ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਹਿਮਾਚਲ ਦੀਆਂ ਵਾਦੀਆਂ ’ਚ ਪਹੁੰਚ ਰਹੇ ਸੈਲਾਨੀ

Thursday, Dec 23, 2021 - 05:22 PM (IST)

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ’ਚ ਵ੍ਹਾਈਟ ਕ੍ਰਿਸਮਸ ਮਨਾਉਣ ਦੀ ਆਸ ਲੈ ਕੇ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚ ਰਹੇ ਹਨ। ਸੈਲਾਨੀਆਂ ਨੂੰ ਉਮੀਦ ਹੈ ਕਿ ਉਹ ਬਰਫਬਾਰੀ ਦਰਮਿਆਨ ਕ੍ਰਿਸਮਸ ਮਨਾਉਣ ਦਾ ਆਨੰਦ ਲੈਣਗੇ। ਸੈਲਾਨੀ ਹਿਮਾਚਲ ਦੇ ਵੱਖ-ਵੱਖ ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਪਹੁੰਚ ਚੁੱਕੇ ਹਨ। ਮੁੱਖ ਸੈਰ-ਸਪਾਟਾ ਨਗਰੀ ਮਨਾਲੀ ਵਿਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਵਾਰ ਮਨਾਲੀ ਦੇ ਜ਼ਿਆਦਾਤਰ ਹੋਟਲਾਂ ’ਚ ਪਹਿਲੀ ਵਾਰ ਕ੍ਰਿਸਮਸ ਕੁਈਨ ਅਤੇ ਬੈਸਟ ਕਪਲਸ ਦੀ ਵੀ ਚੋਣ ਕੀਤੀ ਜਾਵੇਗੀ। ਜੇਤੂ ਮੁਕਾਬਲੇਬਾਜ਼ਾਂ ਨੂੰ ਉਸੇ ਹੋਟਲ ਵਿਚ ਦੋ ਰਾਤਾਂ ਫਰੀ ਠਹਿਰਾਇਆ ਜਾਵੇਗਾ। ਇਨ੍ਹਾਂ ਹੋਟਲਾਂ ਵਿਚ ਕਪਲਸ ਅਤੇ ਪਰਿਵਾਰ ਨਾਲ ਆਏ ਸੈਲਾਨੀਆਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ।

ਮਨਾਲੀ ਦੇ ਜ਼ਿਆਦਾਤਰ ਹੋਟਲਾਂ ਦੇ 80 ਫ਼ੀਸਦੀ ਕਮਰੇ ਐਡਵਾਂਸ ਬੁਕ ਹੋ ਗਏ ਹਨ। ਸੈਰ-ਸਪਾਟਾ ਨਗਰੀ ਮਨਾਲੀ ਵਿਚ ਛੋਟੇ-ਵੱਡੇ 1200 ਤੋਂ ਵੱਧ ਹੋਟਲ ਹੋਮ ਸਟੇਅ, ਕਾਟੇਜ ਅਤੇ ਗੈਸਟ ਹਾਊਸ ਹਨ। ਇੱਥੇ ਇਕ ਰਾਤ ਵਿਚ 40 ਹਜ਼ਾਰ ਤੋਂ ਵੱਧ ਸੈਲਾਨੀਆਂ ਦੇ ਠਹਿਰਣ ਦੀ ਵਿਵਸਥਾ ਹੈ। ਮਨਾਲੀ ਦੇ ਜ਼ਿਆਦਾਤਰ ਛੋਟੇ ਅਤੇ ਵੱਡੇ ਹੋਟਲਾਂ ਵਿਚ ਡੀਜੇ ਦੀ ਵਿਵਸਥਾ ਕੀਤੀ ਗਈ ਹੈ, ਜਦਕਿ ਕੁਝ ਥਾਂ ਕੁੱਲਵੀ ਨਾਟੀ ਵੀ ਸੈਲਾਨੀਆਂ ਦਾ ਮਨੋਰੰਜਨ ਕਰੇਗੀ। ਓਧਰ ਡੀ. ਐੱਸ. ਪੀ. ਮਨਾਲੀ ਸੰਜੀਵ ਕੁਮਾਰ ਨੇ ਕਿਹਾ ਕਿ ਕ੍ਰਿਸਮਸ ਅਤੇ ਨਿਊ ਈਅਰ ਨੂੰ ਲੈ ਕੇ ਪੁਲਸ ਨੇ 70 ਵਾਧੂ ਜਵਾਨ ਤਾਇਨਾਤ ਕੀਤੇ ਹਨ। ਸ਼ਾਂਤੀ ਵਿਵਸਥਾ ਬਣਾ ਕੇ ਰੱਖਣ ਲਈ ਮਨਾਲੀ ਦੇ ਹਰ ਸੈਰ-ਸਪਾਟਾ ਵਾਲੀ ਥਾਂ ’ਚ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। 


Tanu

Content Editor

Related News