ਰਾਮਲੱਲਾ ਨੂੰ ਭੇਟ ਕੀਤਾ ਗਿਆ 286 ਕਿਲੋਗ੍ਰਾਮ ਵਜ਼ਨੀ ਸ਼ਾਨਦਾਰ ‘ਸਵਰਨ ਕੋਦੰਡ’
Friday, Jan 23, 2026 - 04:05 AM (IST)
ਅਯੁੱਧਿਆ (ਭਾਸ਼ਾ) - ਰਾਮਨਗਰੀ ਅਯੁੱਧਿਆ ਸਥਿਤ ਸ਼੍ਰੀ ਰਾਮ ਮੰਦਰ ’ਚ ਬਿਰਾਜਮਾਨ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਦੇ 2 ਸਾਲ ਪੂਰੇ ਹੋਣ ’ਤੇ ਇਕ ਸ਼ਾਨਦਾਰ ਅਤੇ ਇਤਿਹਾਸਕ ਤੋਹਫ਼ਾ ‘ਸਵਰਨ ਕੋਦੰਡ’ ਭੇਟ ਕੀਤਾ ਗਿਆ। ਤੀਜੇ ਸਾਲ ਦੀ ਆਰੰਭਤਾ ’ਤੇ ਵੀਰਵਾਰ ਨੂੰ ਇਹ ਅਨੋਖਾ ਧਨੁਸ਼ ਰਾਮ ਮੰਦਰ ਟਰੱਸਟ ਨੂੰ ਸੌਂਪਿਆ ਗਿਆ। ਪੰਚਧਾਤੂ ਤੋਂ ਨਿਰਮਿਤ ਇਸ ‘ਸਵਰਨ ਕੋਦੰਡ’ ਦਾ ਵਜ਼ਨ ਲੱਗਭਗ 286 ਕਿਲੋਗ੍ਰਾਮ ਹੈ। ਇਸ ’ਚ ਸੋਨਾ, ਚਾਂਦੀ, ਤਾਂਬਾ, ਜਸਤਾ ਅਤੇ ਲੋਹੇ ਦੀ ਵਰਤੋਂ ਕੀਤੀ ਗਈ ਹੈ। ਲੱਗਭਗ 8 ਫੁੱਟ ਲੰਬੇ ਇਸ ਧਨੁਸ਼ ਨੂੰ ਪਹਿਲਾਂ ਕਾਰਸੇਵਕਪੁਰਮ ’ਚ ਰੱਖਿਆ ਗਿਆ, ਜਿਸ ਤੋਂ ਬਾਅਦ ਇਸ ਨੂੰ ਵਿਧੀਵਤ ਰਾਮ ਮੰਦਰ ਟਰੱਸਟ ਨੂੰ ਸੌਂਪ ਦਿੱਤਾ ਗਿਆ।
ਓਡਿਸ਼ਾ ਦੇ ਰਾਊਰਕੇਲਾ ਤੋਂ 3 ਜਨਵਰੀ, 2026 ਨੂੰ ਇਸ ਦੀ ਸ਼ਾਨਦਾਰ ਸ਼ੋਭਾ ਯਾਤਰਾ ਅਯੁੱਧਿਆ ਲਈ ਰਵਾਨਾ ਹੋਈ ਸੀ, ਜਿਸ ਦਾ ਆਯੋਜਨ ਸਨਾਤਨ ਜਾਗਰਣ ਮੰਚ ਨੇ ਕੀਤਾ। ਇਹ ਸ਼ੋਭਾ ਯਾਤਰਾ ਓਡਿਸ਼ਾ ਦੇ ਸਾਰੇ 30 ਜ਼ਿਲਿਆਂ ’ਚੋਂ ਹੋ ਕੇ ਲੰਘੀ ਅਤੇ 19 ਜਨਵਰੀ ਨੂੰ ਪੁਰੀ ’ਚ ਭਗਵਾਨ ਜਗਨਨਾਥ ਦੇ ਦਰਸ਼ਨ-ਪੂਜਨ ਤੋਂ ਬਾਅਦ ਅੱਗੇ ਵਧੀ। 22 ਜਨਵਰੀ ਨੂੰ ਪ੍ਰਾਣ-ਪ੍ਰਤਿਸ਼ਠਾ ਦੀ ਤਰੀਕ ਦੇ ਪਾਵਨ ਸੰਜੋਗ ’ਤੇ ਇਹ ਕੋਦੰਡ ਅਯੁੱਧਿਆ ਪਹੁੰਚਿਆ ਅਤੇ ਰਾਮਲੱਲਾ ਨੂੰ ਸਮਰਪਿਤ ਕੀਤਾ ਗਿਆ।
48 ਮਹਿਲਾ ਕਾਰੀਗਰਾਂ ਨੇ 8 ਮਹੀਨੇ ’ਚ ਤਿਆਰ ਕੀਤਾ
ਤਾਮਿਲਨਾਡੂ ਦੇ ਕਾਂਚੀਪੁਰਮ ਦੀਆਂ 48 ਮਹਿਲਾ ਕਾਰੀਗਰਾਂ ਨੇ 8 ਮਹੀਨੇ ਦੀ ਮਿਹਨਤ ਨਾਲ ਇਸ ‘ਕੋਦੰਡ’ ਦਾ ਨਿਰਮਾਣ ਕੀਤਾ ਹੈ। ਇਸ ’ਤੇ ਆਪ੍ਰੇਸ਼ਨ ਸਿੰਧੂਰ ਦੀ ਫੌਜੀ ਵੀਰਤਾ ਅਤੇ ਕਾਰਗਿਲ ਜੰਗ ਦੇ ਸ਼ਹੀਦਾਂ ਦੇ ਨਾਂ ਛਪੇ ਹਨ। ਇਸ ਦੀ ਅਨੁਮਾਨਿਤ ਲਾਗਤ ਕਰੀਬ ਸਵਾ ਕਰੋੜ ਰੁਪਏ ਦੱਸੀ ਜਾ ਰਹੀ ਹੈ।
