ਕੇਜਰੀਵਾਲ ਨੇ ਜੋ ਹਾਸਲ ਕੀਤਾ ਉਹ ਚਮਤਕਾਰ ਤੋਂ ਘੱਟ ਨਹੀਂ : ਸੁਨੀਤਾ ਕੇਜਰੀਵਾਲ

Sunday, Jul 28, 2024 - 11:04 AM (IST)

ਯਮੁਨਾਨਗਰ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਇਕ ਵੀ ਸੀਟ ਨਹੀਂ ਦੇਣ ਦੀ ਅਪੀਲ ਕੀਤੀ। ਸੁਨੀਤਾ ਨੇ ਯਮੁਨਾਨਗਰ ਦੇ ਸਢੌਰਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਆਪਣੇ ਪਤੀ ਅਰਵਿੰਦ ਕੇਜਰੀਵਾਲ ਨੂੰ ਕਿਸਮਤਵਾਲਾ ਦੱਸਦੇ ਹੋਏ ਕਿਹਾ ਕਿ ਉਹ ਵੱਡੀਆਂ ਉਪਲੱਬਧੀਆਂ ਹਾਸਲ ਕਰਨ ਲਈ ਪੈਦਾ ਹੋਏ ਹਨ। ਸੁਨੀਤਾ ਨੇ ਕਿਹਾ,''ਉਨ੍ਹਾਂ ਦਾ (ਕੇਜਰੀਵਾਲ) ਜਨਮ 16 ਅਗਸਤ 1968 ਨੂੰ ਹੋਇਆ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਦਿਨ 'ਕ੍ਰਿਸ਼ਨ ਜਨਮ ਅਸ਼ਟਮੀ' ਸੀ। ਇਹ ਸਿਰਫ਼ ਸੰਯੋਗ ਨਹੀਂ ਹੋ ਸਕਦਾ। ਮੈਨੂੰ ਲੱਗਦਾ ਹੈ ਕਿ ਭਗਵਾਨ ਉਨ੍ਹਾਂ ਦੇ ਮਾਧਿਅਮ ਨਾਲ ਕੁਝ ਕਰਵਾਉਣਾ ਚਾਹੁੰਦੇ ਹਨ।''

ਉਨ੍ਹਾਂ ਕਿਹਾ ਕਿ ਭਾਜਪਾ ਵਿਕਾਸ ਬਾਰੇ ਨਹੀਂ ਸੋਚਦੀ ਅਤੇ ਸਿਰਫ਼ ਆਮ ਆਦਮੀ ਪਾਰਟੀ ਹੀ ਸੂਬੇ ਦੇ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਦੀ ਸਥਿਤੀ ਸੁਧਾਰ ਸਕਦੀ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਮੌਜੂਦਾ ਸਮੇਂ ਆਬਕਾਰੀ ਨੀਤੀ ਨਾਲ ਸੰਬੰਧਤ ਮਾਮਲੇ 'ਚ ਨਿਆਇਕ ਹਿਰਾਸਤ 'ਚ ਹਨ। ਉਹ 'ਆਪ' ਦੇ ਰਾਸ਼ਟਰੀ ਕਨਵੀਨਰ ਵੀ ਹਨ। ਉਨ੍ਹਾਂ ਕਿਹਾ,''ਤਿੰਨ ਮਹੀਨਿਆਂ 'ਚ (ਹਰਿਆਣਾ 'ਚ) ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲਣੀ ਚਾਹੀਦੀ।'' ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਤੀ ਨੂੰ ਭਾਜਪਾ ਨੇ ਫਰਜ਼ੀ ਮਾਮਲੇ 'ਚ ਜੇਲ੍ਹ 'ਚ ਸੁੱਟ ਦਿੱਤਾ ਹੈ। ਉਨ੍ਹਾਂ ਕਹਿਾ ਕਿ 1994 'ਚ ਕੇਜਰੀਵਾਲ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਕਿਹਾ,''ਕਿਸੇ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਬਣਨਗੇ।'' ਉਨ੍ਹਾਂ ਕਿਹਾ,''ਇਹ ਕੋਈ ਸਾਧਾਰਣ ਗੱਲ ਨਹੀਂ ਹੈ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।'' ਸੁਨੀਤਾ ਕੇਜਰੀਵਾਲ ਨੇ ਕਿਹਾ,''ਅਰਵਿੰਦ ਜੀ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਅਤੇ ਆਪਣੀ ਪਾਰਟੀ ਬਣਾਈ ਤੇ ਦਿੱਲੀ ਦੇ ਮੁੱਖ ਮੰਤਰੀ ਬਣੇ।'' ਉਨ੍ਹਾਂ ਕਿਹਾ,''ਅੱਜ ਪੂਰਾ ਦੇਸ਼ ਅਤੇ ਪੂਰੀ ਦੁਨੀਆ ਅਰਵਿੰਦ ਜੀ ਨੂੰ ਉਨ੍ਹਾਂ ਦੇ ਕੰਮਾਂ ਲਈ ਜਾਣਦੀ ਹੈ।'' ਸੁਨੀਤਾ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਈ ਤਾਂ ਉਨ੍ਹਾਂ ਨੂੰ ਨੌਕਰੀ, ਮੁਫ਼ਤ ਬਿਜਲੀ, 24 ਘੰਟੇ ਬਿਜਲੀ ਅਤੇ ਮੁਹੱਲਾ ਕਲੀਨਿਕ ਮਿਲਣਗੇ। ਉਨ੍ਹਾਂ ਕਿਹਾ,''ਹਰ ਔਰਤ ਨੂੰ 1,000 ਰੁਪਏ ਹਰ ਮਹੀਨੇ ਮਿਲਣਗੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News