ਨਵੀਨ ਅਰੋੜਾ ਕਤਲ ਮਾਮਲਾ: ਦੁਕਾਨਦਾਰਾਂ ਤੇ ਸਮਾਜਿਕ ਸੰਗਠਨਾਂ ''ਚ ਰੋਸ ਦੀ ਲਹਿਰ, ਦਿੱਤੀ ਫਿਰੋਜ਼ਪੁਰ ਬੰਦ ਦੀ ਕਾਲ
Saturday, Nov 15, 2025 - 10:15 PM (IST)
ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਸ਼ਹਿਰ ਵਿੱਚ ਅੱਜ ਸ਼ਾਮ ਨੂੰ ਦਿਨ-ਦਿਹਾੜੇ ਸੀਨੀਅਰ ਆਰ.ਐਸ.ਐਸ. ਵਰਕਰ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਲੋਕ ਸਿਵਲ ਹਸਪਤਾਲ ਫਿਰੋਜ਼ਪੁਰ ਪਹੁੰਚੇ, ਜਿੱਥੇ ਨਵੀਨ ਅਰੋੜਾ ਦੀ ਲਾਸ਼ ਪੋਸਟਮਾਰਟਮ ਲਈ ਲਿਜਾਈ ਗਈ ਹੈ।
ਇਸ ਕਤਲਕਾਂਡ ਨੂੰ ਲੈ ਕੇ ਫਿਰੋਜ਼ਪੁਰ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ। ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ, ਰਿੰਕਾ ਆਨੰਦ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਆਹੁਦੇਦਾਰਾਂ, ਦੁਕਾਨਦਾਰਾਂ ਅਤੇ ਜਨਤਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਵੀਨ ਅਰੋੜਾ ਦੇ ਕਾਤਲਾਂ ਨੂੰ ਜਲਦੀ ਫੜਿਆ ਨਾ ਗਿਆ ਤਾਂ ਫਿਰੋਜ਼ਪੁਰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਗੁੰਡਾਗਰਦੀ ਅਤੇ ਕਤਲੇਆਮ ਦੀ ਹੱਦ ਹੋ ਗਈ ਹੈ ਅਤੇ ਫਿਰੋਜ਼ਪੁਰ ਦੇ ਲੋਕ ਡਰ ਦੇ ਸਾਏ ਹੇਠ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਜੀਵਨ ਭਰ ਸਵਰਗ ਵਾਸੀ ਦੀਨਾਨਾਥ ਅਰੋੜਾ ਵੱਲੋਂ ਦੇਸ਼ ਅਤੇ ਮਨੁੱਖਤਾ ਦੇ ਭਲੇ ਲਈ ਜੋ ਕੁਝ ਕੀਤਾ ਗਿਆ ਹੈ ਉਹ ਇੱਕ ਉਦਾਹਰਣ ਹੈ। ਬਲਦੇਵ ਅਰੋੜਾ ਦਾ ਪਰਿਵਾਰ ਬੇਹਦ ਸ਼ਰੀਫ ਹੈ, ਜਿਸ ਦਾ ਲੋਕ ਦਿਲੋਂ ਸਨਮਾਨ ਕਰਦੇ ਹਨ ਅਤੇ ਅਜਿਹੇ ਪਰਿਵਾਰ ਦੇ ਬੇਟੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਸਰਕਾਰ ਪ੍ਰਸ਼ਾਸਨ ਅਤੇ ਪੁਲਸ ਲਈ ਸ਼ਰਮ ਦੀ ਗੱਲ ਹੈ।
ਛੋਟੇ ਅਤੇ ਵੱਡੇ ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਸ਼ਹਿਰ ਦੇ ਆਮ ਲੋਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਪਾਣੀ ਸਿਰ ਤੋਂ ਉੱਪਰ ਨਿਕਲ ਗਿਆ ਹੈ ਅਤੇ ਜੇਕਰ ਲੋਕਾਂ ਦੀ ਜਾਨ ਤੇ ਮਲ ਦੀ ਰੱਖਿਆ ਨਹੀਂ ਕੀਤੀ ਗਈ ਤਾਂ ਫਿਰੋਜ਼ਪੁਰ ਬੰਦ ਦੀ ਕਾਲ ਦਿੱਤੀ ਜਾਵੇਗੀ ਅਤੇ ਸੰਘਰਸ਼ ਵਿੱਚ ਫਿਰੋਜਪੁਰ ਦਾ ਹਰ ਬੱਚਾ ਬੁੱਢਾ ਜਵਾਨ ਅਤੇ ਔਰਤਾਂ ਭਾਗ ਲੈਣਗੇ ।
