ਭਾਰਤ-ਚੀਨ ਝੜਪ : ਸ਼ਹੀਦ ਦੀ ਪਤਨੀ ਨੂੰ ਆਖਰੀ ਫੋਨ ਕਾਲ- 'ਮੇਰੀ ਚਿੰਤਾ ਨਾ ਕਰਨਾ'

06/17/2020 12:13:35 PM

ਰਾਮਨਾਥਪੁਰਮ/ਲੱਦਾਖ— ਲੱਦਾਖ ਦੀ ਗਲਵਾਨ ਘਾਟੀ 'ਚ ਸੋਮਵਾਰ ਦੀ ਰਾਤ ਨੂੰ ਭਾਰਤ ਅਤੇ ਚੀਨੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ 'ਚ ਸਾਡੇ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ। ਇਨ੍ਹਾਂ 'ਚੋਂ ਇਕ ਹਨ ਤਾਮਿਲਨਾਡੂ ਦੇ ਰਾਮਨਾਥਪੁਰਮ ਵਾਸੀ ਹੌਲਦਾਰ ਕੇ. ਪਲਾਨੀ। 40 ਸਾਲਾ ਜਵਾਨ ਪਲਾਨੀ ਨੇ ਹਮੇਸ਼ਾ ਦੇਸ਼ ਨੂੰ ਪਰਿਵਾਰ ਤੋਂ ਪਹਿਲੇ ਰੱਖਿਆ। ਇਸੇ ਵਜ੍ਹਾ ਤੋਂ ਨਾ ਹੀ ਆਪਣੇ ਪੁੱਤਰ ਦੇ ਜਨਮ ਦਿਨ 'ਤੇ ਘਰ ਗਏ ਅਤੇ ਨਾ ਹੀ ਨਵੇਂ ਘਰ ਦੇ ਗ੍ਰਹਿ ਪ੍ਰਵੇਸ਼ 'ਚ ਸ਼ਾਮਲ ਹੋਏ। ਅੱਜ ਯਾਨੀ ਕਿ ਬੁੱਧਵਾਰ ਨੂੰ ਉਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਨਵੇਂ ਘਰ ਲਿਆਂਦਾ ਜਾਵੇਗਾ। ਕੇ. ਪਲਾਨੀ ਨੇ ਬਹੁਤ ਹੀ ਮਿਹਨਤ ਨਾਲ ਆਪਣੇ ਘਰ ਨੂੰ ਬਣਾਇਆ ਸੀ। ਉਨ੍ਹਾਂ ਦਾ ਗ੍ਰਹਿ ਪ੍ਰਵੇਸ਼ ਹੋਵੇਗਾ ਪਰ ਉਹ ਹੁਣ ਇਸ ਨੂੰ ਦੇਖਣ ਲਈ ਜਿਊਂਦੇ ਨਹੀਂ ਹਨ। ਕਿਸੇ ਨੂੰ ਕੀ ਪਤਾ ਸੀ ਕਿ ਉਹ ਆਪਣੇ ਘਰ 'ਚ ਇਸ ਤਰ੍ਹਾਂ ਗ੍ਰਹਿ ਪ੍ਰਵੇਸ਼ ਕਰਨਗੇ। 

PunjabKesari

1 ਜੂਨ ਨੂੰ ਫੋਨ 'ਤੇ ਹੋਈ ਸੀ ਪਤਨੀ ਨਾਲ ਗੱਲ—
ਕੇ. ਪਲਾਨੀ ਨੇ ਆਪਣੇ ਪਤਨੀ ਵਾਨਾਥੀਦੇਵੀ ਨਾਲ ਆਖਰੀ ਵਾਰ 1 ਜੂਨ ਨੂੰ ਫੋਨ 'ਤੇ ਗੱਲ ਕੀਤੀ ਸੀ। ਉਨ੍ਹਾਂ ਨੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ ਸਾਨੂੰ ਸਰਹੱਦ 'ਤੇ ਲਿਜਾਇਆ ਜਾ ਰਿਹਾ ਹੈ, ਇਸ ਲਈ ਹੁਣ ਤੇਰੇ ਨਾਲ ਸੰਪਰਕ ਨਹੀਂ ਹੋ ਸਕੇਗਾ। ਮੇਰੀ ਚਿੰਤਾ ਨਾ ਕਰਨਾ। ਆਖਰੀ ਵਾਰ ਫੋਨ ਕਾਲ 'ਤੇ ਦੋਹਾਂ ਨੇ ਲੱਗਭਗ 4 ਮਿੰਟ ਤੱਕ ਗੱਲ ਕੀਤੀ ਸੀ। ਦੋਹਾਂ ਵਿਚਾਲੇ ਇਹ ਗੱਲਬਾਤ ਆਖਰੀ ਸੀ। ਦੋ ਦਿਨ ਬਾਅਦ ਘਰ 'ਚ ਕੇ. ਪਲਾਨੀ ਦਾ ਜਨਮ ਦਿਨ ਮਨਾਇਆ ਗਿਆ ਅਤੇ ਉਸੇ ਦਿਨ ਨਵੇਂ ਘਰ ਦਾ ਗ੍ਰਹਿ ਪ੍ਰਵੇਸ਼ ਵੀ ਹੋਇਆ। 

ਘਰ ਬਣਾਉਣਾ ਸੀ ਸੁਫ਼ਨਾ—
ਪਲਾਨੀ ਨੇ 6 ਮਹੀਨੇ ਪਹਿਲਾਂ ਆਪਣੇ ਪਿੰਡ ਆਏ ਸਨ ਅਤੇ ਆਪਣਾ ਘਰ ਬਣਾਉਣ ਦਾ ਪਲਾਨੀ ਦਾ ਸੁਫ਼ਨਾ ਸੀ। ਉਨ੍ਹਾਂ ਨੇ ਇੱਥੇ ਛੋਟੀ ਜਿਹੀ ਜ਼ਮੀਨ 'ਤੇ ਘਰ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ। ਇਕ ਦੋਸਤ ਨੇ ਦੱਸਿਆ ਕਿ ਇਸ ਲਈ ਉਨ੍ਹਾਂ ਨੇ ਬੈਂਕ ਤੋਂ ਲੋਨ ਲਿਆ ਸੀ ਅਤੇ ਪਤਨੀ ਦੇ ਗਹਿਣੇ ਗਿਰਵੀ ਰੱਖੇ ਸਨ। ਉਹ ਇਸੇ ਸਾਲ ਫ਼ੌਜ ਤੋਂ ਸੇਵਾ ਮੁਕਤ ਹੋਣਾ ਚਾਹੁੰਦੇ ਸਨ, ਤਾਂ ਕਿ ਲੋਨ ਦੀ ਰਕਮ ਚੁੱਕਾ ਸਕਣ ਅਤੇ ਪਤਨੀ ਦੇ ਗਿਰਵੀ ਗਹਿਣੇ ਛੁਡਵਾ ਸਕਣ। 

ਭਰਾ ਨੇ ਦਿੱਤੀ ਸ਼ਹਾਦਤ ਦੀ ਖ਼ਬਰ—
ਕੇ. ਪਲਾਨੀ ਦੇ ਸ਼ਹੀਦ ਹੋਣ ਦੀ ਖ਼ਬਰ ਉਨ੍ਹਾਂ ਦੇ ਭਰਾ ਨੇ ਮੰਗਲਵਾਰ ਨੂੰ ਦਿੱਤੀ। ਪਰਿਵਾਰ ਨੂੰ ਇਹ ਸੂਚਨਾ ਸਵੇਰੇ 9 ਵਜੇ ਦੇ ਕਰੀਬ ਮਿਲੀ। ਪਲਾਨੀ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਦੇ ਹੀ ਪਰਿਵਾਰ ਟੁੱਟ ਗਿਆ। ਪਤਨੀ ਬੇਹੋਸ਼ ਹੋ ਗਈ। 10 ਸਾਲਾ ਪਲਾਨੀ ਦੇ ਪੁੱਤਰ ਪ੍ਰਸ਼ੰਨਾ ਅਤੇ 8 ਸਾਲ ਦੀ ਧੀ ਦਿਵਯਾ ਨੂੰ ਇਹ ਮਹਿਸੂਸ ਹੋਣ ਵਿਚ ਕੁਝ ਸਮਾਂ ਲੱਗਾ ਕਿ ਉਨ੍ਹਾਂ ਦੇ ਪਿਤਾ ਨਾਲ ਕੀ ਹੋਇਆ। ਘਰ ਵਿਚ ਰਿਸ਼ਤੇਦਾਰ ਅਤੇ ਦੋਸਤ ਇਕੱਠੇ ਹੋਣ ਲੱਗੇ ਅਤੇ ਪਰਿਵਾਰ ਨੂੰ ਹੌਂਸਲਾ ਦੇਣ ਲੱਗੇ। 

18 ਸਾਲ ਦੀ ਉਮਰ ਵਿਚ ਫ਼ੌਜ 'ਚ ਹੋਏ ਸਨ ਭਰਤੀ—
ਕਿਸਾਨ ਕਾਲੀਮੁਥੁ ਦੇ 3 ਬੱਚਿਆਂ ਵਿਚੋਂ ਪਲਾਨੀ ਸਭ ਤੋਂ ਵੱਡੇ ਸਨ। ਪਲਾਨੀ 18 ਸਾਲ ਦੀ ਉਮਰ ਵਿਚ ਫ਼ੌਜ 'ਚ ਭਰਤੀ ਹੋਏ ਸਨ। ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਾ ਹੋਣ ਦੇ ਚੱਲਦੇ ਪਲਾਨੀ 10ਵੀਂ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕੇ। ਉਹ ਫੌਜ ਵਿਚ ਹੌਲਦਾਰ ਹੋ ਗਏ। ਸੇਵਾ ਵਿਚ ਰਹਿੰਦੇ ਹੋਏ ਪਲਾਨੀ ਨੇ ਡਿਸਟੈਂਸ ਐਜੂਕੇਸ਼ਨ (ਦੂਰੀ ਦੀ ਸਿੱਖਿਆ) ਜ਼ਰੀਏ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਦੀ ਪਤਨੀ ਇਕ ਪ੍ਰਾਈਵੇਟ ਕਾਲਜ ਵਿਚ ਕਲਰਕ ਹੈ। ਪਲਾਨੀ ਦੀ ਸ਼ਹਾਦਤ 'ਤੇ ਹਰ ਕਿਸੇ ਨੂੰ ਮਾਣ ਹੈ। ਤਾਮਿਲਨਾਡੂ ਸਰਕਾਰ ਨੇ ਸ਼ਹੀਦ ਕੇ. ਪਲਾਨੀ ਨੂੰ 20 ਲੱਖ ਰੁਪਏ ਅਤੇ ਇਕ ਨੌਕਰੀ ਦੇਵੇਗੀ।


Tanu

Content Editor

Related News