ਫਸਲਾਂ ਲਈ ਕੁਦਰਤੀ ਆਫਤ ਤੋਂ ਘੱਟ ਨਹੀਂ 10 ਡਿਗਰੀ ਸੈਲਸੀਅਸ ਤੋਂ ਹੇਠਲਾ ਤਾਪਮਾਨ, ਪੜ੍ਹੋ ਮਾਹਿਰਾਂ ਦੀ ਸਲਾਹ
Saturday, Dec 27, 2025 - 05:02 PM (IST)
ਗੁਰਦਾਸਪੁਰ (ਹਰਮਨ)- ਪਿਛਲੇ ਕੁਝ ਸਮੇਂ ਦੌਰਾਨ ਮੌਸਮ ’ਚ ਆ ਰਹੇ ਲਗਾਤਾਰ ਬਦਲਾਅ ਨੇ ਜਿੱਥੇ ਜਲਵਾਯੂ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਮਨੁੱਖੀ ਸਿਹਤ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਉੱਤੇ ਵੀ ਇਸਦੇ ਗੰਭੀਰ ਅਸਰ ਸਾਹਮਣੇ ਆ ਰਹੇ ਹਨ। ਖੇਤੀ ਮਾਹਿਰਾਂ ਅਨੁਸਾਰ ਜਦੋਂ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਲੰਬੇ ਸਮੇਂ ਲਈ ਟਿਕ ਜਾਂਦਾ ਹੈ ਤਾਂ ਕੋਹਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ, ਜੋ ਕਣਕ, ਗੰਨਾ, ਆਲੂ ਅਤੇ ਸਬਜ਼ੀ ਫਸਲਾਂ ਲਈ ਕਾਫ਼ੀ ਨੁਕਸਾਨਦਾਇਕ ਸਾਬਤ ਹੁੰਦਾ ਹੈ। ਮਾਹਿਰਾਂ ਅਨੁਸਾਰ ਘੱਟ ਤਾਪਮਾਨ ਵਿਚ ਪਿਆ ਕੋਰਾ ਫਸਲਾਂ ਲਈ ਇਕ ਕੁਦਰਤੀ ਆਫਤ ਤੋਂ ਘੱਟ ਸਿੱਧ ਨਹੀਂ ਹੁੰਦਾ।
ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ
ਮੌਜੂਦਾ ਸਮੇਂ ਵਿਚ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਬਣ ਰਹੇ ਮੌਸਮੀ ਹਾਲਾਤਾਂ ਨੇ ਕਿਸਾਨਾਂ ਦੇ ਨਾਲ-ਨਾਲ ਸਿਹਤ ਵਿਭਾਗ ਦੀ ਚਿੰਤਾ ਵੀ ਵਧਾ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰਾ ਸਿਰਫ਼ ਫਸਲਾਂ ਦੀ ਹਾਨੀ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਸਦਾ ਸਿੱਧਾ ਅਸਰ ਮਨੁੱਖੀ ਸਿਹਤ, ਸਵੇਰੇ ਦੀ ਆਵਾਜਾਈ, ਮਜ਼ਦੂਰ ਵਰਗ ਅਤੇ ਵਿਦਿਆਰਥੀਆਂ ਦੀ ਰੋਜ਼ਾਨਾ ਦੀ ਜ਼ਿੰਦਗੀ ਉੱਤੇ ਵੀ ਪੈਂਦਾ ਹੈ। ਖੇਤੀ ਮਾਹਿਰਾਂ ਅਨੁਸਾਰ ਕੋਰਾ ਵੀ ਇੱਕ ਅਜਿਹੀ ਕੁਦਰਤੀ ਆਫ਼ਤ ਵਜੋਂ ਸਾਹਮਣੇ ਆਇਆ ਹੈ, ਜਿਸ ਕਾਰਨ ਖ਼ਾਸ ਕਰਕੇ ਸਬਜ਼ੀਆਂ ਅਤੇ ਬਾਗਬਾਨੀ ਫਸਲਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਸਰਦੀਆਂ ਦੌਰਾਨ ਜ਼ਮੀਨ, ਪੱਤਿਆਂ ਅਤੇ ਹੋਰ ਠੋਸ ਸਤ੍ਹਾ ਉੱਤੇ ਬਣਨ ਵਾਲੀ ਬਰਫ਼ ਦੀ ਪਤਲੀ ਤਹਿ ਨੂੰ ਕੋਹਰਾ ਕਿਹਾ ਜਾਂਦਾ ਹੈ। ਭਾਰਤ ਦੇ ਉੱਤਰ-ਪੱਛਮੀ ਖੇਤਰਾਂ ਵਿਚ, ਖ਼ਾਸ ਕਰ ਕੇ ਪੰਜਾਬ ਵਿਚ, ਇਹ ਦਸੰਬਰ ਅਤੇ ਜਨਵਰੀ ਮਹੀਨਿਆਂ ਦੌਰਾਨ ਆਮ ਤੌਰ ’ਤੇ ਵਾਪਰਦਾ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !
