ਮਹਿਲਾ ਏਜੰਟ ਨੇ ਲੋਕਾਂ ਨਾਲ ਕੀਤੀ 10 ਕਰੋੜ ਤੋਂ ਵੱਧ ਦੀ ਠੱਗੀ

02/24/2018 5:11:55 PM

ਹੁਸ਼ਿਆਰਪੁਰ— ਇਥੋਂ ਦੇ ਉੱਪ ਡਾਕ ਘਰ ਬੀਨੇਵਾਲ 'ਚ ਨਿਯੁਕਤ ਇਕ ਮਹਿਲਾ ਏਜੰਟ ਵੱਲੋਂ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਨਾਲ ਲਗਭਗ 10 ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਕਰੀਬ 40 ਤੋਂ ਵੱਧ ਸ਼ਿਕਾਇਤਾਂ ਐੱਸ. ਐੱਸ. ਪੀ. ਦੇ ਕੋਲ ਪਹੁੰਚ ਚੁੱਕੀਆਂ ਹਨ। ਮਹਿਲਾ ਪਰਿਵਾਰ ਸਮੇਤ ਫਰਾਰ ਦੱਸੀ ਜਾ ਰਹੀ ਹੈ। ਐੱਸ. ਐੱਸ. ਪੀ ਨੇ ਚਾਰ ਅਧਿਕਾਰੀਆਂ ਦੀ ਜਾਂਚ ਟੀਮ ਬਣਾਈ ਹੈ। ਉਥੇ ਹੀ ਡਾਕ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 
ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਰਜਿੰਦਰ ਪ੍ਰਸਾਦ ਵਾਸੀ ਟੱਬਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਇਸ ਦੇ ਬਾਅਦ ਦੋਸ਼ੀ ਉੱਪ ਡਾਕ ਘਰ ਏਜੰਟ ਸੁਰਿੰਦਰ ਰਾਣੀ ਉਰਫ ਆਸ਼ਾ ਰਾਣੀ ਵਾਸੀ ਬੀਨੇਵਾਲ ਖਿਲਾਫ 18 ਲੱਖ ਦੀ ਠੱਗੀ ਦਾ ਮਾਮਲਾ ਗੜ੍ਹਸ਼ੰਕਰ ਥਾਣਾ 'ਚ 17 ਫਰਵਰੀ ਨੂੰ ਦਰਜ ਕੀਤਾ ਗਿਆ। ਇਸੇ ਕੇਸ 'ਚ ਹਿਮਾਚਲ ਦੇ ਪਿੰਡ ਬਾਥੜੀ ਦੀ ਅੰਜੂ ਦੇਵੀ ਪਤਨੀ ਵਿਨੋਦ ਕੁਮਾਰ ਨਾਲ ਕੀਤੀ ਗਈ 6 ਲੱਖ ਦੀ ਠੱਗੀ ਦੇ ਮਾਮਲੇ ਨੂੰ ਵੀ ਜੋੜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੋਰ ਸ਼ਿਕਾਇਤਾਂ ਪੁਲਸ ਦੇ ਕੋਲ ਪਹੁੰਚੀਆਂ। ਠੱਗੀ ਦੇ ਸ਼ਿਕਾਰ ਨਿਰਪਾਲ ਸਿੰਘ ਵਾਸੀ ਨੈਨਵਾਂ ਨੇ ਦੱਸਿਆ ਕਿ ਉਸ ਨੇ ਜ਼ਮੀਨ ਵੇਚ ਕੇ 19 ਲੱਖ ਉੱਪ ਡਾਕਘਰ ਬੀਨੇਵਾਲ 'ਚ ਉਕਤ ਏਜੰਟ ਨੂੰ ਜਮ੍ਹਾ ਕਰਵਾਉਣ ਲਈ ਦਿੱਤੇ ਸਨ। ਉੱਪ ਡਾਕਘਰ ਬੀਨੇਵਾਲ ਜਾ ਕੇ ਪਤਾ ਲੱਗਾ ਕਿ ਉਥੇ ਸਿਰਫ 9 ਹਜ਼ਾਰ ਹੀ ਜਮ੍ਹਾ ਹਨ। ਪਾਸ ਬੁੱਕ 'ਚ 19 ਲੱਖ ਦੀ ਐਂਟਰੀ ਹੈ। ਇਸ ਦੇ ਇਲਾਵਾ ਤਿੰਨ ਬੇਟਿਆਂ ਦੇ ਨਾਂ 'ਤੇ ਵੱਖ-ਵੱਖ ਸਾਢੇ 7-7 ਲੱਖ ਰੁਪਏ ਕਰਵਾਏ ਸਨ। 
