ਪੂਰੀ ਰਾਤ 40 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਰੇਲ ਪੱਟੜੀ ''ਤੇ ਸੋ ਰਹੇ 16 ਮਜ਼ਦੂਰ ਮਾਲਗੱਡੀ ਹੇਠ ਆਏ

05/08/2020 9:03:50 PM

ਔਰੰਗਾਬਾਦ  (ਭਾਸ਼ਾ)- ਕੋਰੋਨਾ ਨਾਲ ਲੜ ਰਹੇ ਦੇਸ਼ ਨੂੰ ਲਾਕ ਡਾਊਨ ਵਿਚ ਵਿਸ਼ਾਖਾਪਟਨਮ ਗੈਸ ਕਾਂਡ ਦੇ ਅਗਲੇ ਹੀ ਦਿਨ ਦਿਲ ਦਹਿਲਾਉਣ ਵਾਲੀ ਇਕ ਹੋਰ ਭਿਆਨਕ ਦੁਰਘਟਨਾ ਨੇ ਇਕ ਵਾਰ ਫਿਰ ਹਿਲਾ ਦਿੱਤਾ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ਵਿਚ ਰੇਲ ਦੀਆਂ ਪੱਟੜੀਆਂ 'ਤੇ ਸੋ ਰਹੇ ਘੱਟੋ-ਘੱਟ 16 ਪ੍ਰਵਾਸੀ ਮਜ਼ਦੂਰਾਂ ਦੀ ਸ਼ੁੱਕਰਵਾਰ ਸਵੇਰੇ ਮਾਲਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਲਾਕ ਡਾਊਨ ਕਾਰਨ ਬੇਰੁਜ਼ਗਾਰ ਹੋਏ 20 ਮਜ਼ਦੂਰ ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼ ਆਪਣੇ ਘਰ ਜਾ ਰਹੇ ਸਨ। ਉਹ ਪੁਲਸ ਤੋਂ ਬੱਚਣ ਲਈ ਰੇਲ ਦੀਆਂ ਪੱਟੜੀਆਂ ਦੇ ਕਿਨਾਰੇ ਪੈਦਲ ਚੱਲਦੇ-ਚੱਲਦੇ ਨੀਂਦ ਆਉਣ 'ਤੇ ਪੱਟੜੀਆਂ 'ਤੇ ਹੀ ਸੋ ਗਏ ਸਨ। ਇਸ ਦੁਰਘਟਨਾ ਵਿਚ ਇਕ ਮਜ਼ਦੂਰ ਜ਼ਖਮੀ ਹੋਏ ਹੈ ਜਦੋਂ ਕਿ ਤਿੰਨ ਮਜ਼ਦੂਰ ਇਸ ਲਈ ਬੱਚ ਗਏ ਕਿਉਂਕਿ ਉਹ ਪੱਟੜੀਆਂ ਤੋਂ ਦੂਰ ਸੋ ਰਹੇ ਸਨ।

