ਛੱਤੀਸਗੜ੍ਹ: ਧੀ ਦੀ ਲਾਸ਼ ਨੂੰ ਮੋਢੇ ''ਤੇ ਚੁੱਕ ਕੇ 10 ਕਿਲੋਮੀਟਰ ਤੁਰਿਆ ਬੇਬੱਸ ਪਿਤਾ

03/26/2022 12:55:50 PM

ਅੰਬਿਕਾਪੁਰ (ਭਾਸ਼ਾ)- ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ 'ਚ ਇਕ ਪਿਤਾ ਕਥਿਤ ਤੌਰ ’ਤੇ ਆਪਣੀ ਧੀ ਦੀ ਲਾਸ਼ ਨੂੰ ਮੋਢੇ ’ਤੇ ਚੁੱਕ ਕੇ 10 ਕਿਲੋਮੀਟਰ ਦੂਰ ਪੈਦਲ ਘਰ ਪਹੁੰਚਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਮੰਤਰੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਰਗੁਜਾ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਲਖਨਪੁਰ ਪਿੰਡ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਸ਼ੁੱਕਰਵਾਰ ਸਵੇਰੇ 7 ਸਾਲ ਦੀ ਬੱਚੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦਾ ਪਿਤਾ ਧੀ ਦੀ ਲਾਸ਼ ਨੂੰ ਮੋਢੇ 'ਤੇ ਚੁੱਕ ਕੇ ਘਰ ਚਲਾ ਗਿਆ। ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ਦੇ ਪਿੰਡ ਅਮਲਾ ਦਾ ਰਹਿਣ ਵਾਲਾ ਈਸ਼ਵਰ ਦਾਸ ਆਪਣੀ ਬੀਮਾਰ ਬੇਟੀ ਸੁਰੇਖਾ ਦੇ ਇਲਾਜ ਲਈ ਲਖਨਪੁਰ ਕਮਿਊਨਿਟੀ ਹੈਲਥ ਸੈਂਟਰ ਪਹੁੰਚਿਆ ਸੀ। ਸਿਹਤ ਕੇਂਦਰ ਦੇ ਰੂਰਲ ਮੈਡੀਕਲ ਅਸਿਸਟੈਂਟ ਡਾਕਟਰ ਵਿਨੋਦ ਭਾਰਗਵ ਨੇ ਦੱਸਿਆ ਕਿ ਜਦੋਂ ਈਸ਼ਵਰ ਦਾਸ ਬੱਚੀ ਨੂੰ ਲੈ ਕੇ ਹਸਪਤਾਲ ਆਇਆ ਤਾਂ ਉਸ ਦਾ ਆਕਸੀਜਨ ਲੇਵਲ 60 ਦੇ ਨੇੜੇ ਸੀ। ਭਾਰਗਵ ਅਨੁਸਾਰ ਈਸ਼ਵਰ ਦਾਸ ਨੇ ਦੱਸਿਆ ਕਿ ਕੁੜੀ ਨੂੰ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਸੀ ਅਤੇ ਜਿਵੇਂ ਹੀ ਉਹ ਹਸਪਤਾਲ ਪਹੁੰਚੀ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਉਹ ਉਸ ਨੂੰ ਬਚਾ ਨਹੀਂ ਸਕੇ। ਭਾਰਗਵ ਨੇ ਦੱਸਿਆ ਕਿ ਇਲਾਜ ਦੌਰਾਨ ਕੁੜੀ ਦੀ ਹਾਲਤ ਵਿਗੜ ਗਈ ਅਤੇ ਸਵੇਰੇ ਕਰੀਬ 7.30 ਵਜੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਸੀ ਕਿ ਸ਼ਵ ਵਾਹਨ ਨੂੰ ਬੁਲਾਇਆ ਗਿਆ ਹੈ ਪਰ ਜਦੋਂ ਵਾਹਨ 9.30 ਵਜੇ ਹਸਪਤਾਲ ਪਹੁੰਚਿਆ, ਉਦੋਂ ਤੱਕ ਪਿਤਾ ਆਪਣੀ ਧੀ ਦੀ ਲਾਸ਼ ਲੈ ਕੇ ਰਵਾਨਾ ਹੋ ਚੁੱਕਾ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਇਕ ਵਿਅਕਤੀ ਕੁੜੀ ਦੀ ਲਾਸ਼ ਨੂੰ ਮੋਢੇ 'ਤੇ ਚੁੱਕ ਕੇ ਪੈਦਲ ਜਾਂਦਾ ਦੇਖਿਆ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਉਕਤ ਵਿਅਕਤੀ ਨੇ ਬੱਚੀ ਦੀ ਲਾਸ਼ ਨੂੰ ਚੁੱਕ ਕੇ 10 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕੀਤਾ। 

