ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਓ, ਭਵਿੱਖ ਨੂੰ ਸਿਹਤਮੰਦ ਬਣਾਓ

10/06/2020 3:31:06 PM

ਬੱਚੇ ਸਾਡੇ ਪਰਿਵਾਰ ਅਤੇ ਸਮਾਜ ਦੀ ਅਨਮੋਲ ਪੂੰਜੀ ਹਨ। ਇਹ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਜੇ ਦੇਖਿਆਂ ਜਾਵੇ ਤਾਂ ਜਨਮ ਤੋਂ ਬਾਅਦ ਪਹਿਲੇ ਸਾਲ ਵਿੱਚ ਬੱਚੇ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਬੱਚੇ ਦਾ ਭਾਰ ਜਨਮ ਸਮੇਂ ਤੋਂ ਪੰਜ ਮਹੀਨੇ ਵਿੱਚ ਦੁੱਗਣਾ ਅਤੇ ਫਿਰ ਸਾਲ ਵਿੱਚ ਤਿੰਨ ਗੁਣਾ ਹੋ ਜਾਂਦਾ ਹੈ ਅਤੇ ਆਉਣ ਵਾਲੇ 5 ਸਾਲ ਵਿੱਚ ਇਹ ਪ੍ਰਤੀ ਸਾਲ 2-2.5 ਕਿਲੋ ਦੀ ਰਫ਼ਤਾਰ ਨਾਲ ਵੱਧਦਾ ਹੈ। ਇਸ ਤਰ੍ਹਾਂ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਤੇਜ਼ ਗਤੀ ਨਾਲ ਹੁੰਦਾ ਹੈ। ਇਸ ਲਈ ਬੱਚੇ ਦੇ ਪੂਰਨ ਸਰੀਰਕ ਤੇ ਮਾਨਸਿਕ ਵਿਕਾਸ ਲਈ ਉਸਦੀ ਖ਼ੁਰਾਕ ਦਾ ਪੋਸ਼ਟਿਕ ਹੋਣਾ ਬਹੁਤ ਜ਼ਰੂਰੀ ਹੈ। 

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਅੰਕੜੇ ਦਰਸਾਉਂਦੇ ਹਨ ਕਿ ਬੱਚਿਆਂ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਰੁਕਾਵਟ ਅਤੇ ਵਧੇਰੇ ਮੌਤ ਦਰ ਦਾ ਕਾਰਨ ਕੁਪੋਸ਼ਣ ਹੀ ਹੈ। ਪੰਜ ਸਾਲ ਦੀ ਉਮਰ ਤੋਂ ਘੱਟ ਬੱਚਿਆਂ ਵਿੱਚ 50 % ਮੌਤ ਦਾ ਕਾਰਨ ਕੁਪੋਸ਼ਣ ਹੀ ਹੈ। ਬੱਚਿਆਂ ਨੂੰ ਇਸ ਰੋਗ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਇਸਦੇ ਕਾਰਨ, ਲੱਛਣ, ਰੋਕਥਾਮ ਤੇ ਇਲਾਜ ਤੋਂ ਜਾਣੂ ਹੋਈਏ, ਕਿਉਂਕਿ ਬੱਚਿਆਂ ਵਿੱਚ ਕੁਪੋਸ਼ਣ ਘਟਾਉਣ ਦਾ ਮਤਲਬ ਹੈ ਭਵਿੱਖ ਨੂੰ ਸਿਹਤਮੰਦ ਬਣਾਉਣਾ।

