PGI ''ਚ ਕੋਵਿਡ ਵਰਗੀ ਮਹਾਂਮਾਰੀ ਨਾਲ ਨਜਿੱਠਣ ਦੀ ਤਿਆਰੀ! ਪ੍ਰਾਜੈਕਟ ''ਤੇ ਸ਼ੁਰੂ ਹੋਇਆ ਕੰਮ

Monday, Feb 02, 2026 - 11:04 AM (IST)

PGI ''ਚ ਕੋਵਿਡ ਵਰਗੀ ਮਹਾਂਮਾਰੀ ਨਾਲ ਨਜਿੱਠਣ ਦੀ ਤਿਆਰੀ! ਪ੍ਰਾਜੈਕਟ ''ਤੇ ਸ਼ੁਰੂ ਹੋਇਆ ਕੰਮ

ਚੰਡੀਗੜ੍ਹ (ਪਾਲ) : ਆਉਣ ਵਾਲੇ ਸਮੇਂ ’ਚ ਪੀ. ਜੀ. ਆਈ. ’ਚ ਕੋਵਿਡ ਵਰਗੀ ਮਹਾਂਮਾਰੀ ਅਤੇ ਹੋਰ ਬਹੁਤ ਸਾਰੀਆਂ ਲਾਗ ਦੀਆਂ ਬੀਮਾਰੀਆਂ ਦਾ ਇਲਾਜ ਇਕ ਛੱਤ ਹੇਠ ਹੋ ਸਕੇਗਾ। ਪੀ. ਜੀ. ਆਈ. ਦੇ ਅਹਿਮ ਪ੍ਰਾਜੈਕਟ ’ਚ ਸ਼ਾਮਲ ਕ੍ਰਿਟੀਕਲ ਕੇਅਰ ਬਲਾਕ ਬਣਨ ਲਈ ਰਸਤਾ ਸਾਫ਼ ਹੋ ਗਿਆ ਹੈ। ਪੀ. ਜੀ. ਆਈ. ਦੇ ਡਿਪਟੀ ਡਾਇਰੈਕਟਰ ਪੰਕਜ ਰਾਏ ਮੁਤਾਬਕ ਵਾਤਾਵਰਣ ਪ੍ਰਵਾਨਗੀ ਮਿਲ ਗਈ ਹੈ ਤਾਂ ਕੰਮ ਐੱਚ. ਐੱਸ. ਸੀ. ਸੀ. ਨੂੰ ਦੇ ਦਿੱਤਾ ਗਿਆ ਹੈ। ਪੀ. ਜੀ. ਆਈ. ਮਾਸਟਰ ਪਲਾਨ ਤਹਿਤ ਕੈਂਪਸ ’ਚ ਇਸ ਸਮੇਂ ਦੋ ਵੱਡੇ ਪ੍ਰਾਜੈਕਟ ਨਿਊਰੋਸਾਇੰਸ ਸੈਂਟਰ ਤੇ ਮਦਰ ਐਂਡ ਚਾਈਲਡ ਕੇਅਰ ਸੈਂਟਰ ਬਣ ਕੇ ਤਿਆਰ ਹਨ। ਪੀ. ਜੀ. ਆਈ. ਕੈਂਪਸ ’ਚ ਸਕੂਲ ਆਫ਼ ਨਰਸਿੰਗ ਦੇ ਸਾਹਮਣੇ ਪਈ ਖ਼ਾਲੀ ਜ਼ਮੀਨ ’ਤੇ ਇਸ 150 ਬਿਸਤਰਿਆਂ ਵਾਲੇ ਸੈਂਟਰ ਦੀ ਉਸਾਰੀ ਸ਼ੁਰੂ ਹੋ ਗਈ ਹੈ। ਸੰਸਥਾ ’ਚ ਬਣਾਇਆ ਜਾਣ ਵਾਲਾ ਇਹ ਤੀਜਾ ਵੱਡਾ ਪ੍ਰਾਜੈਕਟ ਹੋਵੇਗਾ। ਡਿਪਟੀ ਡਾਇਰੈਕਟਰ ਦੀ ਮੰਨੀਏ ਤਾਂ ਪ੍ਰਾਜੈਕਟ ਪੀ. ਜੀ. ਆਈ. ਦੇ ਲਈ ਖ਼ਾਸ ਹੈ, ਜਿਸ ਦੇ ਲਈ ਕਾਫ਼ੀ ਲੰਬੇ ਸਮੇਂ ਤੋਂ ਯੋਜਨਾ ਬਣਾਈ ਜਾ ਰਹੀ ਸੀ। ਉਮੀਦ ਹੈ ਕਿ ਇਸ ਨਾਲ ਮਰੀਜ਼ਾਂ ਨੂੰ ਹੋਰ ਜ਼ਿਆਦਾ ਲਾਭ ਹੋਵੇਗਾ।
ਛੂਤ ਦੀਆਂ ਬੀਮਾਰੀਆਂ ਵਾਲੇ ਗੰਭੀਰ ਮਰੀਜ਼ ਇਲਾਜ ਪ੍ਰਾਪਤ ਕਰਨਗੇ