ਜ਼ਿਆਦਾ ਠੰਡ ਦੇ ਦੌਰਾਨ ਜਦੋਂ ਜ਼ਮੀਨ, ਪੌਦਿਆਂ ਜਾਂ ਹੋਰ ਚੀਜ਼ਾਂ ਦੀ ਸਤ੍ਹਾ ਦਾ ਤਾਪਮਾਨ ਪਾਣੀ ਦੇ ਜੰਮਣ ਦੇ ਤਾਪਮਾਨ ਤੋਂ ਹੇਠਾਂ ਡਿੱਗ ਜਾਂਦਾ ਹੈ ਤਾਂ ਉੱਪਰ ਬਰਫ਼ ਦੀ ਪਤਲੀ ਪਰਤ ਬਣ ਜਾਂਦੀ ਹੈ। ਮਾਹਿਰਾਂ ਅਨੁਸਾਰ ਹਵਾ ਦੇ ਤਾਪਮਾਨ ਦਾ ਕੋਰੇ ਦੇ ਪੈਣ ਜਾਂ ਨਾ ਪੈਣ ਉੱਤੇ ਸਿੱਧਾ ਅਸਰ ਨਹੀਂ ਪੈਂਦਾ, ਸਗੋਂ ਜ਼ਮੀਨੀ ਸਤ੍ਹਾ ਦਾ ਤਾਪਮਾਨ ਹੀ ਮੁੱਖ ਭੂਮਿਕਾ ਨਿਭਾਉਂਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਹਵਾ 'ਚ ਚੱਕਰ ਕੱਟਦਾ ਰਿਹਾ ਜਹਾਜ਼, ਨਹੀਂ ਮਿਲੀ ਉਤਰਣ ਦੀ ਇਜਾਜ਼ਤ, ਜਾਣੋ ਕੀ ਹੈ ਮਾਮਲਾ
ਫ਼ਸਲਾਂ ’ਤੇ ਕੋਹਰੇ ਦਾ ਪ੍ਰਭਾਵ
ਤਾਪਮਾਨ 10-12 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗਣ ਨਾਲ ਹਾੜ੍ਹੀ ਰੁੱਤ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਖਾਸ ਤੌਰ ’ਤੇ ਕੋਹਰਾ ਪੈਣ ਕਾਰਨ ਆਲੂ, ਮਟਰ, ਟਮਾਟਰ ਅਤੇ ਸ਼ਿਮਲਾ ਮਿਰਚ ਵਰਗੀਆਂ ਸਬਜ਼ੀਆਂ ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ, ਜਿਸਨੂੰ ਕਿਸਾਨ ‘ਫ਼ਸਲ ਦਾ ਸਾੜਾ’ ਕਹਿੰਦੇ ਹਨ।
ਜੇਕਰ ਕੋਰਾ ਲਗਾਤਾਰ ਪੈਂਦਾ ਰਹੇ ਤਾਂ ਫਸਲਾਂ ਦਾ ਨੁਕਸਾਨ ਕਾਫ਼ੀ ਵੱਧ ਜਾਂਦਾ ਹੈ। ਦਸੰਬਰ 2022 ਤੋਂ ਜਨਵਰੀ 2023 ਦਰਮਿਆਨ ਸ਼ਿਵਾਲਿਕ ਪਹਾੜੀਆਂ ਨਾਲ ਲੱਗਦੇ ਇਲਾਕਿਆਂ ਵਿਚ ਸੀਤ ਲਹਿਰ ਅਤੇ ਕੋਹਰੇ ਕਾਰਨ ਅੰਬ ਦੀ 40 ਤੋਂ 100 ਫੀਸਦੀ ਅਤੇ ਲੀਚੀ ਦੀ 50 ਤੋਂ 80 ਫੀਸਦੀ ਫ਼ਸਲ ਨੁਕਸਾਨੀ ਗਈ ਸੀ, ਜਦਕਿ ਅਮਰੂਦ, ਬੇਰ ਅਤੇ ਕਿਨੂੰ ਦੇ ਫ਼ਲਾਂ ਦੀ ਗੁਣਵੱਤਾ ਵੀ ਘੱਟ ਗਈ।