ਕੁਪੋਸ਼ਣ :
ਬੱਚਿਆਂ ਵਿੱਚ ਪੌਸ਼ਟਿਕ ਤੱਤਾਂ ਖਾਸ ਕਰਕੇ ਪ੍ਰੋਟੀਨ ਅਤੇ ਊਰਜਾ ਦੀ ਘਾਟ ਦੇ ਕੁਝ ਸਿੱਟੇ ਲਾ ਇਲਾਜ ਹੋ ਸਕਦੇ ਹਨ। ਇਕ ਕੁਪੋਸ਼ਿਤ ਬੱਚਾ ਨਿਸ਼ਚਿਤ ਤੌਰ ’ਤੇ ਵੱਖ-ਵੱਖ ਕਮੀਆਂ ਖਾਸ ਤੌਰ ’ਤੇ ਵਿਟਾਮਿਨ-ਏ ਅਤੇ ਲੋਹੇ ਦੀ ਘਾਟ ਵਰਗੇ ਸੂਖਮ ਪੌਸ਼ਟਿਕ ਤੱਤਾਂ ਦੀਆਂ ਘਾਟਾਂ ਤੋਂ ਪੀੜਤ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

ਛੋਟੇ ਬੱਚਿਆਂ ਵਿੱਚ ਪੋਸ਼ਟਿਕ ਤੱਤਾਂ ਦੀ ਘਾਟ ਦੇ ਕੁਝ ਪ੍ਰਭਾਵ ਇਸ ਤਰ੍ਹਾਂ ਹਨ :

ਸਰੀਰਕ ਵਿਕਾਸ ਵਿੱਚ ਰੁਕਾਵਟ, ਮਾਨਸਿਕ ਵਿਕਾਸ ਦਾ ਘੱਟ ਹੋਣਾ, ਬੀਮਾਰੀ ਨਾਲ ਮੁਕਾਬਲਾ ਕਰਨ ਦੀ ਸਮੱਰਥਾ ਵਿੱਚ ਕਮੀ ਹੋਣ ਕਾਰਨ ਪਹਿਲੇ ਪੰਜ ਸਾਲ ਦੌਰਾਨ ਮੌਤ ਦਰ ਵਿੱਚ ਵਾਧਾ ਹੋਣਾ, ਉਮਰ ਦੇ ਮੁਤਾਬਿਕ ਘੱਟ ਭਾਰ ਹੋਣਾ, ਕੁਪੋਸ਼ਣ ਦੀ ਪਹਿਲੀ ਨਿਸ਼ਾਨੀ ਹੈ। ਇਸ ਲਈ ਬੱਚੇ ਦਾ ਸਮੇਂ-ਸਮੇਂ ’ਤੇ ਭਾਰ ਕਰਨਾ ਜ਼ਰੂਰੀ ਹੈ। ਪ੍ਰੋਟੀਨ-ਊਰਜਾ ਕੁਪੋਸ਼ਣ ਦੇ ਦੋ ਰੂਪ ਹਨ ਮਰਾਸਮਸ ਅਤੇ ਕਵੈਸ਼ਿਆਰਕਰ।

ੳ) ਮਰਾਸਮਸ:
ਮਰਾਸਮਸ ਜੀਵਨ ਦੇ ਪਹਿਲੇ ਸਾਲ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ। ਇਹ ਪ੍ਰੋਟੀਨ ਅਤੇ ਊਰਜਾ ਦੋਨਾਂ ਦੀ ਇੱਕਠੀ ਘਾਟ ਹੋਣ ਕਾਰਨ ਵਾਲੀ ਬੀਮਾਰੀ ਹੈ। ਉਨ੍ਹਾਂ ਬੱਚਿਆਂ ਵਿੱਚ ਆਮ ਹੁੰਦੀ ਹੈ, ਜੋ ਕਿਸੇ ਨਾ ਕਿਸੇ ਕਾਰਨ ਕਰਕੇ ਮਾਂ ਦੇ ਦੁੱਧ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਜਾਂ ਮਾਂਵਾਂ ਦੀ ਅਗਿਆਨਤਾ ਕਰਕੇ ਬੱਚੇ ਨੂੰ 7ਵੇਂ ਮਹੀਨੇ ਤੋਂ ਮਾਂ ਦੇ ਦੁੱਧ ਦੇ ਨਾਲ ਨਾਲ ਸਹਾਇਕ ਭੋਜਨ ਨਹੀਂ ਦਿੱਤੇ ਜਾਂਦੇ।

