ਹਰੀਕੇ ਜਲਗਾਹ ਵਿਖੇ 2 ਫਰਵਰੀ ਨੂੰ ਸਜੇਗੀ ''ਬਿਆਸ ਬੇੜਾ ਯਾਤਰਾ''

Sunday, Feb 01, 2026 - 08:10 PM (IST)

ਹਰੀਕੇ ਜਲਗਾਹ ਵਿਖੇ 2 ਫਰਵਰੀ ਨੂੰ ਸਜੇਗੀ ''ਬਿਆਸ ਬੇੜਾ ਯਾਤਰਾ''

ਵੈੱਬ ਡੈਸਕ - ਬਿਆਸ ਬੇੜਾ ਯਾਤਰਾ ਦਾ ਚੌਥਾ ਸੰਸਕਰਣ 2 ਫਰਵਰੀ ਨੂੰ ਹਰੀਕੇ ਜਲਗਾਹ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਕੁਦਰਤੀ ਸੈਰ, ਪ੍ਰਵਾਸੀ ਪੰਛੀ ਨਿਰੀਖਣ, ਸੰਗੀਤ ਅਤੇ ਵਾਤਾਵਰਣ ਸੁਰੱਖਿਆ ਸੰਬੰਧੀ ਖੁੱਲ੍ਹੀਆਂ ਚਰਚਾਵਾਂ ਹੋਣਗੀਆਂ, ਜਿਨ੍ਹਾਂ ਦਾ ਵਿਸ਼ੇਸ਼ ਧਿਆਨ ਪਾਣੀ ਦੀ ਗੁਣਵੱਤਾ, ਦਰਿਆ ਅਤੇ ਜਲਗਾਹਾਂ ‘ਤੇ ਕੇਂਦਰਿਤ ਰਹੇਗਾ।

ਬੇੜਾ ਯਾਤਰਾ ਲਗਾਤਾਰ ਚਾਰ ਸਾਲ ਤੋਂ ਇਸ ਥਾਂ ਤੇ ਕਾਰਵਾਈ ਜਾ ਰਹੀ ਹੈ, ਜਿੱਥੇ ਲੋਕ ਪੈਦਲ ਤੁਰਕੇ ਸਤਲੁਜ ਦੇ ਕਾਲੇ ਪਾਣੀ ਦੇ ਹੱਲ ਬਾਰੇ ਵਿਚਾਰ ਕਰਦੇ ਹਨ, ਮਾਹਿਰਾਂ ਨਾਲ ਪੰਛੀਆਂ ਦਾ ਨਿਰੀਖਣ ਕਰਦੇ ਹਨ, ਕਲਾ ਅਤੇ ਸੰਗੀਤ ਦਾ ਆਨੰਦ ਲੈਂਦੇ ਹਨ ਅਤੇ ਵਾਤਾਵਰਨ ਦੇ ਪਰਿਸਥਿਤਿਕ ਮੁੱਦਿਆਂ ਨਾਲ ਸਿੱਧਾ ਸੰਪਰਕ ਕਰਦੇ ਹਨ। ਵਿਸ਼ਵ ਵੈਟਲੈਂਡ ਦਿਵਸ ਦੇ ਮੌਕੇ ਹੋਣ ਵਾਲੀ ਇਹ ਯਾਤਰਾ ਜਲਗਾਹਾਂ ਦੀ ਮਹੱਤਤਾ, ਜੈਵ ਵਿਭਿੰਨਤਾ, ਪਾਣੀ ਦੀ ਗੁਣਵੱਤਾ ਅਤੇ ਮਨੁੱਖੀ ਸਿਹਤ ਦੀ ਰੱਖਿਆ ਨੂੰ ਉਜਾਗਰ ਕਰਦੀ ਹੈ।

ਹਰੀਕੇ ਵੈਟਲੈਂਡ ਨੂੰ ਖਾਸ ਮਹੱਤਤਾ ਇਸ ਗੱਲ ਕਰਕੇ ਪ੍ਰਾਪਤ ਹੈ ਕਿ ਇੱਥੇ ਬਿਆਸ ਅਤੇ ਸਤਲੁਜ ਦਰਿਆ ਮਿਲਦੇ ਹਨ। ਇਸ ਸਥਾਨ ‘ਤੇ ਦਰਸ਼ਕ ਦੋਵੇਂ ਦਰਿਆਵਾਂ ਦੇ ਮਿਲਾਪ ਨੂੰ ਸਾਫ਼ ਤੌਰ ‘ਤੇ ਦੇਖ ਸਕਦੇ ਹਨ, ਪਾਣੀ ਦੇ ਰੰਗ ਵਿੱਚ ਸਪਸ਼ਟ ਅੰਤਰ ਨਾਲ ਜਿਸ ਨਾਲ ਬੁੱਢੇ ਦਰਿਆ ਵਰਗੇ ਨਾਲਿਆਂ ਰਾਹੀਂ ਦਰਿਆਈ ਪ੍ਰਣਾਲੀਆਂ ਵਿੱਚ ਦਾਖਲ ਹੋਣ ਵਾਲੇ ਅਣਸੋਧੇ ਸ਼ਹਿਰੀ ਅਤੇ ਗੈਰਕਨੂੰਨੀ ਉਦਯੋਗਾਂ ਦੇ ਪਾਣੀ ਕਰਕੇ ਸਤਲੁਜ ਦੇ ਕਾਲੇ ਅਤੇ ਬਿਆਸ ਦੇ ਹਰੇ ਪਾਣੀ ਦੇ ਰੰਗ ਦੇ ਫਰਕ ਨੂੰ ਸਾਫ਼ ਸਮਝ ਸਕਦੇ ਹਨ। ਆਉਣ ਵਾਲਿਆਂ ਨੂੰ ਉਹ ਦੋ ਨਹਿਰਾਂ ਵੀ ਦਿਖਾਈ ਦਿੰਦੀਆਂ ਹਨ ਜਿਹਨਾਂ ਰਾਹੀਂ ਇਹ ਪ੍ਰਦੂਸ਼ਿਤ ਪਾਣੀ ਪੀਣ ਲਈ ਅਤੇ ਖੇਤੀ ਲਈ ਦੱਖਣੀ ਪੰਜਾਬ ਅਤੇ ਰਾਜਸਥਾਨ ਨੂੰ ਸਪਲਾਈ ਕੀਤਾ ਜਾਂਦਾ ਹੈ। 