ਕਰਮਾਡ ਪੁਲਸ ਥਾਣੇ ਦੇ ਤਹਿਤ ਖੇਤਰ ਵਿਚ ਹੋਈ ਇਸ ਦੁਰਘਟਨਾ ਦੀ ਵੀਡੀਓ ਕਲਿੱਪ ਵਿਚ ਪੱਟੜੀਆਂ 'ਤੇ ਮਜ਼ਦੂਰਾਂ ਦੀਆਂ ਲਾਸ਼ਾਂ ਪਈਆਂ ਦਿਖਾਈ ਦੇ ਰਹੀਆਂ ਹਨ ਅਤੇ ਲਾਸ਼ਾਂ ਕੋਲ ਉਨ੍ਹਾਂ ਦਾ ਥੋੜਾ ਬਹੁਤਾ ਸਮਾਨ ਖਿੱਲਰਿਆ ਹੋਇਆ ਹੈ। ਇਸ ਸਾਮਾਨ ਵਿਚ ਉਹ ਰੋਟੀਆਂ ਵੀ ਦਿਖ ਰਹੀਆਂ ਹਨ ਜੋ ਇਨ੍ਹਾਂ ਮਜ਼ਦੂਰਾਂ ਨੇ ਰਸਤੇ ਵਿਚ ਖਾਣ ਲਈ ਬਣਾ ਕੇ ਆਪਣੇ ਕੋਲ ਰੱਖੀਆਂ ਸਨ। ਕਰਮਾਡ ਥਾਣੇ ਵਿਚ ਇਸ ਸਿਲਸਿਲੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਵਾਲੀ ਥਾਂ ਕਰਮਾਡ ਦੇ ਪੁਲਸ ਅਧਿਕਾਰੀ ਸੰਤੋਖ ਖੇਤਮਲਾਸ ਅਤੇ ਜ਼ਿਲਾ ਪੁਲਸ ਮੁਖੀ ਮੋਕਸ਼ਦਾ ਪਾਟਿਲ ਮੁਤਾਬਕ ਮੱਧ ਮਹਾਰਾਸ਼ਟਰ ਦੇ ਜਾਲਨਾ ਵਿਚ ਇਕ ਸਟੀਲ਼ ਫੈਕਟਰੀ ਵਿਚ ਕੰਮ ਕਰਨ ਵਾਲੇ ਇਹ 20 ਮਜ਼ਦੂਰ ਵੀਰਵਾਰ ਰਾਤ ਪੈਦਲ ਹੀ ਆਪਣੇ ਘਰ ਮੱਧ ਪ੍ਰਦੇਸ਼ ਲਈ ਨਿਕਲ ਪਏ ਸਨ। ਉਹ ਜਾਲਾਨਾ ਤੋਂ ਭੁਸਾਵਲ ਵੱਲ ਜਾ ਰਹੇ ਸਨ। ਉਹ ਰਾਤ ਤਕਰੀਬਨ 40 ਕਿਲੋਮੀਟਰ ਪੈਦਲ ਚੱਲ ਕੇ ਕਰਮਾਡ ਪਹੁੰਚ ਗਏ ਪਰ ਉਦੋਂ ਤੱਕ ਥਕਾਨ ਕਾਰਨ ਉਹ ਆਰਾਮ ਕਰਨ ਲੱਗੇ।