ਪੜ੍ਹੋ ਇਹ ਵੀ ਖਬਰ - Beauty Tips : ਚਮਕਦਾਰ ਚਿਹਰਾ ਪਾਉਣ ਲਈ ਹਲਦੀ ’ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਹੋਣਗੇ ਫਾਇਦੇ

ਨਿਸ਼ਾਨੀਆਂ :
ਉਮਰ ਮੁਤਾਬਿਕ ਭਾਰ ਘੱਟ ਹੋਣਾ, ਮਾਸਪੇਸ਼ੀਆਂ ਅਤੇ ਚਮੜੀ ਦੇ ਹੇਠਾਂ ਮੌਜੂਦ ਤੰਤੂਆਂ ਦਾ ਖੁਰਣਾ, ਬੱਚਾ ਹੱਡੀਆਂ ਦਾ ਪਿੰਜਰ ਦਿਖਾਈ ਦਿੰਦਾ ਹੈ, ਗੱਲ੍ਹਾਂ ਅੰਦਰ ਧੱਸ ਜਾਣ ਕਰਕੇ ਅੱਖਾਂ ਵੱਡੀਆਂ ਦਿਸਦੀਆਂ ਹਨ, ਪੇਟ ਵੱਧ ਜਾਣਾ, ਚਮੜੀ ਖੁਸ਼ਕ ਅਤੇ ਖੁਰਦਰੀ ਹੋਣਾ ਅਤੇ ਜਖਮ ਬਨਣਾ, ਦਸਤ ਲੱਗਣਾ, ਵਿਟਾਮਿਨ-ਏ ਦੀ ਘਾਟ ਅਤੇ ਖੂਨ ਦੀ ਘਾਟ (ਅਮੀਨੀਆ) ਦਾ ਹੋਣਾ।

ਅ) ਕੈਵਸ਼ਿਆਰਕਰ :
ਇਸ ਸ਼ਬਦ ਦਾ ਅਰਥ ਹੈ ਛੋਟੇ ਬੱਚੇ ਦੇ ਜਨਮ ਤੋਂ ਬਾਅਦ ਵੱਡੇ ਨੂੰ ਹੋਣ ਵਾਲੀ ਬੀਮਾਰੀ, ਪ੍ਰੋਟੀਨ ਦੀ ਕਮੀ ਤੋਂ ਹੋਣ ਵਾਲੀ ਇਹ ਬੀਮਾਰੀ 1-4 ਸਾਲ ਦੀ ਉਮਰ ਵਿੱਚ ਦੇਖੀ ਜਾਂਦੀ ਹੈ। ਇਸਦੇ ਮੁੱਖ ਕਾਰਨ ਹਨ ਮਾਂ ਦਾ ਦੁੱਧ ਛਡਾਉਣਾ, ਬੱਚਿਆਂ ਦੀ ਉਮਰ ਵਿੱਚ ਫਰਕ ਘੱਟ ਹੋਣਾ, ਪ੍ਰੋਟੀਨ ਭਰਪੂਰ ਸੋਮਿਆਂ ਬਾਰੇ ਅਗਿਆਨਤਾ, ਗਰੀਬੀ ਅਤੇ ਭੋਜਨ ਸਬੰਧੀ ਵਿਚਾਰ, ਮਾਂ ਤੇ ਕੰਮ ਦਾ ਬੋਝ ਜ਼ਿਆਦਾ ਹੋਣ ਕਰਕੇ ਬੱਚੇ ਦੀ ਚੰਗੀ ਸੰਭਾਲ ਨਾ ਕਰਨਾ ਜਾਂ ਮੁੰਡੇ ਅਤੇ ਕੁੜੀ ਵਿੱਚ ਫਰਕ ਸਮਝੇ ਜਾਣ ਕਾਰਨ ਭੋਜਨ ਦੀ ਵੰਡ ਵਿੱਚ ਭਿੰਨਤਾ ਰੱਖਣਾ।