ਕੋਹਰੇ ਦੀ ਤੀਬਰਤਾ ਦੇ ਅਧਾਰ ’ਤੇ ਕਿਸਮਾਂ
ਹਲਕੇ ਕੋਹਰੇ (1.7 ਤੋਂ 0.1 ਡਿਗਰੀ ਸੈਲਸੀਅਸ) ਨਾਲ ਨਾਜ਼ੁਕ ਪੌਦੇ ਨੁਕਸਾਨੇ ਜਾਂਦੇ ਹਨ, ਪਰ ਬਾਕੀ ਬਨਸਪਤੀ ’ਤੇ ਘੱਟ ਅਸਰ ਪੈਂਦਾ ਹੈ। ਦਰਮਿਆਨੇ ਕੋਹਰੇ (-3.9 ਤੋਂ 2.2 ਡਿਗਰੀ ਸੈਲਸੀਅਸ) ਨਾਲ ਜ਼ਿਆਦਾਤਰ ਬਨਸਪਤੀ ਅਤੇ ਫ਼ਲਦਾਰ ਬੂਟਿਆਂ ਨੂੰ ਭਾਰੀ ਨੁਕਸਾਨ ਪੈਂਦਾ ਹੈ। ਜਦੋਂ ਕਿ ਗੰਭੀਰ ਕੋਰੇ ਨਾਲ (-4.4 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ) ਜ਼ਿਆਦਾਤਰ ਪੌਦਿਆਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ।
ਕੋਹਰੇ ਲਈ ਅਨੁਕੂਲ ਹਾਲਾਤ
ਪੰਜਾਬ ਵਿਚ ਕੋਹਰਾ ਆਮ ਤੌਰ ’ਤੇ ਦਸੰਬਰ, ਜਨਵਰੀ ਅਤੇ ਫ਼ਰਵਰੀ ਮਹੀਨਿਆਂ ਵਿਚ ਪੈਂਦਾ ਹੈ, ਜਿਸ ਵਿਚੋਂ ਜਨਵਰੀ ਮਹੀਨੇ ਦੌਰਾਨ ਕੋਹਰੇ ਦੇ ਦਿਨ ਸਭ ਤੋਂ ਵੱਧ ਹੁੰਦੇ ਹਨ। ਸਾਫ਼ ਰਾਤਾਂ ਦੌਰਾਨ ਜਦੋਂ ਜ਼ਮੀਨ ’ਚੋਂ ਗਰਮੀ ਨਿਕਲ ਜਾਂਦੀ ਹੈ ਅਤੇ ਜ਼ਮੀਨੀ ਸਤ੍ਹਾ ਦਾ ਤਾਪਮਾਨ ਉੱਪਰਲੀ ਹਵਾ ਨਾਲੋਂ ਕਾਫ਼ੀ ਘੱਟ ਹੋ ਜਾਂਦਾ ਹੈ ਤਾਂ ਕੋਹਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ।
ਜੇਕਰ ਮੌਸਮ ਵਿਭਾਗ ਵੱਲੋਂ ਹਵਾ ਦਾ ਤਾਪਮਾਨ 0 ਤੋਂ 4 ਡਿਗਰੀ ਸੈਲਸੀਅਸ ਦਰਮਿਆਨ ਹੋਣ ਦੀ ਭਵਿੱਖਬਾਣੀ ਕੀਤੀ ਜਾਵੇ ਅਤੇ ਹਵਾ ਵਿਚ ਨਮੀ ਜ਼ਿਆਦਾ ਹੋਵੇ ਤਾਂ ਜ਼ਮੀਨੀ ਕੋਹਰੇ ਦਾ ਖਤਰਾ ਹੋਰ ਵੱਧ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀਤੇ ਅਧਿਆਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 1970 ਦੇ ਦਹਾਕੇ ਦੌਰਾਨ ਕੋਹਰੇ ਦੇ ਦਿਨ ਸਭ ਤੋਂ ਵੱਧ ਸਨ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਸ ਸਮੇਂ ਰਾਤਾਂ ਹੋਰ ਵੀ ਜ਼ਿਆਦਾ ਸਰਦ ਹੁੰਦੀਆਂ ਸਨ।
ਹਾਲਾਂਕਿ 2000 ਤੋਂ ਬਾਅਦ ਕੋਹਰੇ ਦੇ ਦਿਨਾਂ ਅਤੇ ਤੀਬਰਤਾ ਵਿਚ ਲਗਾਤਾਰ ਗਿਰਾਵਟ ਆਈ ਹੈ। 2020 ਤੋਂ 2024 ਦੌਰਾਨ ਸਰਦੀਆਂ ਵਿਚ ਸਿਰਫ਼ 2 ਤੋਂ 10 ਦਿਨਾਂ ਤੱਕ ਹੀ ਕੋਹਰਾ ਪੈਣ ਦੀ ਪੁਸ਼ਟੀ ਹੋਈ ਹੈ। ਮਾਹਿਰਾਂ ਅਨੁਸਾਰ ਇਸ ਦਾ ਮੁੱਖ ਕਾਰਨ ਖੇਤਰੀ ਜਲਵਾਯੂ ਤਪਸ਼, ਸ਼ਹਿਰੀਕਰਨ ਦਾ ਵਿਸਥਾਰ ਅਤੇ ਸਰਦੀਆਂ ਦੇ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਹੈ।
ਕੋਹਰੇ ਤੋਂ ਬਚਾਅ ਲਈ ਮਾਹਿਰਾਂ ਦੀ ਸਲਾਹ
ਖੇਤੀ ਮਾਹਿਰਾਂ ਦੇ ਅਨੁਸਾਰ ਗੰਨੇ ਦੀਆਂ ਕੋਹਰਾ-ਰੋਕੂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਦਸੰਬਰ ਜਨਵਰੀ ਦੌਰਾਨ ਹਲਕੀ ਸਿੰਚਾਈ ਜਾਰੀ ਰੱਖਣੀ ਚਾਹੀਦੀ ਹੈ। ਕਣਕ, ਆਲੂ ਅਤੇ ਸਬਜ਼ੀਆਂ ਲਈ ਢੁੱਕਵੀਆਂ ਖਾਦਾਂ, ਸਹੀ ਸਿੰਚਾਈ ਅਤੇ ਪੌਦਿਆਂ ਦੀ ਸੁਰੱਖਿਆ ਨਾਲ ਕੋਰੇ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਸਰਕੰਡੇ ਜਾਂ ਪਲਾਸਟਿਕ ਦੀਆਂ ਚਾਦਰਾਂ ਨਾਲ ਨਾਜ਼ੁਕ ਬੂਟਿਆਂ ਨੂੰ ਢੱਕਣਾ ਅਤੇ ਕੋਰੇ ਵਾਲੀਆਂ ਰਾਤਾਂ ਦੌਰਾਨ ਬੂਟਿਆਂ ਨੂੰ ਗਿੱਲਾ ਕਰਨ ਤੋਂ ਬਚਣਾ ਜ਼ਰੂਰੀ ਦੱਸਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
