ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਵਾਲੀ ਬੱਸ ਨਾਲ ਵਾਪਰ ਗਿਆ ਵੱਡਾ ਹਾਦਸਾ
Tuesday, Jan 27, 2026 - 06:15 PM (IST)
ਬਰਨਾਲਾ : ਬਠਿੰਡਾ-ਚੰਡੀਗੜ੍ਹ ਹਾਈਵੇਅ 'ਤੇ ਜੀ-ਮਾਲ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਅਤੇ ਪਾਣੀ ਦੀਆਂ ਬੋਤਲਾਂ ਨਾਲ ਲੱਦੇ ਈ-ਰਿਕਸ਼ਾ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਬੱਸ ਸਵਾਰ ਸ਼ਰਧਾਲੂ ਤਾਂ ਵਾਲ-ਵਾਲ ਬਚ ਗਏ ਪਰ ਆਟੋ ਚਾਲਕ ਮੋਹਿਤ ਬਾਂਸਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੀੜਤ ਮੋਹਿਤ ਬਾਂਸਲ ਨੇ ਦੱਸਿਆ ਕਿ ਉਹ ਬਰਨਾਲਾ ਤੋਂ ਪੈਲੇਸ ਵੱਲ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਪਿੱਛੇ ਤੋਂ ਦੋ ਬੱਸਾਂ ਬਹੁਤ ਤੇਜ਼ ਰਫ਼ਤਾਰ ਆ ਰਹੀਆਂ ਸਨ। ਜਦੋਂ ਬੱਸ ਚਾਲਕ ਨੇ ਇਕ ਵੱਡੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਨਾਰੇ ਖੜ੍ਹੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਚਾਲਕ ਆਟੋ ਸਮੇਤ ਲਗਭਗ ਅੱਧਾ ਕਿਲੋਮੀਟਰ ਤੱਕ ਬੱਸ ਨਾਲ ਘੜੀਸਦਾ ਚਲਾ ਗਿਆ। ਹਾਦਸੇ ਵਿਚ ਈ-ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਪੀੜਤ ਦੀ ਮਾਂ ਮੋਨਿਕਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਇਹ ਆਟੋ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਸੀ। ਪੀੜਤ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਅਜੇ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕਾਂਗਰਸ ਨਾਲ ਸਬੰਧਤ ਸਾਬਕਾ ਮਹਿਲਾ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ
ਸਿਟੀ 2 ਦੇ ਐੱਸ.ਐੱਚ.ਓ. ਚਰਨਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਬੱਸ ਧੂਰੀ ਤੋਂ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਆਟੋ ਪੂਰੀ ਤਰ੍ਹਾਂ ਡੈਮੇਜ ਹੋ ਗਿਆ ਹੈ ਅਤੇ ਬੱਸ ਦੇ ਸ਼ੀਸ਼ੇ ਵੀ ਟੁੱਟ ਗਏ ਹਨ। ਫਿਲਹਾਲ ਦੋਵੇਂ ਧਿਰਾਂ ਵਿਚਕਾਰ ਆਪਸੀ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਹੈ। ਪੁਲਸ ਅਨੁਸਾਰ ਜੇਕਰ ਕੋਈ ਪੱਖ ਬਿਆਨ ਦਰਜ ਕਰਵਾਉਂਦਾ ਹੈ ਤਾਂ ਉਸ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