 

ਸ਼ੁੱਕਰਵਾਰ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ, ਸਿਹਤ ਮੰਤਰੀ ਟੀ.ਐਸ. ਸਿੰਘਦੇਵ ਨੇ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐਮ.ਐਚ.ਓ.) ਨੂੰ ਮਾਮਲੇ ਦੀ ਜਾਂਚ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਅੰਬਿਕਾਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘਦੇਵ ਨੇ ਕਿਹਾ,''ਮੈਂ ਵੀਡੀਓ ਦੇਖੀ ਹੈ। ਇਹ ਪਰੇਸ਼ਾਨ ਕਰਨ ਵਾਲੀ ਹੈ। ਇਕ ਵਿਅਕਤੀ ਬੱਚੀ ਦੀ ਲਾਸ਼ ਨੂੰ ਮੋਢੇ 'ਤੇ ਚੁੱਕ ਕੇ ਲੈ ਜਾ ਰਿਹਾ ਹੈ।'' ਉਨ੍ਹਾਂ ਕਿਹਾ ਕਿ ਮਾਮਲੇ ਦਾ ਨੋਟਿਸ ਲਿਆ ਗਿਆ ਹੈ ਅਤੇ ਸੀ.ਐਮ.ਐਚ.ਓ. ਨੂੰ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿੰਘਦੇਵ ਅਨੁਸਾਰ ਸੀ.ਐਮ.ਐਚ.ਓ. ਨੂੰ ਕਿਹਾ ਗਿਆ ਹੈ ਕਿ ਜੋ ਅਧਿਕਾਰੀ ਉਥੇ ਤਾਇਨਾਤ ਹੈ ਅਤੇ ਜੇਕਰ ਉਹ ਆਪਣੀ ਡਿਊਟੀ ਨਿਭਾਉਣ ਦੇ ਯੋਗ ਨਹੀਂ ਹੈ ਤਾਂ ਉਸ ਨੂੰ ਉਥੋਂ ਹਟਾ ਦਿੱਤਾ ਜਾਵੇ। ਸਿਹਤ ਮੰਤਰੀ ਛੱਤੀਸਗੜ੍ਹ ਦੇ ਅੰਬਿਕਾਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼ਵ ਵਾਹਨ ਉਥੇ ਪਹੁੰਚ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਰਿਸ਼ਤੇਦਾਰ ਲਾਸ਼ ਲੈ ਕੇ ਹਸਪਤਾਲ ਤੋਂ ਚਲੇ ਗਏ ਸਨ। ਸਿੰਘਦੇਵ ਨੇ ਕਿਹਾ,"ਡਿਊਟੀ 'ਤੇ ਮੌਜੂਦ ਸਿਹਤ ਕਰਮਚਾਰੀਆਂ ਨੂੰ ਪਰਿਵਾਰ ਨੂੰ ਵਾਹਨ ਦੀ ਉਡੀਕ ਕਰਨ ਲਈ ਮਨਾਉਣਾ ਚਾਹੀਦਾ ਸੀ। ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਅਜਿਹੀ ਘਟਨਾ ਨਾ ਵਾਪਰੇ।"

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News