''Good Morning'' ਦੀ ਜਗ੍ਹਾ ''ਰਾਧੇ-ਰਾਧੇ'' ਬੋਲੀ ਵਿਦਿਆਰਥਣ, ਪ੍ਰਿੰਸੀਪਲ ਨੇ ਬੁਰੀ ਤਰ੍ਹਾਂ ਕੁੱਟਿਆ

Friday, Aug 01, 2025 - 04:16 PM (IST)

''Good Morning'' ਦੀ ਜਗ੍ਹਾ ''ਰਾਧੇ-ਰਾਧੇ'' ਬੋਲੀ ਵਿਦਿਆਰਥਣ, ਪ੍ਰਿੰਸੀਪਲ ਨੇ ਬੁਰੀ ਤਰ੍ਹਾਂ ਕੁੱਟਿਆ

ਰਾਏਪੁਰ- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਸਕੂਲ ਪ੍ਰਿੰਸੀਪਲ ਨੇ ਨਰਸਰੀ ਦੀ ਇਕ ਮਾਸੂਮ ਬੱਚੀ ਨੂੰ 'ਗੁੱਡ ਮਾਰਨਿੰਗ' ਦੀ ਬਜਾਏ 'ਰਾਧੇ-ਰਾਧੇ' ਕਹਿਣ 'ਤੇ ਬੇਰਹਿਮੀ ਨਾਲ ਕੁੱਟਿਆ ਅਤੇ ਉਸ ਦੇ ਮੂੰਹ 'ਤੇ ਟੇਪ ਲਗਾ ਦਿੱਤੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਸਕੂਲ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਨੰਦਿਨੀ ਨਗਰ ਥਾਣਾ ਖੇਤਰ ਦੇ ਬਾਗਡੂਮਰ 'ਚ ਸਥਿਤ ਮਦਰ ਟੈਰੇਸਾ ਇੰਗਲਿਸ਼ ਮੀਡੀਅਮ ਸਕੂਲ 'ਚ ਵਾਪਰੀ। ਕੁੜੀ ਦੇ ਪਿਤਾ ਪ੍ਰਵੀਨ ਯਾਦਵ ਨੇ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਪਿਛਲੇ ਬੁੱਧਵਾਰ ਨੂੰ ਜਦੋਂ ਉਸ ਦੀ ਸਾਢੇ ਤਿੰਨ ਸਾਲ ਦੀ ਧੀ ਸਕੂਲ ਤੋਂ ਵਾਪਸ ਆਈ ਤਾਂ ਉਹ ਡਰੀ ਹੋਈ ਸੀ ਅਤੇ ਰੋ ਰਹੀ ਸੀ। ਪੁੱਛਣ 'ਤੇ ਕੁੜੀ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਏਲਾ ਈਵਾਨ ਕੋਲਵਿਨ ਨੇ ਉਸ ਨੂੰ ਕੁੱਟਿਆ ਕਿਉਂਕਿ ਉਸ ਨੇ 'ਗੁੱਡ ਮਾਰਨਿੰਗ' ਦੀ ਬਜਾਏ 'ਰਾਧੇ-ਰਾਧੇ' ਕਿਹਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਕੁੜੀ ਦੇ ਗੁੱਟ 'ਤੇ ਡੰਡੇ ਨਾਲ ਕੁੱਟਮਾਰ ਦੇ ਨਿਸ਼ਾਨ ਸਨ ਅਤੇ ਉਸ ਦੇ ਮੂੰਹ 'ਤੇ ਟੇਪ ਚਿਪਕਾਈ ਗਈ ਸੀ। ਇਸ ਅਣਮਨੁੱਖੀ ਰਵੱਈਏ ਨਾਲ ਕੁੜੀ ਮਾਨਸਿਕ ਤੌਰ 'ਤੇ ਵੀ ਦੁਖੀ ਹੋਈ ਹੈ। ਜਦੋਂ ਪਰਿਵਾਰ ਨੇ ਸਕੂਲ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਬੰਧਨ ਟਾਲ-ਮਟੋਲ ਕਰਕੇ ਜਵਾਬ ਦੇਣ ਤੋਂ ਬਚਿਆ। ਮਾਮਲਾ ਗੰਭੀਰ ਹੁੰਦਾ ਦੇਖ ਕੇ ਪੁਲਸ ਨੇ ਪ੍ਰਿੰਸੀਪਲ ਵਿਰੁੱਧ ਆਈਪੀਸੀ ਅਤੇ ਜੁਵੇਨਾਈਲ ਜਸਟਿਸ ਐਕਟ 2015 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ 'ਚ ਕੁੜੀ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਅਤੇ ਸਕੂਲ ਦੀ ਲਾਪਰਵਾਹੀ ਵੀ ਸਾਹਮਣੇ ਆਈ। ਦੋਸ਼ੀ ਪ੍ਰਿੰਸੀਪਲ ਨੂੰ ਅਦਾਲਤ 'ਚ ਪੇਸ਼ ਕਰਕੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ 'ਚ ਗੁੱਸੇ ਦੀ ਲਹਿਰ ਫੈਲ ਗਈ ਹੈ। ਪਰਿਵਾਰ ਗ੍ਰਾਮ ਪੰਚਾਇਤ ਸਰਪੰਚ ਦਾਮਿਨੀ ਸਾਹੂ ਨਾਲ ਪੁਲਸ ਸਟੇਸ਼ਨ ਪਹੁੰਚਿਆ ਅਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News