ਅਮਰੀਕੀ ਰਾਸ਼ਟਰਪਤੀ ਟਰੰਪ ਬੋਲੇ ਭਾਰਤ ਤੋਂ ਆਇਆ ''ਟ੍ਰੇਡ ਡੀਲ'' ਲਈ ਫੋਨ

Tuesday, Sep 11, 2018 - 11:39 PM (IST)

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਭਾਰਤ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਵਪਾਰ ਨੂੰ ਲੈ ਕੇ ਅਪਣਾਏ ਗਏ ਸਖਤ ਰੁਖ ਤੋਂ ਬਾਅਦ ਵੀ ਅਮਰੀਕਾ ਨਾਲ ਡੀਲ ਕਰਨ ਦਾ ਇਛੁੱਕ ਹੈ। ਟਰੰਪ ਚਾਹੁੰਦੇ ਹਨ ਕਿ ਭਾਰਤ ਅਤੇ ਚੀਨ ਜਿਹੜੇ ਕਿ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾਵਾਂ ਹਨ, ਉਨ੍ਹਾਂ ਨੂੰ ਅਮਰੀਕਾ ਵੱਲੋਂ ਜਿਹੜੀ ਸਬਸਿਡੀ ਮਿਲ ਰਹੀ ਹੈ, ਉਸ ਨੂੰ ਬੰਦ ਕਰ ਦਿੱਤਾ ਜਾਵੇ। ਟਰੰਪ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਨੂੰ ਭਾਰਤ ਤੋਂ ਡੀਲ ਲਈ ਇਕ ਫੋਨ ਕਾਲ ਆਈ ਸੀ। ਟਰੰਪ ਹਮੇਸ਼ਾ ਹੀ ਭਾਰਤ 'ਤੇ ਅਮਰੀਕੀ ਉਤਪਾਦਾਂ 'ਤੇ 100 ਫੀਸਦੀ ਟੈਰਿਫ ਲਾਉਣ ਦਾ ਦੋਸ਼ ਲਾਉਂਦੇ ਆਏ ਹਨ। ਦੱਸ ਦਈਏ ਕਿ ਇਸ ਸਮੇਂ ਚੀਨ ਅਤੇ ਅਮਰੀਕਾ ਵਿਚਾਲੇ ਟ੍ਰੇਡ ਵਾਰ ਜਾਰੀ ਹੈ ਅਤੇ ਟਰੰਪ ਦਾ ਰੁਖ ਭਾਰਤ ਵੱਲ ਵੀ ਸਖਤ ਹੋ ਗਿਆ ਹੈ।

ਡੋਨਾਲਡ ਟਰੰਪ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਸ ਨੇ, ਕਿਸ ਨੂੰ ਡੀਲ ਲਈ ਕਾਲ ਕੀਤੀ ਸੀ। ਉਨ੍ਹਾਂ ਨੇ ਆਖਿਆ, 'ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਭਾਰਤ ਤੋਂ ਸਾਨੂੰ ਫੋਨ ਕਾਲ ਆਈ ਹੈ। ਉਨ੍ਹਾਂ ਨੇ ਸਾਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਸਾਡੇ ਨਾਲ ਇਕ ਟ੍ਰੇਡ ਡੀਲ ਕਰਨੀ ਹੈ ਉਹ ਵੀ ਪਹਿਲੀ ਵਾਰ।' ਟਰੰਪ ਨੇ ਅੱਗੇ ਆਖਿਆ ਕਿ ਭਾਰਤ ਨੇ ਉਨ੍ਹਾਂ ਤੋਂ ਪਹਿਲਾਂ ਕਿਸੇ ਅਮਰੀਕੀ ਰਾਸ਼ਟਰਪਤੀ ਨਾਲ ਅਜਿਹਾ ਨਹੀਂ ਕੀਤਾ ਬਲਕਿ ਉਨ੍ਹਾਂ ਦੇ ਪ੍ਰਸ਼ਾਸਨ ਤੋਂ ਇਸ ਲਈ ਇਹ ਕਿਹਾ ਕਿਉਂਕਿ ਉਹ ਟਰੰਪ ਪ੍ਰਸ਼ਾਸਨ ਤੋਂ ਕਾਫੀ ਖੁਸ਼ ਹਨ। ਟਰੰਪ ਨੇ ਇਹ ਗੱਲਾਂ ਸ਼ੁੱਕਰਵਾਰ ਨੂੰ ਸਾਊਥ ਡਕੋਟਾ ਦੇ ਸਿਆਓਕਸ ਫਾਲਸ 'ਚ ਆਯੋਜਿਤ ਜੁਆਇੰਟ ਫੰਡਰੇਜਿੰਗ ਕਮੇਟੀ ਦੇ ਰਿਸੈਪਸ਼ਨ 'ਚ ਕਹੀਆਂ। ਟਰੰਪ ਮੁਤਾਬਕ ਉਨ੍ਹਾਂ ਦੇ ਵਪਾਰ ਪ੍ਰਤੀਨਿਧੀ ਜਿਸ ਦੀ ਅਗਵਾਈ ਬਾਬ ਲਾਈਟਹਾਈਜਰ ਕਰ ਰਹੇ ਹਨ, ਕਾਫੀ ਚਲਾਕ ਅਤੇ ਕਾਫੀ ਚੰਗੇ ਹਨ। ਟਰੰਪ ਮੁਤਾਬਕ ਉਨ੍ਹਾਂ ਦੇ ਪ੍ਰਸ਼ਾਸਨ 'ਚ ਕਾਫੀ ਚੰਗੇ ਅਤੇ ਮਾਹਿਰ ਲੋਕ ਹਨ।

