ਆਖਰਕਾਰ 4 ਸਾਲਾਂ ਬਾਅਦ ਲੱਭ ਹੀ ਗਿਆ ਲਾਪਤਾ ਜਹਾਜ਼ MH370 ਦਾ ਮਲਬਾ

03/19/2018 1:38:32 PM

ਕੁਆਲਾਲੰਪੁਰ/ਸਿਡਨੀ— ਸਾਲ 2014 'ਚ ਮਲੇਸ਼ੀਆ ਏਅਰਲਾਈਨਜ਼ ਦਾ ਲਾਪਤਾ ਐੱਮ. ਐੱਚ370 ਜਹਾਜ਼ ਦਾ ਮਲਬਾ ਆਖਰਕਾਰ ਲੱਭ ਹੀ ਗਿਆ। ਇਸ ਜਹਾਜ਼ ਦੇ ਮਲਬੇ ਨੂੰ ਆਸਟ੍ਰੇਲੀਆ ਦੇ ਇਕ ਮਕੈਨੀਕਲ ਇੰਜੀਨੀਅਰ ਨੇ ਲੱਭਿਆ ਹੈ। ਆਸਟ੍ਰੇਲੀਆਈ ਇੰਜੀਨੀਅਰ ਪੀਟਰ ਮੈਕਮੋਹਨ ਨੇ ਕਿਹਾ ਹੈ ਕਿ ਉਨ੍ਹਾਂ ਨੇ 'ਗੂਗਲ ਅਰਥ' ਦੀ ਮਦਦ ਨਾਲ ਮਲੇਸ਼ੀਆ ਏਅਰਲਾਈਨਜ਼ ਦੇ ਐੱਮ. ਐੱਚ-370 ਜਹਾਜ਼ ਦੇ ਮਲਬੇ ਨੂੰ ਲੱਭ ਲਿਆ ਹੈ। ਪੀਟਰ ਮੈਕਮੋਹਨ ਪਿਛਲੇ 25 ਸਾਲਾਂ ਤੋਂ ਜਹਾਜ਼ ਹਾਦਸਿਆਂ ਦੀ ਜਾਂਚ ਕਰਨ ਵਾਲੀ ਟੀਮ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਗੂਗਲ ਅਰਥ ਦੀ ਮਦਦ ਨਾਲ ਐੱਮ. ਐੱਚ370 ਜਹਾਜ਼ ਦੇ ਮਲਬੇ ਦਾ ਪਤਾ ਲਾਇਆ ਗਿਆ ਹੈ। 

PunjabKesari
ਪੀਟਰ ਨੇ ਦੱਸਿਆ ਕਿ ਉਨ੍ਹਾਂ ਨੇ ਗੂਗਲ ਅਰਥ ਦੀ ਮਦਦ ਨਾਲ ਜਹਾਜ਼ ਦਾ ਮਲਬਾ ਰਾਊਂਡ ਟਾਪੂ ਤੋਂ 16 ਕਿਲੋਮੀਟਰ ਦੱਖਣ 'ਚ ਲੱਭਿਆ ਹੈ। ਇਹ ਥਾਂ ਮੌਰੀਸ਼ਸ ਤੋਂ 22.5 ਕਿਲੋਮੀਟਰ ਉੱਤਰ 'ਚ ਸਥਿਤ ਹੈ। ਪੀਟਰ ਨੇ ਦੱਸਿਆ ਕਿ ਸਮੁੰਦਰ ਵਿਚ ਜਹਾਜ਼ ਦਾ ਮਲਬਾ ਲੱਭਣ ਵਾਲੀਆਂ ਜਾਂਚ ਟੀਮਾਂ ਨੇ ਇਸ ਖੇਤਰ ਵਿਚ ਸਰਚ ਆਪਰੇਸ਼ਨ ਨਹੀਂ ਚਲਾਇਆ ਸੀ। ਪੀਟਰ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਨਾਲ ਜੁੜੀਆਂ ਸਾਰੀਆਂ ਸੂਚਨਾਵਾਂ ਆਸਟ੍ਰੇਲੀਅਨ ਟਰਾਂਸਪੋਰਟ ਐਂਡ ਸੇਫਟੀ ਬਿਊਰੋ ਨੂੰ ਭੇਜ ਦਿੱਤੀਆਂ ਹਨ। ਓਧਰ ਵਿਭਾਗ ਨੇ ਵੀ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ ਕਿ ਇਹ ਐੱਮ. ਐੱਚ370 ਜਹਾਜ਼ ਦਾ ਮਲਬਾ ਹੀ ਹੈ। 

PunjabKesari
ਪੀਟਰ ਨੇ ਇਸ ਜਹਾਜ਼ ਹਾਦਸੇ ਦੀ ਜਾਂਚ ਨੂੰ ਲੈ ਕੇ ਇਕ ਵੱਡਾ ਸਵਾਲ ਖੜਾ ਕਰ ਦਿੱਤਾ ਹੈ। ਪੀਟਰ ਨੇ ਕਿਹਾ ਕਿ ਇਸ ਜਹਾਜ਼ ਹਾਦਸੇ ਦੀ ਜਾਂਚ ਲਈ 4 ਅਮਰੀਕੀ ਅਧਿਕਾਰੀਆਂ ਨੂੰ ਆਸਟ੍ਰੇਲੀਆ ਭੇਜਿਆ ਗਿਆ ਸੀ। ਸਮੁੰਦਰ ਵਿਚ ਸਰਚ ਆਪਰੇਸ਼ਨ ਦੌਰਾਨ ਇਨ੍ਹਾਂ ਅਧਿਕਾਰੀਆਂ ਨੇ ਰਾਊਂਡ ਟਾਪੂ ਖੇਤਰ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਨਾਲ ਜੁੜੀਆਂ ਸੂਚਨਾਵਾਂ ਸਰਚ ਟੀਮ ਦੇ ਹੋਰ ਮੈਂਬਰਾਂ ਅਤੇ ਆਸਟ੍ਰੇਲੀਆਈ ਸਰਕਾਰ ਤੋਂ ਲੁਕੋ ਲਈਆਂ। 

PunjabKesari
ਜ਼ਿਕਰਯੋਗ ਹੈ ਕਿ ਮਲੇਸ਼ੀਆ ਏਅਰਲਾਈਨਜ਼ ਦਾ ਜਹਾਜ਼ ਐੱਮ. ਐੱਚ-370 ਜਹਾਜ਼ 8 ਮਾਰਚ 2014 'ਚ ਲਾਪਤਾ ਹੋ ਗਿਆ ਸੀ। ਜਹਾਜ਼ ਨੇ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਾਣ ਭਰੀ ਸੀ। ਇਸ ਜਹਾਜ਼ 'ਚ 239 ਯਾਤਰੀ ਸਵਾਰ ਸਨ। ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਜਹਾਜ਼ ਲਾਪਤਾ ਹੋ ਗਿਆ ਸੀ, ਇਸ ਤੋਂ ਬਾਅਦ ਜਹਾਜ਼ ਕਿੱਥੇ ਗਿਆ ਇਸ ਬਾਰੇ ਕੁਝ ਵੀ ਪਤਾ ਨਹੀਂ ਚਲ ਸਕਿਆ। ਦੁਨੀਆ ਦੀ ਬਿਹਤਰੀਨ ਜਹਾਜ਼ ਹਾਦਸਿਆਂ ਦੀਆਂ ਟੀਮਾਂ ਵਲੋਂ ਇਸ ਜਹਾਜ਼ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਹੱਥ ਕੁਝ ਨਹੀਂ ਲੱਗਾ।


Related News