ਕੁਝ ਇਸ ਤਰ੍ਹਾਂ ਠੱਗੀ ਮਾਰਦੀ ਸੀ ਏਜੰਟ 
ਲੋਕ ਦੋਸ਼ੀ ਏਜੰਟ ਦੇ ਕੋਲ ਪੈਸੇ ਜਮ੍ਹਾ ਕਰਵਾਉਂਦੇ ਸਨ ਤਾਂ ਉਹ ਆਪਣੀ ਦੁਕਾਨ 'ਤੇ ਹੀ ਫਾਰਮ ਜਮ੍ਹਾ ਕਰਕੇ ਪੈਸੇ ਲੈ ਲੈਂਦੀ ਸੀ ਅਤੇ ਤਿੰਨ ਦਿਨ ਬਾਅਦ ਪਾਸ ਬੁੱਕ ਲਿਜਾਣ ਲਈ ਕਹਿ ਦਿੰਦੀ ਸੀ। ਇਸ ਦੇ ਬਾਅਦ ਜਿਸ ਨੇ 10 ਲੱਖ ਦਿੱਤਾ ਉਸ ਦਾ ਡਾਕ ਘਰ 'ਚ 10 ਹਜ਼ਾਰ ਜਮ੍ਹਾ ਕਰਵਾ ਦਿੰਦੀ ਸੀ ਅਤੇ ਜਿਸ ਨੇ ਇਕ ਲੱਖ ਕਰਵਾਇਆ ਉਸ ਦਾ ਇਕ ਹਜ਼ਾਰ ਕਰਵਾ ਦਿੰਦੀ ਸੀ। ਬਾਅਦ 'ਚ ਬੁੱਕ 'ਤੇ ਬੜੀ ਸਫਾਈ ਨਾਲ ਕਟਿੰਗ ਕਰਕੇ 10 ਹਜ਼ਾਰ ਦੀ ਫਿਗਰ ਦੇ ਨਾਲ ਦੋ ਜ਼ੀਰੋ ਅਤੇ ਇਕ ਹਜ਼ਾਰ ਦੀ ਫਿਗਰ ਦੇ ਨਾਲ ਦੋ ਜ਼ੀਰੋ ਲਗਾ ਦਿੰਦੀ ਸੀ। ਇਸ ਦੇ ਇਲਾਵਾ ਜੋ ਸ਼ਬਦਾਂ 'ਚ ਲਿਖਿਆ ਹੁੰਦਾ ਸੀ ਉਸ 'ਚ ਬੜੀ ਸਫਾਈ ਨਾਲ ਕਟਿੰਗ ਕਰਕੇ 10 ਲੱਖ ਜਾਂ 1 ਇਕ ਲੱਖ ਲਿੱਖ ਦਿੰਦੀ ਸੀ।
ਉਥੇ ਹੀ ਐੱਸ. ਐੱਸ. ਪੀ. ਜੇ ਇਲਨਚੇਲੀਅਨ ਨੇ ਦੱਸਿਆ ਕਿ ਹਫਤਾ ਭਰ ਪਹਿਲਾ ਇਕ ਸ਼ਿਕਾਇਤ ਉਨ੍ਹਾਂ ਦੇ ਕੋਲ ਆਈ ਸੀ ਅਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਆਉਣ ਵਾਲੇ ਦਿਨਾਂ 'ਚ ਕਈ ਮਾਮਲੇ ਦਰਜ ਹੋਣਗੇ। ਪੂਰੇ ਮਾਮਲੇ ਦੀ ਜਾਂਚ ਲਈ ਐੱਸ. ਪੀ. ਇਨਵੈਸਟੀਗੇਸ਼ਨ, ਡੀ. ਐੱਸ. ਪੀ. ਹੈੱਕੁਆਰਟਰ, ਡੀ. ਐੱਸ. ਪੀ. ਗੜ੍ਹਸ਼ੰਕਰ ਅਤੇ ਐੱਸ. ਐੱਚ. ਓ. ਗੜ੍ਹਸ਼ੰਕਰ ਦੀ ਕਮੇਟੀ ਬਣਾਈ ਗਈ ਹੈ। ਹੁਣ ਤੱਕ 40 ਦੇ ਕਰੀਬ ਸ਼ਿਕਾਇਤਾਂ ਏਜੰਟ ਖਿਲਾਫ ਆ ਚੁੱਕੀਆਂ ਹਨ।  


Related News