PunjabKesari

ਹਾਲੀਆ ਰਿਪੋਰਟਿੰਗ ਨੇ ਪਿਛਲੇ ਕੁੱਝ ਸਾਲਾਂ ਵਿੱਚ ਹਰੀਕੇ ਵੈਟਲੈਂਡ ਵਿਖੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਨੂੰ ਉਜਾਗਰ ਕੀਤਾ ਹੈ। ਮਾਹਰ ਇਸ ਰੁਝਾਨ ਨੂੰ ਮੌਸਮੀ ਤਬਦੀਲੀ, ਪ੍ਰਦੂਸ਼ਣ ਅਤੇ ਵੈਟਲੈਂਡ ਆਵਾਸਾਂ ਦੀ ਗਿਰਾਵਟ ਨਾਲ ਜੋੜਦੇ ਹਨ। ਬੇੜਾ ਯਾਤਰਾ ਇਨ੍ਹਾਂ ਚਿੰਤਾਵਾਂ ‘ਤੇ ਮੈਦਾਨੀ ਪੱਧਰ ‘ਤੇ ਸਿੱਧੀ ਗੱਲਬਾਤ ਲਈ ਮੰਚ ਪ੍ਰਦਾਨ ਕਰਦੀ ਹੈ।

ਵੈਟਲੈਂਡ ਵਿਖੇ ਇੱਕ ਗਾਈਡਡ ਕੁਦਰਤ ਸੈਰ ਅਤੇ ਪੰਛੀ-ਨਿਗਰਾਨੀ ਸੈਸ਼ਨ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪ੍ਰਕਿਰਤੀਵਾਦੀ ਬਾਗੇਸ਼ਵਰ ਅਤੇ ਨਵਦੀਪ ਸੂਦ ਮੌਜੂਦ ਹੋਣਗੇ। ਢਾਡੀ ਜਥਾ - ਮੰਡੈਰ ਬ੍ਰਦਰਜ਼ ਅਤੇ ਸੁਨੈਨੀ ਸ਼ਰਮਾ (ਲੋਕ ਗਾਇਕ ਪ੍ਰਕਾਸ਼ ਕੌਰ ਦੀ ਪੋਤੀ)— ਪੰਜਾਬ ਦੀ ਸੱਭਿਆਚਾਰਕ ਲੋਕ ਸੰਗੀਤਕ ਪਰੰਪਰਾਵਾਂ ਪੇਸ਼ ਕਰਨਗੇ। ਸ਼ਾਰਦਾ ਮੁਸ਼ਤੀ ਦੁਆਰਾ ਰੁਦਰ ਵੀਣਾ ਰਾਹੀਂ ਸ਼ਾਸਤਰੀ ਸੰਗੀਤ ਪੇਸ਼ ਕੀਤਾ ਜਾਵੇਗਾ, ਜਿਸਦੇ ਨਾਲ ਸਵਾਮੀਨਾਥਨ ਕੁੰਭਕੋਣਮ ਦੁਆਰਾ ਮ੍ਰਿਦੰਗਮ 'ਤੇ ਸੰਗੀਤ ਪੇਸ਼ ਕੀਤਾ ਜਾਵੇਗਾ।

ਭੂਮਿਤ੍ਰਾ, ਪਹਿਲ ਅਤੇ ਪੀਏਸੀ ਮੱਤੇਵਾੜਾ ਦੁਆਰਾ ਆਯੋਜਿਤ  ਬੇੜਾ ਯਾਤਰਾ  ਦਾ ਉਦੇਸ਼ ਵਾਤਾਵਰਣ ਚਰਚਾ, ਪਾਣੀ ਦੀ ਸੁਰੱਖਿਆ, ਵੈਟਲੈਂਡ ਵਾਤਾਵਰਣ, ਸੱਭਿਆਚਾਰਕ ਪਰੰਪਰਾਵਾਂ ਅਤੇ ਜਨਤਕ ਸਿਹਤ ਨੂੰ ਜੋੜਨਾ ਹੈ ਅਤੇ ਲੋਕਾਂ ਨੂੰ ਪੰਜਾਬ ਦੇ ਦਰਿਆਵਾਂ ਅਤੇ ਵੈਟਲੈਂਡਜ਼ ਦੀਆਂ ਜੀਵਤ ਹਕੀਕਤਾਂ ਨੂੰ ਦੇਖਣ, ਚਰਚਾ ਕਰਨ ਅਤੇ ਉਹਨਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਨਾ ਹੈ।


author

Inder Prajapati

Content Editor

Related News