ਮੈਨੂੰ ਤੇ ਅਭਿਸ਼ੇਕ ਨੂੰ ਨਿਸ਼ਾਨਾ ਬਣਾ ਰਹੀ ਹੈ ਭਾਜਪਾ, ਅਸੀਂ ਸੁਰੱਖਿਅਤ ਨਹੀਂ : ਮਮਤਾ

04/22/2024 1:33:20 PM

ਕੁਮਾਰਗੰਜ, (ਭਾਸ਼ਾ )- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਮੈਨੂੰ ਤੇ ਮੇਰੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਨਿਸ਼ਾਨਾ ਬਣਾ ਰਹੀ ਹੈ। ਅਭਿਸ਼ੇਕ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਨ।

ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਸ਼ਨੀਵਾਰ ਕਿਹਾ ਸੀ ਕਿ ਸੋਮਵਾਰ ਇਕ ਵੱਡਾ ਧਮਾਕਾ ਹੋਵੇਗਾ, ਜੋ ਤ੍ਰਿਣਮੂਲ ਤੇ ਉਸ ਦੀ ਚੋਟੀ ਦੀ ਲੀਡਰਸ਼ਿਪ ਨੂੰ ਹਿਲਾ ਦੇਵੇਗਾ। ਸੋਮਵਾਰ ਤੋਂ ਇਕ ਦਿਨ ਪਹਿਲਾਂ ਐਤਵਾਰ ਮਮਤਾ ਨੇ ਉਕਤ ਦੋਸ਼ ਲਾਇਆ।

ਬਲੂਰਘਾਟ ਲੋਕ ਸਭਾ ਹਲਕੇ ਦੇ ਕੁਮਾਰਗੰਜ ’ਚ ਪਾਰਟੀ ਉਮੀਦਵਾਰ ਤੇ ਸੂਬੇ ਦੇ ਮੰਤਰੀ ਬਿਪਲਬ ਮਿੱਤਰਾ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਭਾਜਪਾ ’ਤੇ ਧਰਮ ਆਧਾਰਿਤ ਵੋਟ ਬੈਂਕ ਦੀ ਸਿਅਾਸਤ ਕਰਨ ਦਾ ਦੋਸ਼ ਲਾਇਆ ਅਤੇ ਪੁੱਛਿਆ ਕਿ ਦੂਰਦਰਸ਼ਨ ਦਾ ਲੋਗੋ ਅਚਾਨਕ ਭਗਵਾ ਕਿਉਂ ਹੋ ਗਿਆ? ਫੌਜੀ ਜਵਾਨਾਂ ਦੀਆਂ ਸਰਕਾਰੀ ਰਿਹਾਇਸ਼ਾਂ ਨੂੰ ਭਗਵਾ ਰੰਗ ਕਿਉਂ ਦਿੱਤਾ ਗਿਆ? ਕਾਸ਼ੀ (ਵਿਸ਼ਵਨਾਥ ਮੰਦਿਰ) ’ਚ ਪੁਲਸ ਦੀ ਵਰਦੀ ਭਗਵਾ ਰੰਗ ’ਚ ਕਿਉਂ ਬਦਲੀ ਗਈ ਸੀ?

ਉਨ੍ਹਾਂ ਕਿਹਾ ਕਿ ਅਸੀਂ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣ ਦੇ ਫੈਸਲੇ ਦਾ ਸਖ਼ਤ ਵਿਰੋਧ ਕਰਦੇ ਹਾਂ। ਇਹ ਭਾਜਪਾ ਦੇ ਤਾਨਾਸ਼ਾਹੀ ਰਾਜ ਦੀ ਇਕ ਹੋਰ ਮਿਸਾਲ ਹੈ। ਜੇ ਭਾਜਪਾ ਸੱਤਾ ’ਚ ਰਹਿੰਦੀ ਹੈ ਤਾਂ ਭਵਿੱਖ ’ਚ ਕਦੇ ਵੀ ਚੋਣਾਂ ਨਹੀਂ ਹੋਣਗੀਆਂ।


Rakesh

Content Editor

Related News