ਕੋਵਿਡ ਦੌਰਾਨ ਇਸ ਪ੍ਰਾਜੈਕਟ ਦੀ ਯੋਜਨਾ ਬਣਾਈ ਗਈ ਸੀ। ਉਸ ਸਮੇਂ ਸੋਚਿਆ ਗਿਆ ਸੀ ਕਿ ਛੂਤ ਦੀਆਂ ਬੀਮਾਰੀਆਂ ਵਾਲੇ ਮਰੀਜ਼ਾਂ ਨੂੰ ਇੱਥੇ ਇਲਾਜ ਮਿਲ ਸਕੇਗਾ। ਕੋਵਿਡ ’ਚ ਜਿਸ ਤਰ੍ਹਾਂ ਦਾ ਮਾਹੌਲ ਸੀ, ਉਸ ਸਮੇਂ ਹਸਪਤਾਲ ’ਚ ਕਈ ਵਿਭਾਗਾਂ ਤੇ ਨਹਿਰੂ ਐਕਸਟੈਂਸ਼ਨ ਕੇਅਰ ਸੈਂਟਰ ’ਚ ਤਬਦੀਲ ਕੀਤਾ ਗਿਆ ਸੀ। ਹੁਣ ਇਸ ਸੈਂਟਰ ’ਚ ਐਮਰਜੈਂਸੀ ਤੇ ਟਰਾਮਾ ਸੈਂਟਰ ’ਚ ਆਉਣ ਵਾਲੇ ਗੰਭੀਰ ਤੇ ਉਨ੍ਹਾਂ ਮਰੀਜ਼ਾਂ ਨੂੰ ਰੱਖਿਆ ਜਾਵੇਗਾ, ਜੋ ਬਹੁਤ ਜ਼ਿਆਦਾ ਗੰਭੀਰ ਹਨ। ਮਾਹਿਰਾਂ ਦੀ ਮੰਨੀਏ ਤਾਂ ਜੇਕਰ ਭਵਿੱਖ ’ਚ ਕੋਵਿਡ ਵਰਗੇ ਹਾਲਾਤ ਹੁੰਦੇ ਹਨ ਤਾਂ ਇਹ ਸੈਂਟਰ ਬਹੁਤ ਅਸਰਦਾਰ ਸਾਬਤ ਹੋਵੇਗਾ।
ਇਹ ਸਹੂਲਤਾਂ ਮਿਲਣਗੀਆਂ ਮਰੀਜ਼ਾਂ ਨੂੰ 
ਕ੍ਰਿਟੀਕਲ ਕੇਅਰ ਬਲਾਕ ’ਚ ਇਕ ਆਈ. ਸੀ. ਯੂ., ਆਈਸੋਲੇਸ਼ਨ ਵਾਰਡ, ਆਕਸੀਜਨ ਸਪੋਰਟ ਵਾਲੇ ਬਿਸਤਰੇ, ਸਰਜੀਕਲ ਯੂਨਿਟ, ਦੋ ਲੇਬਰ ਵਿਭਾਗ, ਡਿਲੀਵਰੀ ਤੇ ਰਿਕਵਰੀ ਰੂਮ, ਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਤੇ ਉਨ੍ਹਾਂ ਨਾਲ ਸਬੰਧਿਤ ਬੀਮਾਰੀਆਂ ਲਈ ਵੱਖਰਾ ਵਿਭਾਗ ਹੋਵੇਗਾ। ਇਹ ਇਕ ਮਲਟੀ-ਸਪੈਸ਼ਲਿਟੀ ਸੈਂਟਰ ਹੋਵੇਗਾ, ਜਿਸ ’ਚ ਆਈ. ਸੀ. ਯੂ. ਤੇ ਸਟੈਪ-ਡਾਊਨ ਯੂਨਿਟਸ (ਐੱਸ. ਡੀ. ਯੂ.) ਹੋਣਗੇ। ਹਸਪਤਾਲ ਦੇ ਕਿਸੇ ਵੀ ਵਿਭਾਗ ’ਚ ਜੇਕਰ ਕੋਈ ਮਰੀਜ਼ ਜ਼ਿਆਦਾ ਗੰਭੀਰ ਹੈ ਅਤੇ ਉਸਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੈ, ਤਾਂ ਉਸਨੂੰ ਇੱਥੇ ਭੇਜਿਆ ਜਾਵੇਗਾ।


author

Babita

Content Editor

Related News