ਨਿਸ਼ਾਨੀਆਂ :
ਸਰੀਰਕ ਵਾਧੇ ਦਾ ਰੁਕ ਜਾਣਾ, ਚਮੜੀ ਦੇ ਹੇਠਾਂ ਦੇ ਤੰਤੂਆਂ ਦਾ ਖੁਰ ਜਾਣਾ, ਬੱਚੇ ਦੀਆਂ ਬਾਹਾਂ, ਲੱਤਾਂ, ਹੱਥਾਂ ਅਤੇ ਪੈਰਾਂ ਵਿੱਚ ਪਾਣੀ ਭਰ ਜਾਣਾ, ਉਂਗਲ ਨਾਲ ਇਸ ਹਿੱਸੇ ਨੂੰ ਦਬਾਉਣ ’ਤੇ ਕੁਝ ਦੇਰ ਲਈ ਟੋਆ ਜਿਹਾ ਬਣ ਜਾਂਦਾ ਹੈ। ਮੂੰਹ ਬਿਲਕੁਲ ਗੋਲ ਹੋ ਜਾਣਾ, ਸੁੱਕੇ ਅਤੇ ਚਮਕ ਰਹਿਤ ਵਾਲ, ਵਾਲਾਂ ਦਾ ਰੰਗ ਖਰਾਬ ਹੋਣਾ ਅਤੇ ਆਸਾਨੀ ਨਾਲ ਟੁੱਟਣਾ, ਚਮੜੀ ਤੇ ਗੂੜ੍ਹੇ ਰੰਗ ਦੇ ਧੱਬੇ ਬਣ ਜਾਣਾ, ਬੱਚੇ ਦਾ ਸੁਸਤ ਅਤੇ ਚਿੜਚੜਾ ਹੋਣਾ, ਭੁੱਖ ਦਾ ਘੱਟ ਲੱਗਣਾ, ਦਸਤ ਲੱਗਣਾ, ਖੂਨ ਵਿੱਚ ਹੀਮੋਗਲੋਬੀਨ ਦੀ ਕਮੀ (ਅਨੀਮੀਆਂ), ਬੀਮਾਰੀ ਦਾ ਟਾਕਰਾ ਕਰਨ ਦੀ ਸ਼ਕਤੀ ਦਾ ਘੱਟਣਾ

ਪੜ੍ਹੋ ਇਹ ਵੀ ਖਬਰ - ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ

ਰੋਕਥਾਮ :
. ਬੱਚੇ ਨੂੰ ਜਨਮ ਦੇ ਇੱਕ ਘੰਟੇ ਅਤੇ ਉਪਰੇਸ਼ਨ ਨਾਲ ਪੈਦਾ ਹੋਣ ਤੇ 4-5 ਘੰਟੇ ਦੇ ਅੰਦਰ-ਅੰਦਰ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਬੱਚੇ ਵਿੱਚ ਮੌਤ ਦਰ ਘਟਾਉਂਦਾ ਹੈ। ਇਸ ਨਾਲ ਬੱਚੇ ਵਿੱਚ ਦੁੱਧ ਪੀਣ ਦੀ ਸਮੱਰਥਾ ਉਤੇਜਿਤ ਹੁੰਦੀ ਹੈ, ਜਿਸ ਨਾਲ ਉਸਦੀ ਦੁੱਧ ਦੀ ਖਪਤ ਵੱਧਦੀ ਹੈ।

. ਬੱਚੇ ਨੂੰ ਮਾਂ ਦਾ ਪਹਿਲਾ ਦੁੱਧ ਜਾਨੀਕਿ ਕੋਲੱਸਟਰਮ ਜ਼ਰੂਰ ਦੇਣਾ ਚਾਹੀਦਾ ਹੈ, ਕਿਉਂਕਿ ਇਹ ਤਰਲ ਪਦਾਰਥ ਵਿਟਾਮਿਨ-ਏ ਅਤੇ ਪ੍ਰੋਟੀਨ ਭਰਪੂਰ ਹੁੰਦਾ ਹੈ ਇਸ ਵਿੱਚ ਰੋਗਾਂ ਵਿਰੁੱਧ ਲੜਨ ਦੀ ਸ਼ਕਤੀ ਹੁੰਦੀ ਹੈ। 

