ਪ੍ਰੀਖਿਆ ਦੇਣ ਗਈ ਸਿੱਖ ਵਿਦਿਆਰਥਣ ਦੀ ਉਤਰਵਾਈ ਪੱਗ ਤੇ ਕਿਰਪਾਨ, ਭੱਖ ਗਿਆ ਮਾਹੌਲ

Monday, Mar 02, 2026 - 12:11 PM (IST)

ਪ੍ਰੀਖਿਆ ਦੇਣ ਗਈ ਸਿੱਖ ਵਿਦਿਆਰਥਣ ਦੀ ਉਤਰਵਾਈ ਪੱਗ ਤੇ ਕਿਰਪਾਨ, ਭੱਖ ਗਿਆ ਮਾਹੌਲ

ਰਤਲਾਮ- ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਵਲੋਂ ਐਤਵਾਰ ਨੂੰ ਆਯੋਜਿਤ ਰਾਜ ਪਾਤਰਤਾ ਪ੍ਰੀਖਿਆ (SET) ਦੌਰਾਨ ਰਤਲਾਮ ਦੇ ਇਕ ਪ੍ਰੀਖਿਆ ਕੇਂਦਰ 'ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਦੀ ਦਸਤਾਰ (ਦੁਮਾਲਾ ਸਾਹਿਬ) ਖੁਲ੍ਹਵਾਉਣ ਅਤੇ ਕਿਰਪਾਨ ਉਤਾਰਨ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸਾਗੋਦ ਰੋਡ ਸਥਿਤ ਉਤਕ੍ਰਿਸ਼ਟ ਸਕੂਲ ਪ੍ਰੀਖਿਆ ਕੇਂਦਰ 'ਤੇ ਵਾਪਰੀ ਇਸ ਘਟਨਾ ਕਾਰਨ ਸਿੱਖ ਸਮਾਜ 'ਚ ਭਾਰੀ ਰੋਸ ਫੈਲ ਗਿਆ ਅਤੇ ਸੰਗਤਾਂ ਨੇ ਮੌਕੇ 'ਤੇ ਪਹੁੰਚ ਕੇ ਤਿੱਖਾ ਵਿਰੋਧ ਦਰਜ ਕਰਵਾਇਆ।

ਕੀ ਹੈ ਪੂਰਾ ਮਾਮਲਾ? 

ਜਾਣਕਾਰੀ ਅਨੁਸਾਰ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਪ੍ਰੀਖਿਆ ਦੇਣ ਆਈ ਵਿਦਿਆਰਥਣ ਗੁਰਲੀਨ ਕੌਰ ਜਦੋਂ ਰਤਲਾਮ ਦੇ ਪ੍ਰੀਖਿਆ ਕੇਂਦਰ ਪਹੁੰਚੀ ਤਾਂ ਸੁਰੱਖਿਆ ਜਾਂਚ ਦੇ ਨਾਂ 'ਤੇ ਮਹਿਲਾ ਸਟਾਫ ਨੇ ਉਸ ਨੂੰ ਇਕ ਵੱਖਰੇ ਕਮਰੇ 'ਚ ਲਿਜਾ ਕੇ ਉਸ ਦੀ ਦਸਤਾਰ ਖੁਲ੍ਹਵਾਈ ਅਤੇ ਕਿਰਪਾਨ ਵੀ ਉਤਰਵਾ ਦਿੱਤੀ। ਗੁਰਲੀਨ ਕੌਰ ਨੇ ਦੱਸਿਆ ਕਿ ਇਹ ਉਸ ਦੀ ਧਾਰਮਿਕ ਪਛਾਣ ਅਤੇ ਪਰੰਪਰਾ ਦਾ ਹਿੱਸਾ ਹੈ। ਉਸ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਕਈ ਪ੍ਰੀਖਿਆਵਾਂ ਦਿੱਤੀਆਂ ਹਨ ਪਰ ਅਜਿਹੀ ਸਥਿਤੀ ਦਾ ਸਾਹਮਣਾ ਕਦੇ ਨਹੀਂ ਕਰਨਾ ਪਿਆ।

ਸਿੱਖ ਸਮਾਜ ਵੱਲੋਂ ਪ੍ਰਦਰਸ਼ਨ 

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿੱਖ ਸਮਾਜ ਦੇ ਪ੍ਰਤੀਨਿਧ ਅਤੇ ਹੋਰ ਲੋਕ ਪ੍ਰੀਖਿਆ ਕੇਂਦਰ ਪਹੁੰਚ ਗਏ। ਉਨ੍ਹਾਂ ਨੇ ਕੇਂਦਰ ਦੇ ਮੁਖੀ ਅਤੇ ਪ੍ਰਿੰਸੀਪਲ ਸੁਭਾਸ਼ ਕੁਮਾਵਤ ਨਾਲ ਮੁਲਾਕਾਤ ਕਰਕੇ ਇਤਰਾਜ਼ ਜਤਾਇਆ ਕਿ ਪ੍ਰੀਖਿਆ ਦੇ ਨਿਯਮਾਂ 'ਚ ਕਿਤੇ ਵੀ ਦਸਤਾਰ ਉਤਾਰਨ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਉਨ੍ਹਾਂ ਨੇ ਜਾਂਚ ਕਰਨ ਵਾਲੀ ਮਹਿਲਾ ਕਰਮਚਾਰੀ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ।

ਪ੍ਰਸ਼ਾਸਨ ਨੇ ਜਤਾਇਆ ਅਫਸੋਸ 

ਵਿਵਾਦ ਵਧਦਾ ਦੇਖ ਕੇ ਐੱਸ.ਡੀ.ਐੱਮ. (ਸਬ-ਡਿਵੀਜ਼ਨਲ ਮੈਜਿਸਟਰੇਟ) ਆਰਚੀ ਹਰਿਤ, ਐੱਸ.ਡੀ.ਐੱਮ. ਵਿਵੇਕ ਸੋਨਕਰ ਅਤੇ ਸੀ.ਐੱਸ.ਪੀ. (ਸ਼ਹਿਰ ਦੇ ਪੁਲਸ ਸੁਪਰਡੈਂਟ) ਸਤਿੰਦਰ ਘਨਘੋਰੀਆ ਸਮੇਤ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚੀ। ਕੇਂਦਰ ਦੇ ਪ੍ਰਿੰਸੀਪਲ ਨੇ ਸਪੱਸ਼ਟ ਕੀਤਾ ਕਿ ਸਟਾਫ ਨੂੰ ਸਿੱਖ ਪਰੰਪਰਾਵਾਂ ਦੀ ਜਾਣਕਾਰੀ ਨਹੀਂ ਸੀ, ਜਿਸ ਕਾਰਨ ਇਹ ਅਣਜਾਣੇ 'ਚ ਹੋਇਆ। ਪ੍ਰਸ਼ਾਸਨ ਅਤੇ ਪ੍ਰੀਖਿਆ ਕੇਂਦਰ ਦੇ ਮੁਖੀ ਵੱਲੋਂ ਇਸ ਘਟਨਾ 'ਤੇ ਖੇਦ ਪ੍ਰਗਟ ਕੀਤੇ ਜਾਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਐੱਸ.ਡੀ.ਐੱਮ. ਵਿਵੇਕ ਸੋਨਕਰ ਨੇ ਕਿਹਾ ਕਿ ਭਵਿੱਖ 'ਚ ਅਜਿਹੇ ਮਾਮਲਿਆਂ 'ਚ ਵਿਸ਼ੇਸ਼ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News