''ਮਜ਼ਦੂਰ ਦਿਵਸ'' ’ਤੇ ਮਜ਼ਦੂਰਾਂ ਦਾ ਗੁੱਸਾ ਫੁੱਟਿਆ, 12 ਘੰਟੇ ਦੀ ਥਾਂ 8 ਘੰਟੇ ਕੰਮ ਦੇ ਕਾਨੂੰਨ ਦੀ ਮੰਗ
Wednesday, May 01, 2024 - 01:50 PM (IST)
ਸਮਰਾਲਾ (ਗਰਗ) : ਅੱਜ ਬੁੱਧਵਾਰ ਨੂੰ 'ਕੌਮਾਂਤਰੀ ਮਜ਼ਦੂਰ ਦਿਵਸ' ਮੌਕੇ ਸਮਰਾਲਾ ਵਿਖੇ ਆਂਗਣਵਾੜੀ ਵਰਕਰ ਯੂਨੀਅਨ ਅਤੇ ਮਿਸਤਰੀ-ਮਜ਼ਦੂਰ ਯੂਨੀਅਨ ਦੇ ਸੈਂਕੜੇ ਵਰਕਰਾਂ ਵੱਲੋਂ ਭਾਰੀ ਰੋਸ ਰੈਲੀ ਕਰਦੇ ਹੋਏ ਦੇਸ਼ 'ਚ ਲਾਗੂ ਕੀਤੇ 12 ਘੰਟੇ ਕੰਮ ਦੇ ਨਵੇਂ ਕਾਨੂੰਨ ਦਾ ਜ਼ੋਰਦਾਰ ਵਿਰੋਧ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀ ਮਜ਼ਦੂਰਾਂ ਦੀ ਮੰਗ ਸੀ ਕਿ, ਪੂਰੀ ਦੁਨੀਆਂ ਵਿਚ ਮਜ਼ਦੂਰਾਂ ਨੇ ਲੰਬੀ ਲੜਾਈ ਲੜ ਕੇ 8 ਘੰਟੇ ਕੰਮ ਕਰਨ ਦਾ ਹੱਕ ਬੜੀ ਮੁਸ਼ਕਲ ਨਾਲ ਪ੍ਰਾਪਤ ਕੀਤਾ ਪਰ ਸਰਕਾਰਾਂ ਨੇ ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਇਸ ਹੱਕ ਨੂੰ ਖੋਹ ਕੇ 12 ਘੰਟੇ ਕੰਮ ਕਰਨ ਦਾ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ।
ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ ਨੇ ਇਸ ਮੌਕੇ ਆਖਿਆ ਕਿ ਉਹ ਇਸ ਨਵੇਂ ਪਾਸ ਕੀਤੇ ਕਾਨੂੰਨ ਦਾ ਵਿਰੋਧ ਕਰਦੇ ਹੋਏ ਇਸ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਲੜਨਗੇ। ਇਸ ਮੌਕੇ ਆਂਗਣਵਾੜੀ ਵਰਕਰ ਯੂਨੀਅਨ ਦੀ ਬਲਾਕ ਪ੍ਰਧਾਨ ਚਰਨਜੀਤ ਕੌਰ ਨੇ ਵੀ ਮਜ਼ਦੂਰਾਂ ਅਤੇ ਵਰਕਰਾਂ ਦੇ ਖੋਹੇ ਜਾ ਰਹੇ ਬੁਨਿਆਦੀ ਹੱਕਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਯੂਨੀਅਨ 12 ਘੰਟੇ ਕੰਮ ਕਰਨ ਦੇ ਨਵੇਂ ਬਣਾਏ ਕਾਨੂੰਨ ਦਾ ਵਿਰੋਧ ਕਰੇਗੀ।
ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀ ਮਜ਼ਦੂਰ-ਮਿਸਤਰੀ ਯੂਨੀਅਨ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਐੱਸ. ਡੀ. ਐੱਮ. ਸਮਰਾਲਾ ਦੇ ਦਫ਼ਤਰ ਅੱਗੇ ਕਈ ਘੰਟੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੰਗ ਕੀਤੀ ਕਿ ਸਰਕਾਰ 8 ਘੰਟੇ ਕੰਮ ਕਰਨ ਦੇ ਪੁਰਾਣੇ ਕਾਨੂੰਨ ਨੂੰ ਲਾਗੂ ਕਰਕੇ ਉਨ੍ਹਾਂ ਦੇ ਹੱਕ ਵਾਪਸ ਕਰੇ।