ਸਿਹਤ ਵਿਭਾਗ ਦੀ ਟੀਮ ਵੱਲੋਂ ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ

06/19/2018 1:28:01 AM

ਕੋਟਕਪੂਰਾ,   (ਭਾਵਿਤ)-  ਸਿਹਤ ਵਿਭਾਗ  ਵੱਲੋਂ ਪੰਜਾਬ ’ਚ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ‘ਤੰਦਰੁਸਤ ਪੰਜਾਬ’ ਤਹਿਤ ਤਿੰਨ ਡਰੱਗਜ਼ ਇੰਸਪੈਕਟਰਾਂ ਦੀ ਟੀਮ ਵੱਲੋਂ ਇਕ ਵਿਸ਼ੇਸ਼ ਸਾਂਝੀ ਕਾਰਵਾਈ ਕੀਤੀ ਗਈ। ਉਕਤ ਮੁਹਿੰਮ ਨੂੰ ਇਕ ਕਦਮ ਅੱਗੇ ਵਧਾਉਂਦਿਆਂ ਪੰਜਾਬ ’ਚ ਨਸ਼ੇ ਵਰਗੇ ਕੋਹਡ਼ ਨੂੰ ਅੱਗੇ ਵਧਣ ਤੋਂ ਰੋਕਣ ਲਈ ਜੁਆਇੰਟ ਕਮਿਸ਼ਨਰ (ਡਰੱਗਜ਼) ਪ੍ਰਦੀਪ ਕੁਮਾਰ ਮੱਟੂ, ਡੀ. ਸੀ. ਫਰੀਦਕੋਟ, ਲਖਵੰਤ ਸਿੰਘ (ਜ਼ੋਨਲ ਲਾਇਸੈਂਸਿੰਗ ਅਥਾਰਟੀ ਬਠਿੰਡਾ) ਦੇ ਨਿਰਦੇਸ਼ਾਂ ’ਤੇ  ਹਰਜਿੰਦਰ ਸਿੰਘ (ਡਰੱਗਜ਼ ਇੰਸਪੈਕਟਰ ਫਰੀਦਕੋਟ), ਸੋਨੀਆ ਗੁਪਤਾ (ਡਰੱਗਜ਼ ਇੰਸਪੈਕਟਰ ਮੋਗਾ-1) ਅਤੇ ਅਮਿਤ ਬਾਂਸਲ (ਡਰੱਗਜ਼ ਇੰਸਪੈਕਟਰ ਮੋਗਾ-2) ’ਤੇ ਅਾਧਾਰਤ ਇਕ ਟੀਮ ਨੇ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੀਆਂ ਕਈ ਥਾਵਾਂ ’ਤੇ ਸਥਿਤ ਦਵਾਈਆਂ ਦੀਆਂ ਦੁਕਾਨਾਂ ’ਤੇ  ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਨੇ ਦਵਾਈਆਂ ਦੀਆਂ ਦੁਕਾਨਾਂ ’ਚ ਪਈਆਂ ਦਵਾਈਆਂ ਦਾ ਨਿਰੀਖਣ ਕੀਤਾ ਅਤੇ ਨਾਲ ਹੀ ਸੇਲ, ਪਰਚੇਜ਼  ਅਤੇ ਸਟੋਰੇਜ ਆਦਿ ਦੀ ਵੀ ਚੈਕਿੰਗ ਕੀਤੀ। ਇਸ ਛਾਪੇਮਾਰੀ ਦੌਰਾਨ ਟੀਮ ਨੂੰ ਨਸ਼ੇ ਵਜੋਂ ਵਰਤੀਆਂ ਹੋਣ ਵਾਲੀਆਂ ਦਵਾਈਆਂ ਮਿਲੀਆਂ, ਜਿਸ ਨੂੰ ਟੀਮ ਨੇ ਸੀਲ ਕੀਤਾ। 11 ਇੰਸਪੈਕਸ਼ਨਾਂ ਦੌਰਾਨ ਟੀਮ ਨੇ ਕਰੀਬ 18 ਹਜ਼ਾਰ ਰੁਪਏ ਦੀਆਂ ਨਸ਼ੇ ਵਜੋਂ ਵਰਤੋਂ ਹੋਣ ਵਾਲੀਆਂ ਦਵਾਈਆਂ ਫਡ਼ੀਆਂ। ਇਹ ਛਾਪੇਮਾਰੀ ਰਜਿੰਦਰਪਾਲ ਸਿੰਘ (ਨਾਇਬ ਤਹਿਸੀਲਦਾਰ, ਫਰੀਦਕੋਟ), ਅਨਿਲ ਸ਼ਰਮਾ (ਨਾਇਬ ਤਹਿਸੀਲਦਾਰ, ਕੋਟਕਪੂਰਾ) ਅਤੇ ਸ਼੍ਰੀਮਤੀ ਹੀਰਾਵੰਤੀ (ਨਾਇਬ ਤਹਿਸੀਲਦਾਰ, ਜੈਤੋ) ਦੀ ਮੌਜੂਦਗੀ ਵਿਚ ਹੋਈ। ਟੀਮ ਨੇ ਸ਼ੱਕ ਦੇ ਅਾਧਾਰ ’ਤੇ ਦਵਾਈਅਾਂ ਦੇ ਚਾਰ ਨਮੂਨੇ ਸੀਲ ਕਰ ਕੇ, ਕਬਜ਼ੇ ਵਿਚ ਲੈ ਕੇ ਸੈਂਪਲ ਲੈਬ ਟੈਸਟਿੰਗ ਲੈਬਾਰਟਰੀ ਭੇਜੇ। ਇਸ ਦੇ ਨਾਲ ਹੀ 3 ਦੁਕਾਨਾਂ ਤੋਂ ਹੋਰ ਪਾਬੰਦੀਸ਼ੁਦਾ ਦਵਾਈਆਂ ਵੀ ਕਬਜ਼ੇ ਵਿਚ ਲੈ ਕੇ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਹੈ। 
ਕੀ ਕਹਿੰਦੇ ਨੇ ਡਰੱਗਜ਼ ਇੰਸਪੈਕਟਰ 
ਛਾਪੇਮਾਰੀ ਦੀ ਪੁਸ਼ਟੀ ਕਰਦਿਆਂ ਡਰੱਗਜ਼ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਕਈ ਦਿਨਾਂ ਤੋਂ ਛਾਪੇਮਾਰੀ ਜਾਰੀ ਹੈ। ਮਹਿਕਮਾ ਨਸ਼ੇ ਪ੍ਰਤੀ ਸਖਤੀ ਨਾਲ ਕਾਰਵਾਈ ਕਰ ਰਿਹਾ ਹੈ। ਇਸ ਦੌਰਾਨ ਜੋ ਦਵਾਈਆਂ ਫਡ਼ੀਆਂ ਗਈਆਂ ਹਨ, ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਨ ਲਈ ਜ਼ਰੂਰੀ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। 
 


Related News