ਸ਼ਖਸ ਨੇ ਵਿਆਹ ਦੇ ਕਾਰਡ ''ਚ ਛਪਵਾਇਆ- ''ਵੋਟ ਫਾਰ ਮੋਦੀ''
Tuesday, Feb 12, 2019 - 10:53 AM (IST)

ਹੈਦਰਾਬਾਦ— ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਚੋਣਾਂ ਦੇ ਨਾਲ-ਨਾਲ ਵਿਆਹਾਂ-ਸ਼ਾਦੀਆਂ ਦਾ ਵੀ ਸੀਜ਼ਨ ਹੈ। ਨਰਿੰਦਰ ਮੋਦੀ ਇਸ ਵਾਰ ਪ੍ਰਧਾਨ ਮੰਤਰੀ ਬਣਨਗੇ ਜਾਂ ਨਹੀਂ ਪਰ ਤੇਲੰਗਾਨਾ ਵਿਚ ਇਕ ਸ਼ਖਸ ਆਪਣੇ ਵਿਆਹ ਦੇ ਮੌਕੇ 'ਤੇ ਆਪਣੇ ਪਸੰਦੀਦਾ ਨੇਤਾ ਨਰਿੰਦਰ ਮੋਦੀ ਲਈ ਚੋਣ ਪ੍ਰਚਾਰ ਕਰ ਰਿਹਾ ਹੈ। ਸ਼ਖਸ ਨੇ ਆਪਣੇ ਵਿਆਹ ਦੇ ਕਾਰਡ 'ਚ ਬਕਾਇਦਾ ਛਪਵਾਇਆ ਹੈ- ਸਾਡਾ ਗਿਫਟ ਲੋਕ ਸਭਾ ਚੋਣਾਂ 2019 ਵਿਚ ਨਰਿੰਦਰ ਮੋਦੀ ਲਈ ਤੁਹਾਡਾ ਵੋਟ ਹੋਵੇਗਾ। ਤੇਲੰਗਾਨਾ ਜਨਰਲ ਕਾਰਪੋਰੇਸ਼ਨ ਵਿਚ ਅਸਿਸਟੈਂਟ ਇੰਜੀਨੀਅਰ ਦੇ ਅਹੁਦੇ 'ਤੇ ਤਾਇਨਾਤ ਵਰਕਰ ਮੁਕੇਸ਼ ਪਾਂਡੇ ਦੀ ਇਸ ਪਹਿਲ ਦੀ ਲੋਕ ਤਰੀਫ ਕਰ ਰਹੇ ਹਨ ਅਤੇ ਕੁਝ ਉਨ੍ਹਾਂ ਦੀ ਆਲੋਚਨਾ ਵੀ ਕਰ ਰਹੇ ਹਨ।
ਮੁਕੇਸ਼ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਕਈ ਲੋਕ ਮੋਦੀ ਜੀ ਦਾ ਵਿਰੋਧ ਕਰਦੇ ਹਨ ਪਰ ਮੈਂ ਉਨ੍ਹਾਂ ਦਾ ਫੈਨ ਹਾਂ। ਮੈਂ ਉਨ੍ਹਾਂ ਦੇ ਸਵੱਛ ਭਾਰਤ ਮੁਹਿੰਮ ਨੂੰ ਸਪਰੋਟ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ, ਉਨ੍ਹਾਂ ਨੂੰ ਮੋਦੀ ਭਗਤ ਬੁਲਾਏ ਜਾਣ 'ਤੇ ਖੁਸ਼ੀ ਮਹਿਸੂਸ ਹੁੰਦੀ ਹੈ। 21 ਫਰਵਰੀ ਨੂੰ ਮੁਕੇਸ਼ ਦਾ ਵਿਆਹ ਹੈ। ਮੁਕੇਸ਼ ਨੂੰ ਉਨ੍ਹਾਂ ਦੇ ਇਸ ਵਿਚਾਰ ਲਈ ਘਰ 'ਚ ਵੀ ਵਿਰੋਧ ਝੱਲਣਾ ਪਿਆ। ਉਨ੍ਹਾਂ ਦੱਸਿਆ ਕਿ ਵਿਆਹ ਦੇ ਕਾਰਡ 'ਤੇ ਅਜਿਹਾ ਛਪਵਾਉਣ ਲਈ ਮੈਂ ਆਪਣੇ ਘਰਦਿਆਂ ਨੂੰ ਮਨਾਇਆ। ਦੱਸਣਯੋਗ ਹੈ ਕਿ ਵਿਆਹ ਦੇ ਕਾਰਡ 'ਤੇ ਭਾਜਪਾ ਲਈ ਵੋਟ ਮੰਗਣ ਦਾ ਟਰੈਂਡ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਧ ਰਿਹਾ ਹੈ। ਮੁਕੇਸ਼ ਹੀ ਨਹੀਂ ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ਵਿਚ ਗੁਜਰਾਤ ਦੇ ਸੂਰਤ ਵਿਚ ਵੀ ਇਕ ਜੋੜੇ ਨੇ ਆਪਣੇ ਵਿਆਹ ਦੇ ਕਾਰਡ ਵਿਚ ਭਾਜਪਾ ਲਈ ਵੋਟਾਂ ਮੰਗੀਆਂ ਸਨ।