲੀ। ਨਿਗਮ ਨੇ ਵਰਤਮਾਨ ਵਿਚ ਠੇਕੇਦਾਰ ਦੇ ਮਾਧਿਅਮ ਨਾਲ ਕੂਡ਼ਾ ਚੁੱਕਣ ਦੇ ਕੰਮ ’ਚ ਜੁਟੇ 1447 (ਨਿਗਮ ’ਚ ਰਜਿਸਟਰਡ)  ਕਰਮੀਆਂ ਨੂੰ ਆਪਣੇ ਪੈਰੋਲ ’ਤੇ ਲੈ ਕੇ ਯੋਗਤਾ ਦੇ ਆਧਾਰ ’ਤੇ ਕੰਮ ਦੇਣ ਦੀ ਆਫਰ ਕੀਤੀ ਸੀ  ਪਰ ਠੇਕੇਦਾਰਾਂ ਨੇ ਕਰਮੀਆਂ ਤੱਕ ਠੀਕ ਸੰਦੇਸ਼ ਨਾ ਪੁੱਜਣ ਦਿੱਤਾ ਜਿਸ  ਤਹਿਤ ਉਹ ਲੋਕ ਹਡ਼ਤਾਲ ਵਾਪਸ ਲੈਣ ਦੇ ਮੂਡ ਵਿਚ ਨਹੀਂ ਦਿਸ ਰਹੇ।  
ਨਿਗਮ ਨੇ ਦਿੱਤਾ 12 ਤੋਂ 20 ਹਜ਼ਾਰ ਤਨਖਾਹ ਦਾ ਪ੍ਰਪੋਜ਼ਲ
ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੋਸਾਇਟੀ ਦੀ ਸੱਤ ਦਿਨਾਂ ਤੋਂ ਨਿਗਮ ਦਫ਼ਤਰ ਦੇ ਸਾਹਮਣੇ ਚੱਲ ਰਹੀ ਹਡ਼ਤਾਲ ਵਿਚ ਸੋਮਵਾਰ ਨੂੰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੌਰਭ ਮਿਸ਼ਰਾ ਪੁੱਜੇ ਤੇ ਉਨ੍ਹਾਂ ਨੇ ਹਡ਼ਤਾਲੀ ਕਰਮੀਆਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਨਿਗਮ ਤੁਹਾਨੂੰ 12 ਤੋਂ 20 ਹਜ਼ਾਰ ਦੀ ਨੌਕਰੀ ’ਤੇ ਰੱਖ ਰਿਹਾ ਹੈ। ਉਨ੍ਹਾਂ ਨੇ ਕਰਮੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨਿਗਮ ਉਨ੍ਹਾਂ ਦੀ ਨੌਕਰੀ ਨਹੀਂ ਖੋਹ ਰਿਹਾ, ਸਗੋਂ ਉਨ੍ਹਾਂ ਨੂੰ ਜ਼ਿਆਦਾ ਪੈਸਿਆਂ ਵਿਚ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀ ਫਿਰ ਵੀ 12  ਤੋਂ 20 ਹਜ਼ਾਰ ਦੀ ਨੌਕਰੀ ਨਹੀਂ ਕਰਨਾ ਚਾਹੁੰਦੇ ਤਾਂ ਉਹ ਹੱਥ ਜੋਡ਼ ਕੇ ਉਨ੍ਹਾਂ ਤੋਂ ਮੁਆਫੀ ਚਾਹੁੰਦੇ ਹਨ।
ਕਮਿਸ਼ਨਰ ਬੋਲੇ, ਭਲਾ ਚਾਹੁੰਦੇ ਹਾਂ ਕਰਮੀਆਂ ਦਾ
ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਕਿਹਾ ਕਿ ਉਹ ਤਾਂ ਗਾਰਬੇਜ ਕੁਲੈਕਟ ਕਰਨ ਵਾਲੇ ਕਰਮੀਆਂ ਦਾ ਭਲਾ ਚਾਹੁੰਦੇ ਹਨ, ਜਿਨ੍ਹਾਂ ਨੂੰ ਨਿਗਮ ਪੈਰੋਲ ’ਤੇ ਲੈ ਕੇ ਕੰਮ ਲਵੇਗਾ ਅਤੇ ਉਨ੍ਹਾਂ ਦਾ ਭਵਿੱਖ ਸੁਖਦ ਰਹੇਗਾ। ਉਨ੍ਹਾਂ ਦਾ ਪੀ. ਐੱਫ. ਕੱਟੇਗਾ ਅਤੇ ਮੈਡੀਕਲ ਸਹੂਲਤ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਨਿਰਧਾਰਿਤ ਗਿਣਤੀ ਤੋਂ ਇਲਾਵਾ ਜੇਕਰ ਹੋਰ ਕਰਮੀ ਬਚਣਗੇ ਤਾਂ ਉਨ੍ਹਾਂ ਨੂੰ ਵੀ ਅੈਡਜਸਟ ਕੀਤਾ ਜਾਵੇਗਾ।
ਰੈਗੂਲਰ ਕਰਮੀ ਹਡ਼ਤਾਲ ’ਤੇ ਗਏ ਤਾਂ ਹੋਵੇਗੀ ਸਖ਼ਤ ਕਾਰਵਾਈ
ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਆਫਰ ਤੋਂ ਬਾਅਦ ਵੀ ਜੇਕਰ ਨਗਰ ਨਿਗਮ ਦਾ ਕੋਈ ਸਥਾਈ ਕਰਮੀ ਹਡ਼ਤਾਲ ’ਤੇ ਜਾਂਦਾ ਹੈ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਨਿਗਮ ਨੇ ਪੁਲਸ ਤੋਂ ਮੰਗੀ ਮਦਦ
ਨਿਗਮ ਨੇ ਚੰਡੀਗਡ਼੍ਹ ਪੁਲਸ ਨੂੰ ਹਾਲਤ ਤੋਂ ਜਾਣੂ ਕਰਵਾਉਂਦੇ ਹੋਏ ਮਦਦ ਮੰਗੀ ਹੈ।  ਪੁਲਸ ਨੂੰ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਜੇਕਰ ਨਿਗਮ ਦੀਆਂ ਗੱਡੀਆਂ ਨੂੰ ਡੰਪਿੰਗ ਗਰਾਊਂਡ ਜਾਣ ਤੋਂ ਰੋਕਿਆ ਜਾਂਦਾ ਹੈ ਤਾਂ ਹਡ਼ਤਾਲੀ ਸਫਾਈ ਕਰਮੀਆਂ ’ਤੇ ਸਖ਼ਤ ਕਾਰਵਾਈ ਹੋਵੇ। ਦੇਰ ਰਾਤ ਹੀ ਸਫਾਈ ਕਰਮੀਆਂ ਨੇ ਡੰਪਿੰਗ ਗਰਾਊਂਡ ਕੋਲ ਡੇਰਾ ਜਮਾ ਲਿਆ ਸੀ, ਜਿਥੇ ਪੁਲਸ ਬਲ ਵੀ ਭੇਜ ਦਿੱਤਾ ਗਿਆ ਸੀ।


Related News