PGI ਦੀ ਸੁਰੱਖਿਆ ਹੋਵੇਗੀ ਹੋਰ ਮਜ਼ਬੂਤ, 176.64 ਲੱਖ ਨਾਲ CCTV ਸਿਸਟਮ ਹੋਵੇਗਾ ਅਪਗ੍ਰੇਡ
Thursday, Jan 29, 2026 - 12:12 PM (IST)
ਚੰਡੀਗੜ੍ਹ (ਪਾਲ) : ਪਿਛਲੇ ਸਾਲ ਤੋਂ ਪੀ. ਜੀ. ਆਈ. ਕੈਂਪਸ ’ਚ ਸੁਰੱਖਿਆ ਸਬੰਧੀ ਕਈ ਕਦਮ ਚੁੱਕੇ ਜਾ ਰਹੇ ਹਨ। ਕੈਂਪਸ ’ਚ ਸੁਰੱਖਿਆ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਸੰਸਥਾਨ ਦੇ ਸਾਰੇ ਹਨ੍ਹੇਰੇ ਵਾਲੇ ਸਥਾਨਾਂ ’ਤੇ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ। ਹੁਣ ਸੰਸਥਾਨ ਨੇ ਕੈਂਪਸ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਸੰਸਥਾਨ ਨੇ ਮੌਜੂਦਾ ਸੀ. ਸੀ. ਟੀ. ਵੀ. ਸਰਵਿਲਾਂਸ ਸਿਸਟਮ ਨੂੰ ਅਪਗ੍ਰੇਡ ਕਰਨ ਅਤੇ ਉਸ ਦੇ ਵੱਡੇ ਰੱਖ-ਰਖਾਅ (ਸੀ. ਐੱਮ. ਸੀ.) ਦੀ ਯੋਜਨਾ ਬਣਾਈ ਹੈ। ਹਾਲ ਹੀ ’ਚ ਪੀ. ਜੀ. ਆਈ. ਪ੍ਰਸ਼ਾਸਨ ਨੇ ਇਸ ਦੇ ਲਈ 176.64 ਲੱਖ ਦਾ ਟੈਂਡਰ ਜਾਰੀ ਕੀਤਾ ਹੈ। ਟੈਂਡਰ ਨੋਟਿਸ ਮੁਤਾਬਕ ਇਹ ਪ੍ਰਾਜੈਕਟ ਪੀ. ਜੀ. ਆਈ. ਦੇ ਸੁਰੱਖਿਆ ਵਿੰਗ 'ਚ ਲੱਗੇ ਪੁਰਾਣੇ ਸੀ. ਸੀ. ਟੀ. ਵੀ. ਨੈੱਟਵਰਕ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰੇਗੀ। ਇਸ ਨਾਲ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਰਮਚਾਰੀਆਂ ਦੀ ਨਿਗਰਾਨੀ ਅਤੇ ਸੁਰੱਖਿਆ ਵਿਵਸਥਾ ਬੇਹਤਰ ਹੋ ਸਕੇਗੀ। ਇਸ ਪ੍ਰਾਜੈਕਟ ਦੀ ਸਮਾਂ-ਸੀਮਾ 10 ਮਹੀਨੇ ਤੈਅ ਕੀਤੀ ਗਈ ਹੈ। ਪੀ. ਜੀ. ਆਈ. ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਤਿ-ਆਧੁਨਿਕ ਸਰਵਿਲਾਂਸ ਸਿਸਟਮ ਨਾਲ ਨਾ ਸਿਰਫ਼ ਸੁਰੱਖਿਆ ਨਾਲ ਜੁੜੇ ਮਾਮਲਿਆਂ ’ਚ ਤੇਜ਼ੀਆਏਗੀ, ਸਗੋਂ ਹਸਪਤਾਲ ਕੈਂਪਸ 'ਚ ਅਨੁਸ਼ਾਸਨ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ’ਚ ਵੀ ਮਦਦ ਮਿਲੇਗੀ। ਟੈਂਡਰ ਪ੍ਰਕਿਰਿਆ ਦੋ-ਬੋਲੀ ਪ੍ਰਣਾਲੀ ਦੇ ਤਹਿਤ ਪੂਰੀ ਕੀਤੀ ਜਾਵੇਗੀ, ਜਿਸ ਵਿਚ ਤਕਨੀਕੀ ਅਤੇ ਵਿੱਤੀ ਯੋਗਤਾ ਦੇ ਆਧਾਰ ’ਤੇ ਕੰਪਨੀਆਂ ਦੀ ਚੋਣ ਕੀਤੀ ਜਾਵੇਗੀ। ਮਰੀਜ਼ਾਂ ਦੀ ਵੱਧਦੀ ਗਿਣਤੀ ਅਤੇ ਵੱਡੇ ਕੈਂਪਸ ਨੂੰ ਦੇਖਦੇ ਹੋਏ ਇਹ ਅਪਗ੍ਰੇਡ ਪੀ. ਜੀ. ਆਈ. ਦੀ ਸੁਰੱਖਿਆ ਪ੍ਰਣਾਲੀ ਵਿਚ ਇੱਕ ਮਹੱਤਵਪੂਰਨ ਸੁਧਾਰ ਮੰਨਿਆ ਜਾ ਰਿਹਾ ਹੈ।
ਨਵੇਂ ਕੈਮਰੇ ਲਗਾਉਣ ਦੀ ਯੋਜਨਾ
ਮੌਜੂਦਾ ਅਪਗ੍ਰੇਡ ਦੇ ਨਾਲ ਹੀ ਪੀ. ਜੀ. ਆਈ. ਕਈ ਨਵੇਂ ਸੀ. ਸੀ. ਟੀ. ਵੀ. ਕੈਮਰੇ ਵੀ ਕੈਂਪਸ ’ਚ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਪੀ. ਜੀ. ਆਈ. ਪ੍ਰਸ਼ਾਸਨ ਦੀ ਮੰਨੀਏ ਤਾਂ ਇੱਕ ਹਜ਼ਾਰ ਦੇ ਕਰੀਬ ਨਵੇਂ ਕੈਮਰੇ ਲਗਾਉਣ ਦੀ ਯੋਜਨਾ ਹੈ, ਜਿਸ ਦੀ ਲਾਗਤ 17 ਕਰੋੜ ਤੱਕ ਹੋਣ ਦੀ ਸੰਭਾਵਨਾ ਹੈ। ਬਜਟ ਜ਼ਿਆਦਾ ਹੋਣ ਦੇ ਕਾਰਨ ਇੱਕ ਵਾਰ ਫਿਰ ਇਸ ਨੂੰ ਦੇਖਿਆ ਜਾ ਰਿਹਾ ਹੈ, ਜੋ ਪੀ. ਜੀ. ਆਈ. ਦੇ ਹਰ ਏਰੀਏ ’ਚ ਲਗਾਏ ਜਾਣਗੇ। ਹੁਣ ਤੱਕ ਸੁਰੱਖਿਆ ਸਿਰਫ਼ ਚੋਰੀ ਰੋਕਣ ਲਈ ਸੀ ਪਰ ਹੁਣ ਇਸ ਨੂੰ ਵਧਾਇਆ ਜਾਵੇਗਾ। ਇਹ ਕੈਮਰੇ ਕੋਰੀਡੋਰ, ਡਿਊਟੀ ਰੂਮਾਂ ਦੇ ਬਾਹਰ ਅਤੇ ਵਾਸ਼ਰੂਮਾਂ ਦੇ ਬਾਹਰ ਸ਼ੱਕੀ ਗਤੀਵਿਧੀਆਂ ਨੂੰ ਫੜ੍ਹ ਲੈਣਗੇ। ਹਸਪਤਾਲ ਦੇ ਸਾਰੇ ਹੌਟਸਪੌਟਾਂ ਦੀ ਪਛਾਣ ਕੀਤੀ ਜਾ ਰਹੀ ਹੈ।