. ਛੇ ਮਹੀਨੇ ਦੀ ਉਮਰ ਤੱਕ ਸਿਰਫ ਅਤੇ ਸਿਰਫ ਮਾਂ ਦਾ ਦੁੱਧ ਪਿਲਾਉਣਾ ਹੀ ਯਕੀਨੀ ਬਣਾਉਨਾ ਹੀ ਕੋਈ ਉਪਰਾ ਦੁੱਧ ਅਤੇ ਨਾ ਹੀ ਕੋਈ ਹੋਰ ਤਰਲ ਪਦਾਰਥ ਦੇਣ ਦੀ ਲੋੜ ਹੈ। ਇਥੋਂ ਤੱਕ ਕਿ ਪਾਣੀ ਨਹੀ ਦੇਣਾ ਚਾਹੀਦਾ। ਇਹ ਬੱਚੇ ਵਿੱਚ ਬੀਮਾਰੀਆਂ ਦਾ ਟਾਕਰਾ ਕਰਨ ਦੀ ਸ਼ਕਤੀ ਵਧਾਉਂਦਾ ਹੈ।

ਪੜ੍ਹੋ ਇਹ ਵੀ ਖਬਰ - ਹੈਰਾਨੀਜਨਕ : ਪੰਜਾਬ ''ਚ 2 ਹਫ਼ਤਿਆਂ ''ਚ ਵੇਖੀਆਂ ਗਈਆਂ ਪਰਾਲੀ ਸਾੜਨ ਦੀਆਂ 1200 ਘਟਨਾਵਾਂ

. ਛੇ ਮਹੀਨੇ ਦੀ ਉਮਰ ਤੋਂ ਬਾਅਦ ਬੱਚੇ ਨੂੰ ਮਾਂ ਦੁੱਧ ਦੇ ਨਾਲ ਨਾਲ ਸਹਾਇਕ ਖੁਰਾਕ ਦੇਣਾ ਸ਼ੁਰੂ ਕਰ ਦਿਓ ਕਿਉਂਕਿ ਬੱਚੇ ਦੀ ਉਮਰ ਦੇ ਨਾਲ ਨਾਲ ਉਸਦੀਆਂ ਖੁਰਾਕੀ ਲੋੜਾਂ ਵੱਧਦੀਆਂ ਹਨ ਜਿਸ ਨੂੰ ਸਿਰਫ਼ ਮਾਂ ਦਾ ਦੁੱਧ ਪੂਰਾ ਕਰ ਸਕਦਾ।

. ਉਮਰ ਮੁਤਾਬਿਕ ਬੱਚੇ ਦੀ ਖੁਰਾਕ ਵਧਾਉਂਦੇ ਜਾਉ। ਖੁਰਾਕ ਵਿੱਚ ਘਿਉ-ਤੇਲ ਦਾ ਇਸਤੇਮਾਲ ਯਕੀਨੀ ਬਣਾਉ। ਹਰ ਤਰ੍ਹਾਂ ਦੇ ਭੋਜਨ ਬੱਚੇ ਦੀ ਖੁਰਾਕ ਵਿੱਚ ਸ਼ਾਮਿਲ ਕਰੋ। ਹੌਲੀ-ਹੌਲੀ ਇਨ੍ਹਾਂ ਦੀ ਮਾਤਰਾ ਅਤੇ ਵਕਫਾ ਵਧਾਉਂਦੇ ਜਾਉ।

. ਬੱਚੇ ਨੂੰ ਸਾਫ਼ ਸੁਥਰਾ ਅਤੇ ਸੁਰੱਖਿਅਤ ਭੋਜਨ ਦੇਣਾ ਯਕੀਨੀ ਬਣਾਉ। ਸਾਫ਼-ਸੁਫਾਈ ਲਈ ਖਾਣਾ ਪਕਾਉਣ ਵੇਲੇ, ਖੁਆਉਣ ਵੇਲੇ ਹੱਥਾਂ ਅਤੇ ਬਰਤਨਾਂ ਦੀ ਸਫ਼ਾਈ ਵੱਲ ਖਾਸ ਧਿਆਨ ਦਿਉ।

