ਹੁਣ AI ਨਾਲ ਹੋਵੇਗੀ ਪੇਟ ਦੀ CT ਸਕੈਨ ! ਪੰਜਾਬੀ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਨੇ ਕੀਤੀ ਵੱਡੀ ਖੋਜ

Monday, Jan 26, 2026 - 04:28 PM (IST)

ਹੁਣ AI ਨਾਲ ਹੋਵੇਗੀ ਪੇਟ ਦੀ CT ਸਕੈਨ ! ਪੰਜਾਬੀ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਨੇ ਕੀਤੀ ਵੱਡੀ ਖੋਜ

ਪਟਿਆਲਾ (ਮਨਦੀਪ ਜੋਸਨ)- ਪੰਜਾਬੀ ਯੂਨੀਵਰਸਿਟੀ ਵਿਖੇ ਇਕ ਤਾਜ਼ਾ ਖੋਜ ਰਾਹੀਂ ਉੱਚ-ਗੁਣਵੱਤਾ ਵਾਲੀ ਅਜਿਹੀ ਮੈਡੀਕਲ ਇਮੇਜਿੰਗ ਤਕਨੀਕ ਵਿਕਸਿਤ ਕੀਤੀ ਗਈ ਹੈ, ਜੋ ਮਨੁੱਖੀ ਅੰਗਾਂ ਦੀ ਪਛਾਣ ਕਰਨ ਦੀ ਸ਼ੁੱਧਤਾ ’ਚ ਅਹਿਮ ਸੁਧਾਰ ਕਰ ਸਕਦੀ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਡਾ. ਨਵਜੋਤ ਕੌਰ ਅਤੇ ਡਾ. ਨਿਰਵੈਰ ਨੀਰੂ ਦੀ ਅਗਵਾਈ ਹੇਠ ਖੋਜਾਰਥੀ ਡਾ. ਹਰਿੰਦਰ ਕੌਰ ਵੱਲੋਂ ਕੀਤੀ ਗਈ ਇਹ ਖੋਜ ‘ਪੇਟ ਦੇ ਸੀ. ਟੀ. ਸਕੈਨ ਚਿੱਤਰਾਂ ਰਾਹੀਂ ਇਕ ਤੋਂ ਵਧੇਰੇ ਅੰਗਾਂ ਦੀ ਪਛਾਣ ਨਾਲ ਸਬੰਧਤ ਹੈ। ਇਹ ਤਕਨੀਕ ਗੁੰਝਲਦਾਰ ਕਿਸਮ ਦੇ ਸੀ. ਟੀ. ਸਕੈਨਾਂ ’ਚ ਅੰਗਾਂ ਦੀਆਂ ਸੀਮਾਵਾਂ ਦੀ ਸਪੱਸ਼ਟ ਪਛਾਣ ਕਰਨ ਵੇਲੇ ਪੈਦਾ ਹੁੰਦੀ ਚੁਣੌਤੀ ਦਾ ਹੱਲ ਕਰਦੀ ਹੈ।

ਇਹ ਵੀ ਪੜ੍ਹੋ-  PUNJAB ਦੇ ਸਾਰੇ ਸਕੂਲਾਂ ‘ਚ ਭਲਕੇ ਛੁੱਟੀ ਦਾ ਐਲਾਨ

ਖੋਜਾਰਥੀ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਇਹ ਖੋਜ ਇਕ ਨਵੀਂ ਦੋ-ਪੜ੍ਹਾਵੀ ਵਿਧੀ ਪੇਸ਼ ਕਰਦੀ ਹੈ, ਜੋ ਇਸ ਖੇਤਰ ’ਚ ਪਹਿਲਾਂ ਉਪਲੱਬਧ ਕਈ ‘ਡੀਪ-ਲਰਨਿੰਗ’ ਮਾਡਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੀ ਹੈ। ਇਸ ਤਕਨੀਕ ਦਾ ਪਹਿਲਾ ਪੜਾਅ ਅੰਗਾਂ (ਜਿਵੇਂ ਜਿਗਰ, ਐਓਰਟਾ ਅਤੇ ਤਿੱਲੀ) ਦੇ ਨਾਜ਼ੁਕ ਆਕਾਰ ਅਤੇ ਸੀਮਾਵਾਂ ਨੂੰ ਸੁਰੱਖਿਅਤ ਰੱਖਦਿਆਂ ਸਬੰਧਤ ਚਿੱਤਰ ਦੇ ਕੰਟਰਾਸਟ ਨੂੰ ਕਾਫ਼ੀ ਵਧਾਉਂਦਾ ਹੈ। ਇਸ ਵਿਚ ‘ਵੇਟਿਡ ਗ੍ਰੇ ਵੁਲਫ ਓਪਟੀਮਾਈਜੇਸ਼ਨ’ (ਜੀ. ਡਬਲਿਊ. ਓ.) ਐਲਗੋਰਿਦਮ ਦੀ ਵਰਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, ਪੜ੍ਹੋ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ

