‘ਵੋਟ ਬੈਂਕ’ ਲਈ ਮਮਤਾ ਘੁਸਪੈਠੀਆਂ ਦੀ ਕਰ ਰਹੀ ਹੈ ਮਦਦ : ਸ਼ਾਹ
Wednesday, Apr 10, 2024 - 06:20 PM (IST)
ਬਲੂਰਘਾਟ (ਪੱਛਮੀ ਬੰਗਾਲ), (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ‘ਵੋਟ ਬੈਂਕ’ ਦੀ ਸਿਆਸਤ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ।
ਬੁੱਧਵਾਰ ਬਲੂਰਘਾਟ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ, ਜੋ ਲੋਕ ਸਭਾ ਚੋਣਾਂ ਦੇ ਐਲਾਨ ਪਿੱਛੋਂ ਪਹਿਲੀ ਵਾਰ ਬੰਗਾਲ ’ਚ ਆਏ ਹਨ, ਨੇ ਘੁਸਪੈਠੀਆਂ ਦੀ ਮਦਦ ਕਰਨ ਦਾ ਮਮਤਾ ’ਤੇ ਦੋਸ਼ ਲਾਇਆ ਤੇ ਕਿਹਾ ਕਿ ਸ਼ਰਨਾਰਥੀਆਂ ਨੂੰ ਬਿਨਾਂ ਕਿਸੇ ਡਰ ਤੋਂ ਨਾਗਰਿਕਤਾ ਲਈ ਅਰਜ਼ੀ ਦੇਣੀ ਚਾਹੀਦੀ ਹੈ। ਭੂਪਤੀਨਗਰ ਬੰਬ ਧਮਾਕੇ ਦੇ ਮਾਮਲੇ ’ਚ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਲਈ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਉਨ੍ਹਾਂ ਆਲੋਚਨਾ ਕੀਤੀ।
ਸ਼ਾਹ ਨੇ ਕਿਹਾ ਕਿ ਮਮਤਾ ਦੀਦੀ ਸੀ. ਏ. ਏ. ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਹ ਕਹਿ ਰਹੀ ਹੈ ਕਿ ਜੇ ਤੁਸੀਂ ਅਰਜ਼ੀ ਫਾਰਮ ਭਰੋਗੇ ਤਾਂ ਤੁਹਾਡੀ ਨਾਗਰਿਕਤਾ ਖੋਹ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਹੀ ਸੂਬੇ ’ਚ ਘੁਸਪੈਠ ਨੂੰ ਰੋਕ ਸਕਦੀ ਹੈ। ਮਮਤਾ ਦੀਦੀ ਪੱਛਮੀ ਬੰਗਾਲ ’ਚ ਘੁਸਪੈਠ ਨੂੰ ਕਦੇ ਨਹੀਂ ਰੋਕ ਸਕਦੀ ਕਿਉਂਕਿ ਇਹ ਉਨ੍ਹਾਂ ਦਾ ਵੋਟ ਬੈਂਕ ਹੈ।