70 ਸਾਲ ਬਾਅਦ ਫਿਰ ਸ਼ੁਰੂ ਹੋਵੇਗੀ ਚਾਰਧਾਮ ਦੀ ਛੜੀ ਯਾਤਰਾ

10/11/2019 5:56:51 PM

ਹਰਿਦੁਆਰ— ਉਤਰਾਖੰਡ ਦੇ ਹਰਿਦੁਆਰ 'ਚ 2021 ਲਈ ਜਿੱਥੇ ਮੇਲਾ ਪ੍ਰਸ਼ਾਸਨ ਤਿਆਰੀਆਂ 'ਚ ਲੱਗਾ ਹੈ, ਉੱਥੇ ਹੀ ਅਖਾੜਿਆਂ ਨੇ ਵੀ ਮਹਾਕੁੰਭ ਨੂੰ ਲੈ ਕੇ ਹੁਣ ਤੋਂ ਮੇਲਾ ਪ੍ਰਸ਼ਾਸਨ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹਰਿਦੁਆਰ 'ਚ 13 ਅਖਾੜਿਆਂ ਦੇ ਸੰਤਾਂ ਨੇ ਜੂਨਾ ਅਖਾੜਾ ਤੋਂ ਚਾਰਧਾਮ ਯਾਤਰਾ ਲਈ ਜਾਣ ਵਾਲੀ ਦਸ਼ਨਾਮੀ ਛੜੀ ਨੂੰ ਸ਼ੁੱਕਰਵਾਰ ਨੂੰ ਹਰਿ ਕੀ ਪੌੜੀ 'ਤੇ ਪੂਜਾ ਕਰਨ ਤੋਂ ਬਾਅਦ ਆਸ਼ਰਮ ਲਈ ਰਵਾਨਾ ਕੀਤਾ। ਇਹ ਚਾਰਧਾਮ ਛੜੀ ਯਾਤਰਾ 70 ਸਾਲ ਬਾਅਦ ਫਿਰ ਤੋਂ ਸ਼ੁਰੂ ਹੋਵੇਗੀ। ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਨਰੇਂਦਰ ਗਿਰੀ ਮਹਾਰਾਜ ਦੀ ਪ੍ਰਧਾਨਗੀ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਛੜੀ ਯਾਤਰਾ ਹਰਿ ਕੀ ਪੌੜੀ ਪਹੁੰਚੀ। ਹਰਿ ਕੀ ਪੌੜੀ ਗੰਗਾ ਕਿਨਾਰੇ 'ਤੇ ਛੜੀ ਯਾਤਰਾ ਦੀ ਪੂਜਾ ਕੀਤੀ ਗਈ।

70 ਸਾਲਾਂ ਤੋਂ ਬੰਦ ਸੀ ਇਹ ਛੜੀ ਯਾਤਰਾ
ਅਖਾੜੇ ਪ੍ਰੀਸ਼ਦ ਦੇ ਪ੍ਰਧਾਨ ਨੇ ਦੱਸਿਆ ਕਿ ਲਗਭਗ ਪਿਛਲੇ 70 ਸਾਲਾਂ ਤੋਂ ਇਹ ਛੜੀ ਯਾਤਰਾ ਬੰਦ ਸੀ। ਇਸ ਵਾਰ 2021 'ਚ ਲੱਗਣ ਵਾਲੇ ਮਹਾਕੁੰਭ 'ਚ ਛੜੀ ਯਾਤਰਾ ਦੀ ਫਿਰ ਤੋਂ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿ ਕੀ ਪੌੜੀ 'ਤੇ ਮਾਂ ਗੰਗਾ ਦਾ ਆਸ਼ੀਰਵਾਦ ਪ੍ਰਾਪਤ ਕਰ ਕੇ ਹੀ ਛੜੀ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਛੜੀ ਯਾਤਰਾ ਕੱਢਣ ਦਾ ਮੁੱਖ ਮਕਸਦ ਹੈ ਕਿ ਮਹਾਕੁੰਭ ਨੂੰ ਸੁਰੱਖਿਅਤ ਸੰਪੰਨ ਕੀਤਾ ਜਾਵੇ। ਅਖਾੜੇ ਪ੍ਰੀਸ਼ਦ ਦੇ ਮਹਾਮੰਤਰੀ ਹਰੀ ਗਿਰੀ ਮਹਾਰਾਜ ਨੇ ਦੱਸਿਆ ਕਿ ਇਹ ਯਾਤਰਾ ਲੰਬੇ ਸਮੇਂ ਤੋਂ ਬੰਦ ਸੀ, ਜਿਸ ਨੂੰ ਇਸ ਸਾਲ ਤੋਂ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਹੁਣ ਇਹ ਹਰਿਦੁਆਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਪਹਿਲਾਂ ਇਹ ਬਾਗੇਸ਼ਵਰ ਤੋਂ ਚੱਲਦੀ ਸੀ।