ਦੂਜੇ ਪੜਾਅ ਵਿਚ ‘ਐਕਸ-ਡੈਂਸਨੈੱਟ’ ਆਰਕੀਟੈਕਚਰ ਦੀ ਵਰਤੋਂ ਕੀਤੀ ਗਈ ਹੈ, ਜੋ ਸਿਸਟਮ ਨੂੰ ਅੰਗਾਂ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਨੂੰ ਸਮਝਣ ’ਚ ਮਦਦ ਕਰਦਾ ਹੈ, ਜਿਸ ਨਾਲ ਬਹੁਤ ਸਹੀ ਅਤੇ ਬਿਹਤਰ ਨਤੀਜੇ ਸਾਹਮਣੇ ਆਉਂਦੇ ਹਨ। ਡਾ. ਨਵਜੋਤ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਿਆਰੀ ਡੇਟਾਸੈੱਟਸ (ਫਲੇਅਰ 22 ਅਤੇ ਬੀ. ਟੀ. ਸੀ. ਵੀ.) ਦੇ ਮੁਕਾਬਲੇ ਇਸ ਤਕਨੀਕ ਨੇ ਸ਼ਾਨਦਾਰ ਨਤੀਜੇ ਦਿਖਾਏ ਹਨ। ਐਓਰਟਾ ਦੀ ਪਛਾਣ ’ਚ ਇਸ ਨੇ 0.9938 ਦਾ ਸਕੋਰ ਪ੍ਰਾਪਤ ਕੀਤਾ, ਜੋ ਕਿ ਮੌਜੂਦਾ ‘ਡਿਫਿਊਜ਼ਨ ਮਾਡਲ’ ਤੋਂ ਵੀ ਕਿਤੇ ਵੱਧ ਹੈ। ਤਿੱਲੀ ਦੀ ਪਛਾਣ ਵਿਚ ਵੀ 0.9833 ਦਾ ਉੱਚ ਸਕੋਰ ਹਾਸਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ

ਡਾ. ਨਿਰਵੈਰ ਨੀਰੂ ਨੇ ਦੱਸਿਆ ਕਿ ਇਸ ਖੋਜ ਨੂੰ ਪਹਿਲਾਂ ਹੀ ਅੰਤਰਰਾਸ਼ਟਰੀ ਮਾਨਤਾ ਮਿਲ ਚੁੱਕੀ ਹੈ। ਇਹ ਖੋਜ ਕਾਰਜ ਉੱਚ-ਮਿਆਰ ਵਾਲੇ ਜਰਨਲ ‘ਡਿਸਪਲੇਅਜ਼’ (ਐਲਸਵੀਅਰ, ਐੱਸ. ਸੀ. ਆਈ.-ਇੰਡੈਕਸਡ), ਸਕੋਪਸ-ਇੰਡੈਕਸਡ ਜਨਰਲ ਅਤੇ ਕਈ ਆਈ. ਈ. ਈ. ਈ. ਕਾਨਫਰੰਸਾਂ ’ਚ ਪ੍ਰਕਾਸ਼ਿਤ ਹੋ ਚੁੱਕਾ ਹੈ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮੈਡੀਕਲ ਏ. ਆਈ. ਦੇ ਖੇਤਰ ’ਚ ਪਾਏ ਇਸ ਯੋਗਦਾਨ ਲਈ ਖੋਜ ਟੀਮ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਖੋਜਾਰਥੀ ਯੂਨੀਵਰਸਿਟੀ ਨੂੰ ਮੈਡੀਕਲ ਇਮੇਜਿੰਗ ਇਨੋਵੇਸ਼ਨ ਜਿਹੇ ਖੇਤਰਾਂ ’ਚ ਵੀ ਅੱਗੇ ਲਿਆ ਰਹੇ ਹਨ। ਪੰਜਾਬੀ ਯੂਨੀਵਰਸਿਟੀ ਅਜਿਹੀਆਂ ਖੋਜ ਲਈ ਵਚਨਬੱਧ ਹੈ, ਜੋ ਅਸਲ ਜ਼ਿੰਦਗੀ ’ਚ ਅਸਰਅੰਦਾਜ਼ ਹੋਣ। ਉਨ੍ਹਾਂ ਕਿਹਾ ਕਿ ਇਹ ਤਕਨੀਕ ਰੇਡੀਓਲੋਜਿਸਟਾਂ ਨੂੰ ਤੇਜ਼ੀ ਨਾਲ ਅਤੇ ਜਾਨ ਬਚਾਉਣ ਵਾਲੇ ਫੈਸਲੇ ਲੈਣ ’ਚ ਸਹਾਇਤਾ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News