. ਬੀਮਾਰੀ ਦੇ ਦੌਰਾਨ ਅਤੇ ਬਾਅਦ ਵਿੱਚ ਬੱਚੇ ਦੀ ਖੁਰਾਕ ਦਾ ਜਰੂਰ ਧਿਆਨ ਰੱਖੋ। ਬੀਮਾਰੀ ਵੇਲੇ ਵੀ ਮਾਂ ਦਾ ਦੁੱਧ ਦੇਣਾ ਜਾਰੀ ਰੱਖੋ ਤਾਂ ਜੋ ਬੱਚੇ ਨੂੰ ਪਾਣੀ ਅਤੇ ਪੋਸ਼ਟਿਕ ਤੱਤਾਂ ਦੀ ਘਾਟ ਤੋਂ ਬਚਾਇਆ ਜਾ ਸਕੇ।

ਬੀਮਾਰੀ ਤੋਂ ਸੁਰੱਖਿਆ ਲਈ ਬੱਚੇ ਨੂੰ ਸੂਚੀ ਅਨੁਸਾਰ ਟੀਕੇ ਲਗਵਾਉ। ਛੂਤ ਦੀ ਬੀਮਾਰੀ ਹੋਣ ਨਾਲ ਪੋਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ। ਟੀਕਿਆਂ ਦੇ ਨਾਲ ਨਾਲ ਵਿਟਾਮਿਨ-ਏ ਦੀਆਂ ਬੂੰਦਾਂ ਅਤੇ ਪੇਟ ਦੇ ਕੀੜਿਆਂ ਦੀ ਦਵਾਈ ਸਲਾਨਾ ਦੋ ਵਾਰੀ ਦਿਉ।

ਪੜ੍ਹੋ ਇਹ ਵੀ ਖਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਰਾਹ

ਖੁਰਾਕੀ ਇਲਾਜ :
ਪ੍ਰੋਟੀਨ ਊਰਜਾ ਕੁਪੋਸ਼ਣ ਦਾ ਇਲਾਜ ਪੂਰੀ ਤਰ੍ਹਾਂ ਖੁਰਾਕ ਤੇ ਨਿਰਭਰ ਕਰਦਾ ਹੈ।ਸਭ ਤੋਂ ਪਹਿਲਾਂ ਦਸਤਾਂ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ। ਬੱਚੇ ਨੂੰ ਜੀਵਣ ਰੱਖਿਅਕ ਘੋਲ ਪਿਲਾਉ। ਘਰ ਵਿੱਚ ਹੀ ਇੱਕ ਗਿਲਾਸ ਉਬਾਲ ਕੇ ਠੰਡੇ ਕੀਤੇ ਪਾਣੀ ਵਿੱਚ ਇੱਕ ਚਮਚ ਚੀਨੀ ਅਤੇ ਇੱਕ ਚੁੱਟਕੀ ਲੂਣ ਮਿਲਾ ਕੇ ਦਿਉ। ਦਸਤ ਹੋਣ ’ਤੇ ਵੀ ਮਾਂ ਨੂੰ ਆਪਣਾ ਦੁੱਧ ਪਿਲਾਉਂਦੇ ਰਹਿਣਾ ਚਾਹੀਦਾ ਹੈ। ਦਸਤਾਂ ਦੌਰਾਨ ਬੱਚੇ ਨੂੰ ਜੀਵਣ-ਰੱਖਿਅਕ ਘੋਲ ਦੇ ਨਾਲ ਨਾਲ ਡਾਕਟਰ ਵੱਲੋਂ ਦਿੱਤੀਆਂ ਜ਼ਿੰਕ ਦੀਆਂ ਗੋਲੀਆਂ ਜ਼ਰੂਰ ਦਿਉ।

