ਮਹਾਰਾਸ਼ਟਰ ਦੀ ਸਿਆਸਤ ਦੇ ਦਰਮਿਆਨ ਗਡਕਰੀ ਦਾ ਬਿਆਨ- ''ਹਰ ਕਿਸੇ ਨੂੰ ਵੱਡੇ ਅਹੁਦੇ ਦੀ ਲਾਲਸਾ, ਸਾਰੇ ਦੁਖੀ''
Wednesday, Dec 04, 2024 - 03:10 AM (IST)
ਆਪਣੇ ਸਪੱਸ਼ਟਵਾਦੀ ਹੋਣ ਲਈ ਮਸ਼ਹੂਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਆਪਣੇ ਕੰਮ ਅਤੇ ਬੇਬਾਕ ਬਿਆਨਾਂ ਨੂੰ ਲੈ ਕੇ ਸਦਾ ਚਰਚਾ ’ਚ ਰਹਿੰਦੇ ਹਨ, ਜਿਸ ਦੀ ਪ੍ਰਸ਼ੰਸਾ ਉਨ੍ਹਾਂ ਦੇ ਸਾਥੀ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਕਰਦੇ ਹਨ।
ਹਾਲਾਂਕਿ ਭਾਜਪਾ ਆਗੂਆਂ ਵਲੋਂ ਮਹਾਰਾਸ਼ਟਰ ਦੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 5 ਦਸੰਬਰ ਨੂੰ ਹੋਣ ਦੀ ਗੱਲ ਕਹੀ ਗਈ ਹੈ ਅਤੇ ਉਸੇ ਅਨੁਸਾਰ ਤਿਆਰੀਆਂ ਵੀ ਜਾਰੀ ਹਨ ਪਰ ਚੋਣ ਨਤੀਜੇ ਆਉਣ ਦੇ 10 ਦਿਨ ਪਿੱਛੋਂ ਅਜੇ ਤੱਕ ਮੁੱਖ ਮੰਤਰੀ ਕੌਣ ਬਣੇਗਾ ਇਹ ਸਪੱਸ਼ਟ ਨਹੀਂ ਹੋ ਸਕਿਆ।
ਇਸ ਦਰਮਿਆਨ ਨਿਤਿਨ ਗਡਕਰੀ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ‘‘ਸਿਆਸਤ ਬੇਚੈਨ ਰੂਹਾਂ ਦਾ ਸਾਗਰ ਹੈ ਜਿੱਥੇ ਹਰ ਕੋਈ ਦੁਖੀ ਹੈ ਅਤੇ ਆਪਣੇ ਮੌਜੂਦਾ ਅਹੁਦੇ ਤੋਂ ਵੱਧ ਉੱਚੇ ਅਹੁਦੇ ਦੀ ਆਸ ਰੱਖਦਾ ਹੈ।’’
ਕੁਝ ਸਮਾਂ ਪਹਿਲਾਂ ਰਾਜਸਥਾਨ ’ਚ ਦਿੱਤੇ ਆਪਣੇ ਇਕ ਬਿਆਨ ਨੂੰ ਦੁਹਰਾਉਂਦੇ ਹੋਏ ਗਡਕਰੀ ਨੇ ਕਿਹਾ, ‘‘ਜੋ ਕੌਂਸਲਰ ਬਣਦਾ ਹੈ, ਉਹ ਇਸ ਲਈ ਦੁਖੀ ਹੁੰਦਾ ਹੈ ਕਿਉਂਕਿ ਉਸ ਨੂੰ ਵਿਧਾਇਕ ਬਣਨ ਦਾ ਮੌਕਾ ਨਹੀਂ ਮਿਲਿਆ ਅਤੇ ਵਿਧਾਇਕ ਇਸ ਲਈ ਦੁਖੀ ਹੁੰਦਾ ਹੈ ਕਿਉਂਕਿ ਉਸ ਨੂੰ ਮੰਤਰੀ ਦਾ ਅਹੁਦਾ ਨਹੀਂ ਮਿਲ ਸਕਿਆ।’’
‘‘ਜੋ ਮੰਤਰੀ ਬਣਦਾ ਹੈ ਉਹ ਇਸ ਲਈ ਦੁਖੀ ਹੁੰਦਾ ਹੈ ਕਿ ਉਸ ਨੂੰ ਚੰਗਾ ਮੰਤਰਾਲਾ ਨਹੀਂ ਮਿਲਿਆ ਅਤੇ ਉਹ ਮੁੱਖ ਮੰਤਰੀ ਨਹੀਂ ਬਣ ਸਕਿਆ ਅਤੇ ਮੁੱਖ ਮੰਤਰੀ ਇਸ ਲਈ ਤਣਾਅ ’ਚ ਰਹਿੰਦਾ ਹੈ ਕਿਉਂਕਿ ਉਸ ਨੂੰ ਨਹੀਂ ਪਤਾ ਹੁੰਦਾ ਕਿ ਕਦੋਂ ਹਾਈਕਮਾਨ ਉਸ ਨੂੰ ਆਪਣਾ ਅਹੁਦਾ ਛੱਡਣ ਲਈ ਕਹਿ ਦੇਵੇਗੀ।’’
