ਪਤੀ-ਪਤਨੀ ਵੱਡੀ ਮਾਤਰਾ ''ਚ ਹੈਰੋਇਨ ਸਮੇਤ ਗ੍ਰਿਫ਼ਤਾਰ
Wednesday, Nov 19, 2025 - 02:46 PM (IST)
ਅਬੋਹਰ (ਸੁਨੀਲ) : ਸਦਰ ਥਾਣੇ ਦੀ ਪੁਲਸ ਨੂੰ ਬੀਤੀ ਰਾਤ ਇੱਕ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਮੋਟਰਸਾਈਕਲ ’ਤੇ ਹੈਰੋਇਨ ਲਿਜਾ ਰਹੇ ਇੱਕ ਪਤੀ-ਪਤਨੀ ਨੂੰ ਮੋਟਰਸਾਈਕਲ ਦੀ ਹੈੱਡਲਾਈਟ ਹੇਠ ਇੱਕ ਲਿਫ਼ਾਫ਼ੇ ਵਿੱਚ ਛੁਪਾਈ ਹੋਈ ਵੱਡੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੁਲਸ ਨੇ ਪਤੀ ਪਤਨੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਉਨ੍ਹਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਕਿੰਨੇ ਸਮੇਂ ਤੋਂ ਸ਼ਾਮਲ ਹਨ ਅਤੇ ਉਹ ਹੈਰੋਇਨ ਕਿੱਥੇ ਸਪਲਾਈ ਕਰਦੇ ਹਨ। ਜਾਣਕਾਰੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਬੀਤੀ ਰਾਤ ਬੁਰਜਮੁਹਾਰ ਨੇੜੇ ਗਸ਼ਤ ਕਰ ਰਹੇ ਸਨ, ਜਦੋਂ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੇ ਬੁਰਜਮੁਹਾਰ ਤੋਂ ਮੋਟਰਸਾਈਕਲ ’ਤੇ ਆ ਰਹੇ ਦੋ ਵਿਅਕਤੀਆਂ ਨੂੰ ਰੋਕਿਆ।
ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਮੋਟਰਸਾਈਕਲ ਦੀ ਹੈੱਡਲਾਈਟ ਹੇਠ ਲੁਕਾਇਆ ਹੋਇਆ ਇੱਕ ਲਿਫ਼ਾਫ਼ਾ ਮਿਲਿਆ, ਜਿਸ ਵਿੱਚੋਂ 34.26 ਗ੍ਰਾਮ ਹੈਰੋਇਨ ਬਰਾਮਦ ਹੋਈ। ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਪਛਾਣ ਰੇਖਾ ਪਤਨੀ ਕੁਲਵੰਤ ਅਤੇ ਕੁਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਇੰਦਰਾ ਨਗਰੀ ਵਜੋਂ ਹੋਈ ਹੈ। ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