ਊਰਜਾ ਦੀ ਲੋੜ ਪੂਰੀ ਕਰਨ ਲਈ ਆਸਾਨੀ ਨਾਲ ਪਚਣਸ਼ੀਲ ਕਾਰਬੋਜ ਭਰਪੂਰ ਭੋਜਨ ਦੇਣੇ ਚਾਹੀਦੇ ਹਨ। ਚਰਬੀ ਦੀ ਮਾਤਰਾ ਘੱਟ ਕਰਨੀ ਚਾਹੀਦੀ ਹੈ। ਹਾਲਤ ਵਿੱਚ ਸੁਧਾਰ ਹੋਣ ਤੇ ਪੋ੍ਰਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਇਸ ਰੋਗ ਦੇ ਲੱਛਣ ਦੂਰ ਕਰਨ ਲਈ 3-5 ਗ੍ਰਾਮ/ ਕਿਲੋਗ੍ਰਾਮ ਸਰੀਰ ਭਾਰ ਦਿਨ ਦੇ ਹਿਸਾਬ ਨਾਲ ਪ੍ਰੋਟੀਨ ਦੇਣੀ ਚਾਹੀਦੀ ਹੈ। 1-2 ਚਮਚ ਸਪਰੇਟਾ ਦੁੱਧ ਦਾ ਪਾਉਡਰ ਦਿੱਤਾ ਜਾ ਸਕਦਾ ਹੈ। ਸੋਇਆਬੀਨ ਜਾਂ ਮੂੰਗਫਲੀ ਦਾ ਦੁੱਧ ਅਤੇ ਦਹੀ ਆਦਿ ਵੀ ਦਿੱਤੇ ਜਾ ਸਕਦੇ ਹਨ।

ਹਾਲਤ ਸੁਧਾਰਣ ਤੇ ਊਰਜਾ ਦੀ ਪੂਰਤੀ ਲਈ ਚਰਬੀ ਦੀ ਕੁਝ ਮਾਤਰਾ ਦਿੱਤੀ ਜਾਣੀ ਚਾਹੀਦੀ ਹੈ। ਜਿਵੇਂ ਖਿਚੜੀ, ਸੂਜੀ ਦੀ ਖੀਰ, ਉਬਲੇ ਆਲੂ ਵਿੱਚ ਮੱਖਣ ਜਾਂ ਤੇਲ ਮਿਲਾਇਆ ਜਾ ਸਕਦਾ ਹੈ। ਊਰਜਾ ਦਾ ਸੰਘਣਾ ਸੋਮਾ ਹੋਣ ਕਾਰਨ ਇਹ ਭਾਰ ਵਧਾਉਣ ਵਿੱਚ ਮਦਦ ਕਰਦੀ ਹੈ।

ਦੁੱਧ, ਦਹੀਂ, ਲੱਸੀ, ਅੰਡੇ, ਮੱਛੀ ਅਤੇ ਪਪੀਤਾ, ਅੰਬ, ਚੀਕੂ, ਕੇਲਾ ਵਰਗੇ ਫ਼ਲ ਅਤੇ ਉਬਲੀ ਤੇ ਮਿਲੀ-ਜੁਲੀ ਹਰੀ ਪੱਤੇਦਾਰ ਸਬਜ਼ੀਆਂ, ਗਾਜ਼ਰ, ਕੱਦੂ, ਅਨਾਜ ਅਤੇ ਦਾਲ ਦਾ ਮਿਸ਼ਰਣ ਖਾਣ ਨਾਲ ਬੱਚੇ ਦੇ ਵਿਕਾਸ ਅਤੇ ਪੋਸ਼ਟਿਕ ਤੱਤਾਂ ਦੀ ਘਾਟ ਵਿੱਚ ਤੇਜ਼ੀ ਨਾਲ ਸੁਧਾਰ ਹੁੰਦਾ ਹੈ ।

ਪੱਤਰਕਾਰ - ਗੁਰਮੇਲ ਸਿੰਘ ਜ਼ੀਰਾ
ਡਾ.ਗੁਰਉਪਦੇਸ਼ ਕੌਰ ਅਤੇ ਪ੍ਰੇਰਨਾ ਕਪਿਲਾ

PunjabKesari


rajwinder kaur

Content Editor

Related News