ਤ੍ਰਿਣਮੂਲ ਕਾਂਗਰਸ ਦਾ ''ਕੂੜਾ'' ਇਕੱਠਾ ਕਰ ਰਹੀ ਹੈ ਭਾਜਪਾ : ਮਮਤਾ

06/19/2019 1:00:51 AM

ਕੋਲਕਾਤਾ : ਲੋਕ ਸਭਾ ਦੀਆਂ ਚੋਣਾਂ ਪਿੱਛੋਂ ਭਾਜਪਾ ਦਾ ਪੱਲਾ ਫੜਨ ਵਾਲੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ 'ਤੇ ਵਰ੍ਹਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਬਾਗੀ ਆਗੂਆਂ ਨੂੰ ਲਾਲਚੀ ਤੇ ਭ੍ਰਿਸ਼ਟ ਦੱਸਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਤ੍ਰਿਣਮੂਲ ਕਾਂਗਰਸ ਦੇ 'ਕੂੜੇ' ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਪੂਰੇ ਸੂਬੇ ਦੇ ਕੌਂਸਲਰਾਂ ਦੀ ਬੈਠਕ 'ਚ ਉਨ੍ਹਾਂ ਕਿਹਾ ਕਿ ਉਹ 'ਧੋਖੇਬਾਜ਼' ਪਾਰਟੀ ਆਗੂਆਂ ਦੀ ਥਾਂ ਸਮਰਪਿਤ ਮੈਂਬਰਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰੇਗੀ ਤੇ ਸਾਨੂੰ ਚੋਰ ਨਹੀਂ ਚਾਹੀਦੇ। ਤ੍ਰਿਣਮੂਲ ਕਾਂਗਰਸ ਦੇ ਜਿਹੜੇ ਵੀ ਆਗੂ ਭਾਜਪਾ 'ਚ ਸ਼ਾਮਲ ਹੋਣ ਦੇ ਇੱਛੁਕ ਹਨ, ਉਹ ਤੁਰੰਤ ਪਾਰਟੀ ਛੱਡ ਦੇਣ। ਉਨ੍ਹਾਂ ਕਿਹਾ ਕਿ ਸਾਨੂੰ ਭ੍ਰਿਸ਼ਟ ਤੇ ਲਾਲਚੀ ਆਗੂਆਂ ਦੀ ਕੋਈ ਲੋੜ ਨਹੀਂ ਹੈ। ਪਾਰਟੀ ਦੇ 3 ਵਿਧਾਇਕ ਤੇ ਕੁਝ ਕੌਂਸਲਰ ਇਸ ਲਈ ਭਾਜਪਾ 'ਚ ਸ਼ਾਮਲ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਕਰਨੀ ਦਾ ਫਲ ਮਿਲਣ ਦਾ ਡਰ ਸਤਾ ਰਿਹਾ ਸੀ। ਭਾਜਪਾ 'ਚ ਜਾ ਕੇ ਵੀ ਤ੍ਰਿਣਮੂਲ ਕਾਂਗਰਸ ਦੇ ਬਾਗੀ ਆਗੂ ਭ੍ਰਿਸ਼ਟਾਚਾਰ ਦੀ ਜਾਂਚ ਤੋਂ ਬਚ ਨਹੀਂ ਸਕਣਗੇ। ਮਮਤਾ ਨੇ ਕਿਹਾ ਕਿ 2021 'ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਉਹ ਪਾਰਟੀ ਦਾ ਪੁਨਰ ਗਠਨ ਕਰੇਗੀ। ਤ੍ਰਿਣਮੂਲ ਕਾਂਗਰਸ ਇਕ ਕਮਜ਼ੋਰ ਪਾਰਟੀ ਨਹੀਂ ਹੈ। ਜੇ 15-20 ਕੌਂਸਲਰ ਜਾਂ ਵਿਧਾਇਕ ਪੈਸੇ ਲੈ ਕੇ ਪਾਰਟੀ ਛੱਡ ਵੀ ਦਿੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਜੇ ਇਕ ਵਿਅਕਤੀ ਜਾਏਗਾ ਤਾਂ ਉਹ 500 ਹੋਰ ਤਿਆਰ ਕਰ ਲਵੇਗੀ।


Related News