ਕਸ਼ਮੀਰ ’ਚ ਢਾਈ ਸਾਲਾਂ ਬਾਅਦ ਮੁੜ ਖੁੱਲ੍ਹੇ ਸਕੂਲ, ਅਧਿਆਪਕਾਂ ਨੇ ਬੱਚਿਆਂ ਦਾ ਫੁੱਲਾਂ ਨਾਲ ਕੀਤਾ ਸਵਾਗਤ
Thursday, Mar 03, 2022 - 04:00 PM (IST)
ਸ਼੍ਰੀਨਗਰ– ਕਸ਼ਮੀਰ ਘਾਟੀ ’ਚ 31 ਮਹੀਨਿਆਂ (ਢਾਈ ਸਾਲ) ਬਾਅਦ ਸਕੂਲ ਮੁੜ ਖੋਲ੍ਹ ਦਿੱਤੇ ਗਏ ਹਨ। ਲੰਬੇ ਸਮੇਂ ਬਾਅਦ ਸਕੂਲ ਪਹੁੰਚਣ ’ਤੇ ਬੱਚੇ ਕਾਫ਼ੀ ਖੁੱਸ਼ ਦਿਸੇ, ਜਿਨ੍ਹਾਂ ਦਾ ਅਧਿਆਪਕਾਂ ਨੇ ਫੁੱਲਾਂ ਨਾਲ ਸਵਾਗਤ ਕੀਤਾ। ਕਸ਼ਮੀਰ ’ਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ’ਚ ਆਮ ਕੰਮਕਾਜ ਸ਼ੁਰੂ ਹੋ ਗਿਆ।
5 ਅਗਸਤ, 2019 ਨੂੰ ਧਾਰਾ 370 ਹਟਣ ਤੋਂ ਬਾਅਦ ਲੱਗੀਆਂ ਪਾਬੰਦੀਆਂ ਅਤੇ ਕੋਰੋਨਾ ਕਾਰਨ ਘਾਟੀ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪੰਜਵੀਂ ਜਮਾਤ ਦੀ ਵਿਦਿਆਰਥਣ ਬੁਰਹਾਨ ਨੇ ਦੱਸਿਆ ਕਿ ਸਕੂਲ ਪਹੁੰਚਣ ’ਤੇ ਉਹ ਕਾਫ਼ੀ ਖੁੱਸ਼ ਹੈ। ਇੰਨ੍ਹੇ ਸਮੇਂ ਬਾਅਦ ਆਪਣੇ ਦੋਸਤਾਂ ਨੂੰ ਮਿਲੀ ਹਾਂ। ਆਫਲਾਈਨ ਜਮਾਤ ਚੰਗੀ ਹੈ ਕਿਉਂਕਿ ਇਸ ਵਿਚ ਅਧਿਆਪਕਾਂ ਦੇ ਨਾਲ ਚੰਗੀ ਗੱਲਬਾਤ ਹੋ ਪਾਉਂਦੀ ਹੈ।
ਆਨਲਾਈਨ ਜਮਾਤਾਂ ’ਚ ਸਮੱਸਿਆ ਆਉਂਦੀ ਸੀ। ਵਿਦਿਆਰਥਣ ਬਿਲਕਿਸ ਨੇ ਕਿਹਾ ਕਿ ਉਹ ਅੱਜ ਕਰੀਬ ਢਾਈ ਸਾਲਾਂ ਬਾਅਦ ਸਕੂਲ ਪਹੁੰਚੀ ਹੈ, ਬੀਤੇ ਇਕ ਹਫ਼ਤੇ ਤੋਂ ਇਸਦੀ ਤਿਆਰੀ ਕਰ ਰਹੀ ਸੀ। ਡਿਜਾਸਟਰ ਮੈਨੇਜਮੈਂਟ ਦੇ ਆਦੇਸ਼ਾਂ ਮੁਤਾਬਕ, ਵਿਦਿਆਰਥੀਆਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੈ। ਸਵੇਰੇ ਹਰ ਸਕੂਲ ਦੇ ਗੇਟ ’ਤੇ ਮਾਸਕ ਦੀ ਜਾਂਚ ਦੇ ਨਾਲ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਸੀ। ਵਿਦਿਆਰਥੀਆਂ ਦੀ ਥਰਮਲ ਸਕਰੀਨਿੰਗ ਕੀਤੀ ਗਈ।
ਇਕ ਸਕੂਲ ਦੀ ਅਧਿਆਪਕਾ ਸੁਮੈਯਾ ਨੇ ਕਿਹਾ ਕਿ ਬੱਚਿਆਂ ਦੇ ਨਾਲ ਅਧਿਆਪਕ ਅਤੇ ਮਾਤਾ-ਪਿਤਾ ਵੀ ਖੁੱਸ਼ ਹਨ ਕਿ ਸਕੂਲ ਮੁੜੇ ਖੁੱਲ੍ਹੇ ਹਨ। ਕੋਵਿਡ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸਕੂਲ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਬੱਚਿਆਂ ਨੂੰ ਪ੍ਰਾਥਨਾ ਸਭਾ ਦੌਰਾਨ ਸਮਾਜਿਕ ਦੂਰੀ ਦਾ ਧਿਆਨ ਰੱਖਣ ਲਈ ਕਿਹਾ ਗਿਆ।
ਕਸ਼ਮੀਰ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਤਸਾਦੁਕ ਹੁਸੈਨ ਨੇ ਕਿਹਾ ਕਿ ਕਰੀਬ ਢਾਈ ਸਾਲਾਂ ਬਾਅਦ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਖੋਲ੍ਹੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਅਧਿਆਪਕਾਂ ਨੂੰ ਆਦੇਸ਼ ਦਿੱਤੇ ਹਨ ਕਿ ਪਹਿਲਾਂ ਕੁਝ ਹਫ਼ਤੇ ਜੋ ਬੱਚਿਆਂ ’ਚ ਮੋਬਾਇਲ ਦੇ ਇਸਤੇਮਾਲ ਦਾ ਚਲਣ ਪਿਛਲੇ ਕਈ ਮਹੀਨਿਆਂ ਤੋਂ ਸ਼ੁਰੂ ਹੋ ਗਿਆ ਸੀ, ਉਸ ’ਤੇ ਕੰਮ ਕੀਤਾ ਜਾਵੇ। ਇਸਤੋਂ ਇਲਾਵਾ ਵਿਦਿਆਰਥੀਆਂ ਦੀ ਸਿਹਤ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।