ਅਸਲਾ ਜਮ੍ਹਾਂ ਨਾ ਕਰਵਾਉਣ ਵਾਲੇ ਅਸਲਾ ਧਾਰਕਾਂ ਖ਼ਿਲਾਫ਼ ਕਾਰਵਾਈ ਸ਼ੁਰੂ
Saturday, Mar 30, 2024 - 01:06 PM (IST)
 
            
            ਸਾਹਨੇਵਾਲ/ਕੁਹਾੜਾ (ਜਗਰੂਪ) : ਪੰਜਾਬ ’ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਨੇ ਪਿਛਲੇ ਦਿਨੀਂ ਕਮਸ਼ਨਰੇਟ ਅਧੀਨ ਆਉਂਦੇ ਸਾਰੇ ਥਾਣਿਆਂ ਦੇ ਐੱਸ. ਐੱਚ. ਓਜ਼ ਅਤੇ ਚੌਂਕੀ ਇੰਚਾਰਜਾਂ ਨੂੰ ਤਾੜਨਾ ਕੀਤੀ ਸੀ ਕਿ ਆਪਣੇ ਏਰੀਏ ਦੇ ਸਾਰੇ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸਨ।
ਚੋਣਾਂ ਭਾਵੇਂ 1 ਜੂਨ ਹੋਣੀਆਂ ਹਨ ਪਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਸਲਾ ਧਾਰਕਾਂ ਨੂੰ ਜਲਦੀ ਅਸਲਾ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਉਧਰ ਪੁਲਸ ਕਮਿਸ਼ਨਰ ਸਾਹਿਬ ਨੇ ਸਾਫ਼-ਸਾਫ਼ ਕਿਹਾ ਕਿ ਜੇਕਰ ਕਿਸੇ ਵੀ ਏਰੀਆ ’ਚ ਕੋਈ ਅਸਲੇ ਨੂੰ ਲੈ ਕੇ ਘਟਨਾ ਵਾਪਰਦੀ ਹੈ ਤਾਂ ਉਸ ਦਾ ਸਿੱਧਾ ਏਰੀਆ ਇੰਚਾਰਜ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਹੁਣ ਇਸ ਤਾੜਨਾ ਦਾ ਅਸਰ ਲਗਭਗ ਦਿਖਣ ਲੱਗ ਗਿਆ ਹੈ, ਜਿਸ ਦੇ ਮੱਦੇਨਜ਼ਰ ਥਾਣਾ ਸਾਹਨੇਵਾਲ ਅਤੇ ਥਾਣਾ ਕੂੰਮਕਲਾਂ ਏਰੀਆ ’ਚ ਅਸਲਾ ਲਗਭਗ ਜਮ੍ਹਾਂ ਹੋ ਗਿਆ ਹੈ। ਇਸ ਸਬੰਧ ’ਚ ਥਾਣਾ ਕੂੰਮ ਕਲਾਂ ਅਤੇ ਥਾਣਾ ਸਾਹਨੇਵਾਲ ਦੇ ਐੱਸ. ਐੱਚ. ਓਜ਼ ਇੰਸ. ਗੁਰਪ੍ਰਤਾਪ ਸਿੰਘ ਅਤੇ ਇੰਸ. ਗੁਲਜਿੰਦਰਪਾਲ ਸਿੰਘ ਨੇ ਕਿਹਾ ਕਿ ਜਿਹੜੇ ਅਸਲਾ ਧਾਰਕਾਂ ਨੇ ਅਸਲਾ ਜਮ੍ਹਾਂ ਨਹੀਂ ਕਰਵਾਇਆ, ਉਨ੍ਹਾਂ ਖ਼ਿਲਾਫ਼ ਲਾਇਸੈਂਸ ਕੈਂਸਲ ਕਰਨ ਦੀਆਂ ਰਿਪੋਰਟਾਂ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            