ਇਹ ਯਾਤਰਾ 1100 ਸਾਲ ਪੁਰਾਣੀ ਹੈ
ਇਹ ਯਾਤਰਾ ਕਰੀਬ 1100 ਸਾਲ ਪੁਰਾਣੀ ਹੈ ਅਤੇ ਇਸ ਦਾ ਮਕਸਦ ਅਜਿਹੇ ਲੋਕਾਂ ਨੂੰ ਯਾਤਰਾ ਕਰਵਾਉਣਾ ਰਿਹਾ ਹੈ, ਜੋ ਯਾਤਰਾ ਤਾਂ ਕਰਨਾ ਚਾਹੁੰਦੇ ਸਨ ਪਰ ਗਰੀਬੀ ਕਾਰਨ ਯਾਤਰਾ ਨਹੀਂ ਕਰ ਪਾਉਂਦੇ। ਅਜਿਹੇ ਲੋਕਾਂ ਨੂੰ ਛੜੀ ਯਾਤਰਾ 'ਚ ਮੁਫ਼ਤ ਯਾਤਰਾ ਕਰਵਾਈ ਜਾਂਦੀ ਸੀ। ਹਰਿਦੁਆਰ ਤੋਂ ਇਸ ਯਾਤਰਾ ਦੇ ਮਾਧਿਅਮ ਨਾਲ ਹੁਣ ਮੁਫ਼ਤ ਚਾਰਧਾਮ ਯਾਤਰਾ ਕਰਵਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇੱਥੇ ਪੂਜਨ ਕਰਨ ਤੋਂ ਬਾਅਦ ਪਵਿੱਤਰ ਛੜੀ ਨੂੰ ਜੂਨਾ ਅਖਾੜਾ ਮਾਇਆ ਦੇਵੀ ਮੰਦਰ 'ਚ ਲਿਜਾਇਆ ਜਾਵੇਗਾ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਰਾਜ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਛੜੀ ਦੀ ਪੂਜਾ ਕਰ ਕੇ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ ਇਹ ਯਾਤਰਾ ਉਤਰਾਖੰਡ ਦੇ ਚਾਰੇ ਧਾਮਾਂ 'ਤੇ ਜਾਵੇਗੀ।

ਵੱਡੀ ਗਿਣਤੀ 'ਚ ਤਾਇਨਾਤ ਕੀਤੀ ਜਾਵੇਗੀ ਪੁਲਸ ਫੋਰਸ
ਇਸ ਮੌਕੇ ਮਹਾਕੁੰਭ 2021 ਦੇ ਸੀਨੀਅਰ ਪੁਲਸ ਅਧਿਕਾਰੀ ਸੰਜੇ ਗੁਜਿਆਲ ਵੀ ਮੌਜੂਦ ਰਹੇ। ਉਨ੍ਹਾਂ ਨੇ ਵੀ ਭਗਵਾਨ ਦੇ ਸਾਹਮਣੇ ਕੁੰਭ 2021 ਨੂੰ ਸਫ਼ਲ ਬਣਾਉਣ ਲਈ ਪੂਜਾ ਕੀਤੀ। ਗੁਜਿਆਲ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਸਾਲ 2021 'ਚ ਲੱਗਣ ਵਾਲੇ ਕੁੰਭ 'ਚ ਇਸ ਵਾਰ ਸਖਤ ਸੁਰੱਖਿਆ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪੂਰੇ ਮੇਲਾ ਖੇਤਰ 'ਚ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕੀਤੀ ਜਾਵੇਗੀ। ਮੇਲੇ 'ਚ ਹੋਣ ਵਾਲੇ ਸ਼ਾਹੀ ਇਸ਼ਨਾਨ ਦੇ ਸਮੇਂ ਕਈ ਜਗ੍ਹਾ ਮਾਰਗ ਨੂੰ ਬਦਲਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਜਿਸ 'ਚ ਇਸ਼ਨਾਨ ਕਰਨ ਵਾਲੇ ਸੰਤਾਂ ਨੂੰ ਸੁਰੱਖਿਅਤ ਹਰਿ ਕੀ ਪੌੜੀ 'ਤੇ ਇਸ਼ਨਾਨ ਕਰਵਾਇਆ ਜਾਵੇਗਾ ਅਤੇ ਨਾਲ ਹੀ ਅਜਿਹੀ ਯੋਜਨਾ ਬਣਾਈ ਜਾਵੇਗੀ, ਜਿਸ 'ਚ ਆਮ ਜਨਤਾ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


DIsha

Content Editor

Related News