ਨਾਗਪੁਰ ’ਚ ‘ਜੀਵਨ ਦੇ 50 ਸਵਰਨ ਨਿਯਮ’ ਨਾਂ ਦੀ ਕਿਤਾਬ ਦੇ ਰਿਲੀਜ਼ ਸਮਾਗਮ ਮੌਕੇ ਉਨ੍ਹਾਂ ਨੇ ਕਿਹਾ, ‘‘ਚਾਹੇ ਵਿਅਕਤੀ ਪਰਿਵਾਰਕ, ਸਮਾਜਿਕ, ਸਿਆਸੀ ਜਾਂ ਕਾਰਪੋਰੇਟ ਜੀਵਨ ’ਚ ਹੋਵੇ, ਜੀਵਨ ਚੁਣੌਤੀਆਂ ਅਤੇ ਮੁਸ਼ਕਲਾਂ ਨਾਲ ਭਰਿਆ ਹੈ। ਵਿਅਕਤੀ ਨੂੰ ਉਨ੍ਹਾਂ ਦਾ ਸਾਹਮਣਾ ਕਰਨ ਲਈ ‘ਜੀਵਨ ਜਿਊਣ ਦੀ ਕਲਾ’ ਸਮਝਣੀ ਚਾਹੀਦੀ ਹੈ।’’
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਿਆਸੀ ਜੀਵਨ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਇਕ ਮਿਸਾਲ ਯਾਦ ਹੈ ਜਿਸ ’ਚ ਕਿਹਾ ਗਿਆ ਹੈ ਕਿ ‘‘ਕੋਈ ਵਿਅਕਤੀ ਤਦ ਖਤਮ ਨਹੀਂ ਹੁੰਦਾ ਜਦੋਂ ਉਹ ਹਾਰ ਜਾਂਦਾ ਹੈ, ਉਹ ਤਦ ਖਤਮ ਹੁੰਦਾ ਹੈ, ਜਦੋਂ ਉਹ ਹਾਰ ਮੰਨ ਲੈਂਦਾ ਹੈ।’’
ਉਨ੍ਹਾਂ ਨੇ ਸੁਖੀ ਜੀਵਨ ਲਈ ਚੰਗੀਆਂ ਮਾਨਵੀ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ’ਤੇ ਜ਼ੋਰ ਦਿੱਤਾ ਅਤੇ ਜੀਵਨ ਜਿਊਣ ਅਤੇ ਸਫਲ ਹੋਣ ਦੇ ਆਪਣੇ ਆਦਰਸ਼ਾਂ ਅਤੇ ਨਿਯਮਾਂ ਨੂੰ ਸਾਂਝੇ ਕਰਦਿਆਂ ‘ਵਿਅਕਤੀ, ਪਾਰਟੀ ਅਤੇ ਪਾਰਟੀ ਦਰਸ਼ਨ’ ਦੇ ਮਹੱਤਵ ’ਤੇ ਵੀ ਰੌਸ਼ਨੀ ਪਾਈ।
ਗਡਕਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ਹੀ ’ਚ ਖਤਮ ਹੋਈਆਂ ਮਹਾਰਾਸ਼ਟਰ ਦੀਆਂ ਚੋਣਾਂ ’ਚ ਮਹਾਯੁਤੀ ਨੇ ਸਪੱਸ਼ਟ ਬਹੁਮਤ ਤਾਂ ਪ੍ਰਾਪਤ ਕਰ ਲਿਆ ਹੈ ਪਰ ਮੁੱਖ ਮੰਤਰੀ ਨੂੰ ਲੈ ਕੇ ਮਹਾਯੁਤੀ ’ਚ ਖਦਸ਼ੇ ਦੀ ਸਥਿਤੀ ਬਣੀ ਹੋਈ ਹੈ ਅਤੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸ਼ਿਵ ਸੈਨਾ ਅਤੇ ਭਾਜਪਾ ਆਹਮੋ-ਸਾਹਮਣੇ ਹਨ। ਭਾਜਪਾ ਚਾਹੁੰਦੀ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਉਸ ਨੂੰ ਮਿਲੇ ਕਿਉਂਕਿ ਉਸ ਨੂੰ ਵੱਧ ਸੀਟਾਂ ਮਿਲੀਆਂ ਹਨ।
