ਅਪ੍ਰੈਲ ''ਚ 2016 ਦੇ ਬਾਅਦ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ : CMIE ਰਿਪੋਰਟ

05/03/2019 4:51:23 PM

ਨਵੀਂ ਦਿੱਲੀ — ਭਾਰਤ ਵਿਚ ਅਪ੍ਰੈਲ 'ਚ ਬੇਰੋਜ਼ਗਾਰੀ ਦੀ ਦਰ ਵਧ ਕੇ 7.6 ਫੀਸਦੀ ਤੱਕ ਪਹੁੰਚ ਗਈ, ਜਿਹੜੀ ਕਿ ਅਕਤੂਬਰ 2016 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਮਾਰਚ ਵਿਚ ਬੇਰੋਜ਼ਗਾਰੀ ਦੀ ਦਰ 6.7 ਫੀਸਦੀ ਰਹੀ ਸੀ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ(CMIE) ਦੇ ਅੰਕੜਿਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। 

CMIE ਦੇ ਪ੍ਰਮੁੱਖ ਮਹੇਸ਼ ਵਿਆਸ ਨੇ ਕਿਹਾ, 'ਮਾਰਚ 'ਚ ਘੱਟ ਬੇਰੋਜ਼ਗਾਰੀ ਦਰ ਰੁਝਾਨ ਤੋਂ ਥੋੜ੍ਹੀ ਵੱਖ ਸੀ, ਪਰ ਅਪ੍ਰੈਲ ਮਹੀਨੇ 'ਤ ਇਹ ਇਕ ਵਾਰ ਫਿਰ ਉੱਪਰ ਚੜ੍ਹ ਗਈ।' ਇਹ ਅੰਕੜੇ ਪ੍ਰਧਾਨ ਮੰਤਰੀ ਮੋਦੀ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ। ਦੇਸ਼ 'ਚ ਬੇਰੋਜ਼ਗਾਰੀ 'ਚ ਹੋ ਰਹੇ ਵਾਧੇ ਨੂੰ ਲੈ ਕੇ ਪਹਿਲਾਂ ਵੀ ਵਿਰੋਧੀ ਧਿਰ ਸਰਕਾਰ ਨੂੰ ਘੇਰਦੀ ਰਹੀ ਹੈ ਅਤੇ ਚੋਣ ਪ੍ਰਚਾਰ ਦੌਰਾਨ ਵੀ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਹੀ ਮੁੱਖ ਮੁੱਦਾ ਬਣਾ ਕੇ ਰੱਖਿਆ ਹੈ। ਸਰਕਾਰ ਨੇ ਨੌਕਰੀਆਂ ਦੇ ਅੰਕੜਿਆਂ ਨੂੰ ਰੋਕ ਕੇ ਰੱਖਿਆ ਹੈ ਅਤੇ ਕਿਹਾ ਹੈ ਕਿ ਇਸ ਨੂੰ ਠੀਕ ਨਾਲ ਜਾਂਚਣ ਦੀ ਜ਼ਰੂਰਤ ਹੈ। 

ਆਮ ਤੌਰ 'ਤੇ ਬੇਰੋਜ਼ਗਾਰੀ ਦੇ ਅੰਕੜੇ 5 ਸਾਲ ਵਿਚ ਜਾਰੀ ਕੀਤੇ ਜਾਂਦੇ ਹਨ। ਪਰ ਦਸੰਬਰ ਵਿਚ ਕੁਝ ਅੰਕੜੇ ਲੀਕ ਹੋ ਗਏ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ 2017-18 'ਚ ਪਿਛਲੇ 45 ਸਾਲ 'ਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਦਰਜ ਕੀਤੀ ਗਈ ਹੈ। ਸਰਕਾਰ ਕਹਿ ਚੁੱਕੀ ਹੈ ਕਿ ਸਾਲ 'ਚ ਇਕ ਵਾਰ ਨੌਕਰੀਆਂ ਦੇ ਅੰਕੜੇ ਜਾਰੀ ਕੀਤੇ ਜਾਣਗੇ। CMIE ਨੇ  ਆਪਣੀ ਰਿਪੋਰਟ ਵਿਚ ਕਿਹਾ ਕਿ ਨੋਟਬੰਦੀ ਦੇ ਬਾਅਦ ਤੋਂ 2018 ਤੱਕ ਇਕ ਕਰੋੜ 10 ਲੱਖ ਲੋਕਾਂ ਨੂੰ ਆਪਣੇ ਰੋਜ਼ਗਾਰ ਤੋਂ ਹੱਥ ਧੋਣਾ ਪਿਆ।


Related News