ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਸਖ਼ਤ ਹੋਈ ਸੁਰੱਖਿਆ, ਮਾਰਕਿਟਾਂ ''ਚ ਪੁਲਸ ਦੀ ਪੈਟਰੋਲਿੰਗ ਸ਼ੁਰੂ
Monday, Dec 29, 2025 - 11:41 AM (IST)
ਮੋਹਾਲੀ (ਜੱਸੀ) : ਨਵੇਂ ਸਾਲ ਦੇ ਜਸ਼ਨਾਂ ਨੂੰ ਧਿਆਨ ’ਚ ਰੱਖਦਿਆਂ ਅਤੇ ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਲਈ ਮੋਹਾਲੀ ਪੁਲਸ ਵੱਲੋਂ ਸ਼ਹਿਰ ਦੀਆਂ ਰੁਝੇਵਾਂ ਮਾਰਕੀਟਾਂ ’ਚ ‘ਆਪਰੇਸ਼ਨ ਨਾਈਟ ਡੋਮੀਨੇਸ਼ਨ’ ਚਲਾਇਆ ਗਿਆ। ਇਹ ਮੁਹਿੰਮ ਜ਼ਿਲ੍ਹਾ ਪੁਲਸ ਮੁਖੀ ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ਅਨੁਸਾਰ ਅਤੇ ਡੀ. ਐੱਸ. ਪੀ. ਸਿਟੀ-1 ਪ੍ਰਿਥਵੀ ਸਿੰਘ ਦੀ ਅਗਵਾਈ ਹੇਠ ਅਮਲ ’ਚ ਲਿਆਂਦੀ ਗਈ। ਪੁਲਸ ਟੀਮਾਂ ਵੱਲੋਂ 3ਬੀ-2 ਮਾਰਕੀਟ ਸਮੇਤ ਹੋਰ ਪ੍ਰਮੁੱਖ ਮਾਰਕੀਟਾਂ ’ਚ ਨਿਯਮਤ ਪੈਟਰੋਲਿੰਗ ਕੀਤੀ ਗਈ ਅਤੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਸਦੀਕ ਕਰਕੇ ਗ਼ੈਰ-ਕਾਨੂੰਨੀ ਗਤਿਵਿਧੀਆਂ ’ਤੇ ਨਿਗਰਾਨੀ ਰੱਖੀ ਗਈ, ਤਾਂ ਜੋ ਦੇਰ ਰਾਤ ਮਾਰਕੀਟਾਂ ’ਚ ਆਉਣ ਵਾਲੇ ਨਾਗਰਿਕਾਂ ਅਤੇ ਦੁਕਾਨਦਾਰਾਂ ’ਚ ਸੁਰੱਖਿਆ ਦੀ ਭਾਵਨਾ ਬਣੀ ਰਹੇ।
ਨਾਈਟ ਡੋਮੀਨੇਸ਼ਨ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ’ਤੇ ਪੁਲਸ ਵੱਲੋਂ 2 ਕਾਰਾਂ ਤੇ 1 ਮੋਟਰਸਾਈਕਲ ਜ਼ਬਤ ਕੀਤਾ ਗਿਆ, ਜਦੋਂ ਕਿ 12 ਟਰੈਫ਼ਿਕ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਜਨਤਕ ਸ਼ਾਂਤੀ ਭੰਗ ਕਰਨ ਦੇ ਮਾਮਲੇ ’ਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 128 ਅਧੀਨ 2 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਜ਼ਿਲ੍ਹਾ ਪੁਲਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਅਜਿਹੀਆਂ ਨਾਈਟ ਡੋਮੀਨੇਸ਼ਨ ਮੁਹਿੰਮਾਂ ਨਿਯਮਤ ਤੌਰ ’ਤੇ ਜਾਰੀ ਰਹਿਣਗੀਆਂ, ਜੋ ਅਪਰਾਧ ਰੋਕਥਾਮ, ਟ੍ਰੈਫਿਕ ਉਲੰਘਣਾਵਾਂ ’ਤੇ ਕਾਬੂ ਅਤੇ ਵਪਾਰਕ ਤੇ ਰਹਾਇਸ਼ੀ ਖੇਤਰਾਂ ਵਿੱਚ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੁਲਸ ਦੀ ਰਣਨੀਤੀ ਦਾ ਹਿੱਸਾ ਹਨ। ਉਨ੍ਹਾਂ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਾਂਚ ਦੌਰਾਨ ਪੁਲਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤਿਵਿਧੀ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕਰਨ।