ਕਈ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਦੇਵੇਂਦਰ ਫੜਨਵੀਸ ਇਕ ਵਾਰ ਫਿਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣਾਏ ਜਾ ਸਕਦੇ ਹਨ, ਜਦ ਕਿ ਕੁਝ ਲੋਕਾਂ ਦਾ ਅੰਦਾਜ਼ਾ ਹੈ ਕਿ ਭਾਜਪਾ ਲੀਡਰਸ਼ਿਪ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਮਹਾਰਾਸ਼ਟਰ ’ਚ ਵੀ ਹੈਰਾਨ ਕਰਦੇ ਹੋਏ ਕਿਸੇ ਨਵੇਂ ਚਿਹਰੇ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ।
ਹਾਲਾਂਕਿ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੋਈ ਵੀ ਬਣੇ, ਉਨ੍ਹਾਂ ਨੂੰ ਮਨਜ਼ੂਰ ਹੈ ਪਰ ਸਿਆਸੀ ਗਲਿਆਰਿਆਂ ’ਚ ਚਰਚਾ ਹੈ ਕਿ ਉਹ ਮੁੱਖ ਮੰਤਰੀ ਬਣਨ ਲਈ ਬੇਚੈਨ ਹਨ।
ਆਗੂਆਂ ਦੀ ਮੁੱਖ ਮੰਤਰੀ ਅਹੁਦੇ ਦੀ ਚਾਹਤ ’ਤੇ ਟਿੱਪਣੀ ਕਰ ਕੇ ਨਿਤਿਨ ਗਡਕਰੀ ਨੇ ਨਾ ਸਿਰਫ ਅੱਜ ਦੀ ਸਿਆਸਤ ਦਾ ਚਿਹਰਾ ਉਜਾਗਰ ਕਰ ਦਿੱਤਾ ਹੈ ਸਗੋਂ ਚਰਚਿਆਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਲੋਕ ਇਸ ਨੂੰ ਮਹਾਰਾਸ਼ਟਰ ਦੀ ਮੌਜੂਦਾ ਸਥਿਤੀ ਨਾਲ ਜੋੜ ਕੇ ਮਜ਼ਾ ਲੈ ਰਹੇ ਹਨ।
ਆਪਣੀ ਪਾਰਟੀ ਤੋਂ ਇਲਾਵਾ ਗਡਕਰੀ ਨੇ ਇਸ਼ਾਰਿਆਂ-ਇਸ਼ਾਰਿਆਂ ’ਚ ਸਿਆਸਤਦਾਨਾਂ ਨੂੰ ਉੱਚੀਆਂ-ਉੱਚੀਆਂ ਖਾਹਿਸ਼ਾਂ ਪਾਲਣ ਅਤੇ ਅਹੁਦੇ ਤੇ ਰੁਤਬੇ ਤੋਂ ਅਸੰਤੁਸ਼ਟ ਹੋਣ ਦੀ ਥਾਂ, ਆਪਣੇ ਕੰਮ ਪ੍ਰਤੀ ਇਮਾਨਦਾਰ ਹੋਣ ਦੀ ਸਲਾਹ ਦਿੱਤੀ ਹੈ ਜੋ ਲੋਕ ਸੇਵਾ ਰਾਹੀਂ ਸਫਲਤਾ ਦੀ ਨਾ ਖੁੰਝਣ ਵਾਲੀ ਪੌੜੀ ਹੈ। ਆਪਣੇ ਕੰਮ ਪ੍ਰਤੀ ਨਿਸ਼ਠਾਵਾਨ ਹੋਣਾ ਹੀ ਇਕ ਚੰਗੇ ਸਿਆਸਤਦਾਨ ਦਾ ਸਭ ਤੋਂ ਵੱਡਾ ਗੁਣ ਹੈ।
–ਵਿਜੇ ਕੁਮਾਰ