ਜ਼ਬਰੀ ਧਰਮ ਪਰਿਵਰਤਨ ਤੋਂ ਸਿੱਖਾਂ ਦੀ ਰਾਖੀ ਕਰਾਂਗੇ- ਅਹੀਰ

Thursday, Dec 21, 2017 - 02:00 PM (IST)

ਜ਼ਬਰੀ ਧਰਮ ਪਰਿਵਰਤਨ ਤੋਂ ਸਿੱਖਾਂ ਦੀ ਰਾਖੀ ਕਰਾਂਗੇ- ਅਹੀਰ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਹੰਗੂ ਜ਼ਿਲੇ 'ਚ ਸਿੱਖਾਂ ਨੂੰ ਜ਼ਬਰੀ ਇਸਲਾਮ ਧਰਮ ਕਬੂਲ ਕਰਵਾਉਣ ਦੀਆਂ ਰਿਪੋਰਟਾਂ ਬਾਰੇ ਉਹ ਪਾਕਿਸਤਾਨੀ ਸਰਕਾਰ ਨਾਲ ਉੱਚ ਪੱਧਰ 'ਤੇ ਗੱਲਬਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਖੁਦ ਬਿਆਨ ਦਿੱਤਾ ਹੈ ਕਿ ਇਹ ਮਸਲਾ ਪਾਕਿਸਤਾਨ ਨਾਲ ਉੱਚ ਪੱਧਰ 'ਤੇ ਉਠਾਇਆ ਜਾਵੇਗਾ। 'ਮੇਰੇ ਵਿਚਾਰ ਨਾਲ ਇਹ ਸਾਡਾ ਫਰਜ਼ ਬਣਦਾ ਹੈ ਕਿ ਸਿੱਖਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਸਰਕਾਰ ਇਸ ਬਾਰੇ ਵਿਚਾਰ ਕਰ ਰਹੀ ਹੈ।' ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਰਿਪੋਰਟਾਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਉਹ ਇਹ ਮਾਮਲਾ ਪਾਕਿਸਤਾਨ ਨਾਲ ਤੁਰੰਤ ਉਠਾਉਣਗੇ। ਮੰਗਲਵਾਰ ਨੂੰ ਆਪਣੇ ਟਵੀਟ 'ਚ ਉਨ੍ਹਾਂ ਨੇ ਕਿਹਾ ਸੀ ਕਿ ਸਿੱਖਾਂ ਨੂੰ ਜ਼ਬਰੀ ਮੁਸਲਮਾਨ ਬਣਾਉਣ ਦੀਆਂ ਰਿਪੋਰਟਾਂ ਦਾ ਮੁੱਦਾ ਉਹ ਪਾਕਿਸਤਾਨ ਸਰਕਾਰ ਨਾਲ ਉੱਚ ਪੱਧਰ 'ਤੇ ਉਠਾਉਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ 'ਤੇ ਵਿਦੇਸ਼ ਮੰਤਰੀ ਨੂੰ ਪਾਕਿਸਤਾਨ 'ਚ ਸਿੱਖਾਂ ਨੂੰ ਜ਼ਬਰੀ ਇਸਲਾਮ ਧਰਮ ਕਬੂਲ ਕਰਵਾਉਣ ਦੀਆਂ ਰਿਪੋਰਟਾਂ ਬਾਰੇ ਜਾਣਕਾਰੀ ਦਿੱਤੀ ਸੀ। ਸ਼ਨੀਵਾਰ ਨੂੰ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਹੰਗੂ ਜ਼ਿਲੇ ਦੇ ਡਿਪਟੀ ਕਮਿਸ਼ਨ ਸ਼ਾਹਿਦ ਮਹਿਮੂਦ ਕੋਲ ਇਸ ਬਾਰੇ ਸ਼ਿਕਾਇਤ ਕੀਤੀ ਸੀ।


Related News