ਫਿਰੌਤੀ ਨਾ ਦੇਣ ’ਤੇ ਹਮਲੇ, 3 ਮੁਲਜ਼ਮਾਂ ਖ਼ਿਲਾਫ ਪਰਚਾ ਦਰਜ

04/04/2024 6:15:13 PM

ਤਰਨਤਾਰਨ (ਰਮਨ ਚਾਵਲਾ) : ਬੀਤੀ ਰਾਤ ਕਸਬਾ ਖੇਮਕਰਨ ਤੋਂ ਜਗਬਾਣੀ ਦੇ ਪ੍ਰਤੀਨਿਧੀ ਗੁਰਮੇਲ ਸਿੰਘ ਕੰਡਾ ਦੀ ਦੁਕਾਨ ਉੱਪਰ ਹਥਿਆਰਾਂ ਨਾਲ ਲੈਸ ਤਿੰਨ ਵਿਅਕਤੀਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਸ਼ਰੇਆਮ ਮਾਰਕੁੱਟ ਕਰਦੇ ਹੋਏ ਜ਼ਖਮੀ ਕਰ ਦਿੱਤਾ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਮੁਲਜ਼ਮਾਂ ਖ਼ਿਲਾਫ ਥਾਣਾ ਖੇਮਕਰਨ ਦੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਹਮਲੇ ਦੀ ਮੁੱਖ ਵਜ੍ਹਾ ਮੁਲਜ਼ਮਾਂ ਵੱਲੋਂ ਮੰਗੀ ਗਈ ਫਿਰੌਤੀ ਸਬੰਧੀ 10 ਹਜ਼ਾਰ ਰੁਪਏ ਦੇਣ ਤੋਂ ਇਨਕਾਰ ਕਰਨਾ ਹੈ। ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ ਪੁੱਤਰ ਬਲਕਾਰ ਸਿੰਘ ਨਿਵਾਸੀ ਖੇਮਕਰਨ ਨੇ ਦੱਸਿਆ ਕਿ ਉਹ ਜਗਬਾਣੀ ਅਖਬਾਰ ਦਾ ਪ੍ਰਤੀਨਿਧੀ ਹੈ ਅਤੇ ਖੇਮਕਰਨ ਬਾਜ਼ਾਰ ’ਚ ਕੰਡਾ ਜਿਊਲਰ ਨਾਮਕ ਦੁਕਾਨ ਚਲਾਉਂਦਾ ਹੈ। ਗੁਰਮੇਲ ਸਿੰਘ ਨੇ ਦੱਸਿਆ ਕਿ ਬੀਤੇ ਕਰੀਬ 2 ਮਹੀਨੇ ਪਹਿਲਾਂ ਗੁਰਲਾਲ ਸਿੰਘ ਉਰਫ ਪੱਤੂ ਨੇ ਮੇਰੀ ਦੁਕਾਨ ’ਤੇ ਆ ਕੇ ਮੇਰੇ ਪਾਸੋਂ 10 ਹਜ਼ਾਰ ਦੀ ਫਿਰੌਤੀ ਮੰਗੀ ਸੀ, ਜਿਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਸੇ ਰੰਜਿਸ਼ ਦੇ ਚੱਲਦਿਆਂ ਬੀਤੀ ਰਾਤ ਕਰੀਬ 8 ਵਜੇ ਗੁਰਲਾਲ ਸਿੰਘ ਉਰਫ ਪੱਤੂ ਆਪਣੇ ਦੋ ਅਣਪਛਾਤੇ ਸਾਥੀਆਂ ਜਿਨ੍ਹਾਂ ਕੋਲ ਦਾਤਰ ਬੇਸਬਾਲ ਅਤੇ ਹੋਰ ਹਥਿਆਰ ਮੌਜੂਦ ਸਨ, ਨਾਲ ਲੈਸ ਹੋ ਕੇ ਦੁਕਾਨ ’ਚ ਦਾਖਲ ਹੋ ਗਿਆ। ਇਸ ਦੌਰਾਨ ਮੁਲਜ਼ਮਾਂ ਨੇ ਉਸ ’ਤੇ ਜਾਨਲੇਵਾ ਹਮਲਾ ਕਰਦੇ ਹੋਏ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਸਿਰ ’ਚ ਗੰਭੀਰ ਸੱਟ ਲੱਗਣ ਕਰਕੇ ਜ਼ਖਮੀ ਹੋ ਗਿਆ। ਗੁਰਮੇਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਉਸ ਦਾ ਲਾਇਸੈਂਸੀ ਪਿਸਤੌਲ ਨਾ ਦੇਣ ਦੇ ਚੱਲਦਿਆਂ ਵਾਰ ਕੀਤੇ ਗਏ ਪ੍ਰੰਤੂ ਆਸ ਪਾਸ ਦੇ ਲੋਕ ਇਕੱਠੇ ਹੋਣ ਦੌਰਾਨ ਉਹ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ। ਗੁਰਮੇਲ ਸਿੰਘ ਦਾ ਇਲਾਜ ਸਿਵਲ ਹਸਪਤਾਲ ਪੱਟੀ ਤੋਂ ਜਾਰੀ ਹੈ। ਇਸ ਵਾਰਦਾਤ ਸਬੰਧੀ ਜਿੱਥੇ ਜ਼ਿਲ੍ਹ ਭਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਨਿਖੇਧੀ ਕੀਤੀ ਗਈ ਹੈ ਉਥੇ ਹੀ ਕਸਬਾ ਖੇਮਕਰਨ ਦੇ ਬਾਜ਼ਾਰ ਵੀਰਵਾਰ ਸਵੇਰੇ ਦੋ ਘੰਟੇ ਲਈ ਬੰਦ ਰੱਖੇ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਗੁਰਮੇਲ ਸਿੰਘ ਦੇ ਬਿਆਨਾਂ ਹੇਠ ਗੁਰਲਾਲ ਸਿੰਘ ਪੱਤੂ ਪੁੱਤਰ ਲਖਵਿੰਦਰ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗੁਰਲਾਲ ਸਿੰਘ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲਾ ਦਰਜ ਹੈ।


Anuradha

Content Editor

Related News