ਰੇਲ ਦੀ ਪੱਟੜੀਆਂ ਦੇ ਨੇੜੇ ਝਾੜ-ਝੰਖਾੜ ਹੋਣ ਕਾਰਨ ਉਹ ਰੇਲ ਪੱਟੜੀਆਂ 'ਤੇ ਇਹ ਸੋਚ ਕੇ ਲੰਮੇ ਪੈ ਗਏ ਕਿ ਲਾਕ ਡਾਊ ਵਿਚ ਕੋਈ ਟ੍ਰੇਨ ਤਾਂ ਆਏਗੀ ਨਹੀਂ ਪਰ ਉਨ੍ਹਾਂ ਦੀ ਇਹ ਬੇਫਿਕਰੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ। 17 ਮਜ਼ਦੂਰ ਪੱਟੜੀਆਂ 'ਤੇ ਸੋ ਗਏ ਜਦੋਂ ਕਿ ਤਿੰਨ ਹੋਰ ਮਜ਼ਦੂਰਾਂ ਨੇ ਸਮਝਦਾਰੀ ਦਿਖਾਈ ਅਤੇ ਉਹ ਦੂਰ ਜਾ ਕੇ ਸੋ ਗਏ। ਰਾਤ ਭਰਚੱਲਣ ਕਾਰਨ ਥੱਕ ਕੇ ਚੂਰ ਇਹ ਮਜ਼ਦੂਰ ਜਦੋਂ ਹਲਕੀ ਠੰਡ ਵਿਚ ਡੂੰਘੀ ਨੀਂਦ ਵਿਚ ਸਨ ਤਾਂ ਸਵੇਰੇ 5 ਵਜੇ ਜਾਲਨਾ ਤੋਂ ਇਕ ਮਾਲਗੱਡੀ ਇਸੇ ਪੱਟੜੀ 'ਤੇ ਆ ਰਹੀ ਸੀ। ਮਾਲਗੱਡੀ ਦੀ ਆਵਾਜ਼ ਨਾਲ ਰੇਲ ਪੱਟੜੀਆਂ ਤੋਂ ਦੂਰ ਸੋ ਰਹੇ ਤਿੰਨਾਂ ਮਜ਼ਦੂਰਾਂ ਦੀ ਅੱਖ ਖੁੱਲ ਗਈ ਅਤੇ ਉਨ੍ਹਾਂ ਨੂੰ ਅਂਦਾਜ਼ਾ ਹੋ ਗਿਆ ਕਿ ਕੋਈ ਗੱਡੀ ਇਧਰ ਆ ਰਹੀ ਹੈ। ਉਨ੍ਹਾਂ ਨੇ ਭੱਜ ਕੇ ਆਪਣੇ ਸੋ ਰਹੇ ਸਾਥੀਆਂ ਨੂੰ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਮਾਲਗੱਡੀ ਬਹੁਤ ਨੇੜੇ ਆ ਚੁੱਕੀ ਸੀ, ਇੰਨੀ ਨੇੜੇ ਕਿ ਜਦੋਂ ਤੱਕ ਸੋ ਰਹੇ ਮਜ਼ਦੂਰ ਜਾਗ ਕੇ ਕੁਝ ਸਮਝ ਪਾਉਂਦੇ, ਮਾਲ ਗੱਡੀ ਉਨ੍ਹਾਂ ਨੂੰ ਦਰੜਦੀ ਹੋਈ ਲੰਘ ਗਈ। ਕੁਝ ਮਜ਼ਦੂਰ ਤਾਂ ਨੀਂਦ ਵਿਚ ਹੀ ਮੌਤ ਦੀ ਨੀਂਦ ਸੋ ਗਏ। ਇਸ ਦੁਰਘਟਨਾ ਵਿਚ ਰੇਲ ਪੱਟੜੀਆਂ 'ਤੇ ਸੁੱਤੇ ਇਕ ਮਜ਼ਦੂਰ ਅਤੇ ਤਿੰਨ ਉਹ ਮਜ਼ਦੂਰ ਬੱਚੇ ਹਨ ਜੋ ਰੇਲ ਪੱਟੜੀਆਂ ਤੋਂ ਦੂਰ ਸੁੱਤੇ ਸਨ।

ਪ੍ਰਧਾਨ ਮੰਤਰੀ ਮੋਦੀ ਦੁਰਘਟਨਾ ਤੋਂ ਦੁਖੀ
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ- ਰੇਲ ਹਾਦਸੇ ਵਿਚ ਲੋਕਾਂ ਦੇ ਮਾਰੇ ਜਾਣ ਨਾਲ ਬਹੁਤ ਦੁਖੀ ਹਾਂ। ਰੇਲ ਮੰਤਰੀ ਪਿਊਸ਼ ਗੋਇਲ ਨਾਲ ਗੱਲ ਕੀਤੀ ਹੈ ਅਤੇ ਉਹ ਸਥਿਤੀ ਨੂੰ ਨੇੜੇ ਤੋਂ ਦੇਖ ਰਹੇ ਹਨ। 

ਊਧਵ ਅਤੇ ਸ਼ਿਵਰਾਜ ਦੇਣਗੇ 5-5 ਲੱਖ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮਜ਼ਦੂਰਾਂ ਦੀ ਮੌਤ 'ਤੇ ਦੁੱਖ ਜਤਾਇਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਸੂਬੇ ਦੇ ਮਜ਼ਦੂਰਾਂ ਦੀ ਮੌਤ 'ਤੇ ਦੁੱਖ ਜਤਾਇਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।


Sunny Mehra

Content Editor

Related News