SC ਨੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬਾਬਾ ਰਾਮਪਾਲ ਨੂੰ ਪੈਰੋਲ ਦੇਣ ਤੋਂ ਕੀਤਾ ਇਨਕਾਰ

Tuesday, Jul 14, 2020 - 04:47 PM (IST)

ਨਵੀ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਤਲ ਦੇ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਬਾਬਾ ਰਾਮਪਾਲ ਨੂੰ ਪੈਰੋਲ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਐੱਸ.ਏ. ਬੋਬੜੇ, ਜੱਜ ਆਰ. ਸੁਭਾਸ਼ ਰੈੱਡੀ ਅਤੇ ਜੱਜ ਏ.ਐੱਸ. ਬੋਪੰਨਾ ਦੀ ਬੈਂਚ ਨੇ ਵੀਡੀਓ ਕਾਨਫਰੰਸ ਨਾਲ ਸੁਣਵਾਈ ਤੋਂ ਬਾਅਦ ਰਾਮਪਾਲ ਦੀ ਪਟੀਸ਼ਨ ਖਾਰਜ ਕਰ ਦਿੱਤੀ। ਰਾਮਪਾਲ ਬੁੱਧਵਾਰ ਨੂੰ ਆਪਣੀ ਪੋਤੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੈਰੋਲ ਚਾਹੁੰਦਾ ਸੀ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਥਾਣੇ 'ਚ 19 ਨਵੰਬਰ 2014 ਨੂੰ ਦਰਜ ਕਤਲ ਦੇ ਮਾਮਲੇ 'ਚ ਰਾਮਪਾਲ ਅਤੇ ਉਸ ਦੇ 13 ਪੈਰੋਕਾਰਾਂ ਨੂੰ ਕੋਰਟ ਨੇ 17 ਅਕਤੂਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੋਰਟ ਨੇ ਇਨ੍ਹਾਂ ਸਾਰਿਆਂ ਨੂੰ ਕਤਲ, ਲੋਕਾਂ ਨੂੰ ਗਲਤ ਤਰੀਕੇ ਨਾਲ ਬੰਧਕ ਬਣਾ ਕੇ ਰੱਖਣ ਅਤੇ ਅਪਰਾਧਕ ਸਾਜਿਸ਼ ਦੇ ਅਪਰਾਧ ਦਾ ਦੋਸ਼ੀ ਪਾਇਆ ਸੀ।

ਰਾਮਪਾਲ ਦੇ ਇਸ ਆਸ਼ਰਮ 'ਚ 19 ਨਵੰਬਰ 2014 ਨੂੰ ਇਕ ਜਨਾਨੀ ਦੀ ਲਾਸ਼ ਬਰਾਮਦ ਹੋਈਸੀ। ਰਾਮਪਾਲ ਨੂੰ ਉਸੇ ਦਿਨ ਕਤਲ ਅਤੇ ਦੂਜੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇੰਜੀਨੀਅਰ ਤੋਂ ਬਾਬਾ ਬਣੇ ਰਾਮਪਾਲ ਨੂੰ 18 ਨਵੰਬਰ 2014 ਨੂੰ ਚਾਰ ਜਨਾਨੀਆਂ ਅਤੇ ਇਕ ਬੱਚੇ ਦੀ ਮੌਤ ਨਾਲ ਸੰਬੰਧਤ ਇਕ ਹੋਰ ਮਾਮਲੇ 'ਚ ਕੋਰਟ ਨੇ 16 ਅਕਤੂਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪੁਲਸ ਨੇ ਨਵੰਬਰ 2014 'ਚ ਰਾਮਪਾਲ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੇ 15000 ਤੋਂ ਵੱਧ ਪੈਰੋਕਾਰਾਂ ਨੇ 12 ਏਕੜ 'ਚ ਫੈਲੇ ਇਸ ਆਸ਼ਰਮ ਨੂੰ ਘੇਰ ਲਿਆ ਸੀ। ਇਸ ਦੌਰਾਨ ਹੋਈ ਹਿੰਸਾ 'ਚ 5 ਜਨਾਨੀਆਂ ਅਤੇ ਇਕ ਬੱਚੇ ਦੀ ਮੌਤ ਹੋ ਗਈ ਸੀ। ਬਾਬਾ ਬਣਨ ਤੋਂ ਪਹਿਲਾਂ ਰਾਮਪਾਲ ਹਰਿਆਣਾ ਸਰਕਾਰ 'ਚ ਜੂਨੀਅਰ ਇੰਜੀਨੀਅਰ ਸੀ ਪਰ ਉਸ ਨੇ ਮਈ 1995 'ਚ ਸਰਕਾਰੀ ਨੌਕਰੀ ਛੱਡ ਦਿੱਤੀ। ਬਾਅਦ 'ਚ ਉਸ ਨੇ ਹਿਸਾਰ ਦੇ ਬਰਵਾਲਾ ਅਤੇ ਫਿਰ ਰੋਹਤਕ ਜ਼ਿਲ੍ਹੇ 'ਚ ਆਪਣੇ ਆਸ਼ਰਮ ਸਥਾਪਤ ਕੀਤੇ। ਉਹ ਹਰਿਆਣਾ ਦੇ ਪਿੰਡ-ਪਿੰਡ ਅਤੇ ਜ਼ਿਲ੍ਹੇ-ਜ਼ਿਲ੍ਹੇ 'ਚ ਘੁੰਮ-ਘੁੰਮ ਕੇ ਪ੍ਰਵਚਨ ਦਿੰਦਾ ਸੀ।


DIsha

Content Editor

Related News