ਲੋਕ ਸਭਾ ਦਾ ਪਹਿਲਾ ਸੈਸ਼ਨ ਜੂਨ ਦੇ ਤੀਜੇ ਹਫਤੇ ’ਚ ਹੋ ਸਕਦਾ ਹੈ ਸ਼ੁਰੂ
Friday, Jun 07, 2024 - 05:22 PM (IST)
ਨਵੀਂ ਦਿੱਲੀ- ਭਾਵੇਂ ਸਰਵੇਖਣਕਰਤਾ ਅਜੇ ਇਸ ਕੰਮ ਵਿਚ ਰੁੱਝੇ ਹੋਏ ਹਨ ਕਿ ਉਨ੍ਹਾਂ ਪਾਸੋਂ ਕਿੱਥੇ ਗਲਤੀ ਹੋਈ ਪਰ ਇਹ ਸਪਸ਼ਟ ਹੈ ਕਿ ਮੋਦੀ ਸਹਿਯੋਗੀਆਂ ਨਾਲ ਸਰਕਾਰ ਬਣਾ ਰਹੇ ਹਨ। ਭਾਜਪਾ ਲੀਡਰਸ਼ਿਪ ਆਪਣੀ ਗਿਣਤੀ ਵਧਾਉਣ ਅਤੇ ਸਹਿਯੋਗੀਆਂ ਨਾਲ ਨਵੇਂ ਮੰਤਰਾਲਾ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਪਹਿਲਾਂ ਹੀ ਹਰਕਤ ਵਿਚ ਆ ਚੁੱਕੀ ਹੈ। ਅਗਲੇ 2 ਦਿਨਾਂ ਵਿਚ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ।
ਰਿਪੋਰਟਾਂ ਦੀ ਮੰਨੀਏ ਤਾਂ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 17-18 ਜੂਨ ਨੂੰ ਆਯੋਜਿਤ ਕਰਨ ਦੀ ਯੋਜਨਾ ਸੀ। ਸੈਸ਼ਨ ਦੀ ਤਰੀਕ ਦਾ ਐਲਾਨ ਹੁੰਦਿਆਂ ਹੀ ਸੰਸਦ ਸਕੱਤਰੇਤ ਵੱਲੋਂ ਨਵੇਂ ਸੰਸਦ ਭਵਨ ’ਚ ਸਾਰੇ 543 ਨਵੇਂ ਚੁਣੇ ਗਏ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਆਯੋਜਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਪ੍ਰਕਿਰਿਆ ਮੁਤਾਬਕ ਪਹਿਲਾਂ ਇਕ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਜਾਵੇਗਾ, ਜੋ ਆਮ ਤੌਰ ’ਤੇ ਲੋਕ ਸਭਾ ਦਾ ਸਭ ਤੋਂ ਸੀਨੀਅਰ ਮੈਂਬਰ ਹੁੰਦਾ ਹੈ। 2019 ’ਚ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਤੋਂ 7 ਵਾਰ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੂੰ ਪ੍ਰੋਟੇਮ ਸਪੀਕਰ ਚੁਣਿਆ ਗਿਆ ਸੀ। ਮੈਂਬਰਾਂ ਦਾ ਸਹੁੰ-ਚੁੱਕ ਸਮਾਗਮ ਖਤਮ ਹੋਣ ਤੋਂ ਬਾਅਦ ਨਿਯਮਿਤ ਕਾਰਵਾਈ ਸ਼ੁਰੂ ਹੋਵੇਗੀ। ਏਜੰਡੇ ਦੀ ਪਹਿਲੀ ਆਈਟਮ 18ਵੀਂ ਲੋਕ ਸਭਾ ਲਈ ਸਪੀਕਰ ਦੀ ਚੋਣ ਹੋਵੇਗੀ। ਭਰੋਸੇ ਦੀ ਵੋਟ ਅਤੇ ਸਪੀਕਰ ਦੀ ਚੋਣ 23 ਜੂਨ ਤੋਂ ਬਾਅਦ ਹੋਵੇਗੀ।
ਜੇ ਸਰਕਾਰੀ ਹਲਕਿਆਂ ਤੋਂ ਆ ਰਹੀਆਂ ਖਬਰਾਂ ਨੂੰ ਸਹੀ ਮੰਨਿਆ ਜਾਵੇ ਤਾਂ 2024-25 ਦਾ ਬਜਟ ਜੁਲਾਈ ਦੇ ਪਹਿਲੇ ਹਫਤੇ ’ਚ ਪੇਸ਼ ਕੀਤਾ ਜਾਵੇਗਾ। ਬੀਤੇ ਸਮੇਂ ’ਚ ਨਵੀਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸਹੁੰ ਚੁੱਕਣ ਲਈ ਸੰਸਦ ਵਿਚ ਇਕ ਛੋਟਾ ਜਿਹਾ ਸੈਸ਼ਨ ਹੁੰਦਾ ਸੀ, ਜਿਸ ਤੋਂ ਬਾਅਦ ਬਜਟ ਸੈਸ਼ਨ ਹੁੰਦਾ ਸੀ ਪਰ ਇਹ ਪ੍ਰਕਿਰਿਆ ਜੂਨ 2019 ’ਚ ਬਦਲ ਦਿੱਤੀ ਗਈ ਜਦੋਂ ਸਹੁੰ ਚੁੱਕ ਸਮਾਗਮ ਨੂੰ ਬਜਟ ਸੈਸ਼ਨ ਦੇ ਨਾਲ ਜੋੜ ਦਿੱਤਾ ਗਿਆ, ਜੋ 17 ਜੂਨ ਨੂੰ ਸ਼ੁਰੂ ਹੋਇਆ ਅਤੇ 7 ਅਗਸਤ 2019 ਤਕ ਚੱਲਿਆ। ਹੁਣ ਵੀ ਅਜਿਹਾ ਹੀ ਕੀਤਾ ਜਾ ਸਕਦਾ ਹੈ।