ਟਰੰਪ ਮੁਤਾਬਕ ਅਮਰੀਕਾ ਅਤੇ ਜਾਪਾਨ ਨੇ ਹੁਣ ਵਪਾਰ 'ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ। ਟਰੰਪ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸਮੇਤ ਕੁਝ ਹੋਰ ਵਿਦੇਸ਼ੀ ਨੇਤਾਵਾਂ ਨਾਲ ਉਨ੍ਹਾਂ ਦੀ ਦੋਸਤੀ ਹੈ। ਟਰੰਪ ਨੇ ਕਿਹਾ ਕਿ ਜਦੋਂ ਕਦੇ ਵੀ ਕੋਈ ਵਿਦੇਸ਼ੀ ਨੇਤਾ ਮੈਨੂੰ ਮਿਲਣ ਆਉਂਦਾ ਹੈ ਭਾਂਵੇ ਉਹ ਜਾਪਾਨ ਦੇ ਆਬੇ ਹੋਣ ਜਾਂ ਫਿਰ ਭਾਰਤ ਦੇ ਮੋਦੀ, ਮੈਂ ਉਨ੍ਹਾਂ ਸਾਰਿਆਂ ਦਾ ਦੋਸਤ ਬਣ ਜਾਂਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਤੁਸੀਂ ਜਾਣਦੇ ਹੋ ਕਿ ਕੁਝ ਦੇਸ਼ਾਂ ਨਾਲ ਸਾਡੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਕਿਉਂਕਿ ਉਨ੍ਹਾਂ ਨੇ ਸਾਡੇ ਦੇਸ਼ ਦਾ ਕਈ ਦਹਾਕਿਆਂ ਤੱਕ ਫਾਇਦਾ ਚੁੱਕਿਆ ਹੈ ਪਰ ਸਾਡੇ ਉਨ੍ਹਾਂ ਨਾਲ ਦੋਸਤਾਨਾ ਸੰਬੰਧ ਹਨ। ਉਹ ਮੇਰੀ ਇੱਜ਼ਤ ਕਰਦੇ ਹਨ ਅਤੇ ਮੈਂ ਉਨ੍ਹਾਂ ਦੀ। ਉਹ ਸਾਡੇ ਦੇਸ਼ ਦਾ ਸਨਮਾਨ ਫਿਰ ਤੋਂ ਕਰਨ ਲੱਗੇ ਹਨ। ਟਰੰਪ ਨੇ ਹਾਲ ਹੀ 'ਚ ਅਮਰੀਕੀ ਅਰਥਵਿਵਸਥਾ ਨਾਲ ਜੁੜੇ ਅੰਕੜਿਆਂ ਦਾ ਜ਼ਿਕਰ ਵੀ ਕੀਤਾ। ਟਰੰਪ ਨੇ ਜੀ. ਡੀ. ਪੀ. ਦਰ 'ਚ ਗਿਰਾਵਟ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਦੋਸ਼ ਦਿੱਤਾ। ਟਰੰਪ ਦੀ ਮੰਨੀਏ ਤਾਂ ਅਜੇ ਤੱਕ ਅਮਰੀਕਾ ਚਮਤਕਾਰ ਲਈ ਤਿਆਰ ਨਹੀਂ ਸੀ ਪਰ ਹੁਣ ਜਲਦ ਹੀ ਚਮਤਕਾਰ ਹੋਵੇਗਾ। ਟਰੰਪ ਮੁਤਾਬਕ ਜਦੋਂ ਭਾਰਤ ਅਤੇ ਚੀਨ ਤੇਜ਼ੀ ਨਾਲ ਵਿਕਾਸ ਕਰ ਸਕਦੇ ਹਨ ਤਾਂ ਫਿਰ ਅਮਰੀਕਾ ਕਿਉਂ ਨਹੀਂ।


Related News