ਆਵਾਰਾ ਕੁੱਤਿਆਂ ਨੇ ਉਜਾੜਿਆ ਪਰਿਵਾਰ, ਪਹਿਲਾਂ ਵੱਡੇ ਪੁੱਤ ਦੀ ਲਈ ਜਾਨ, 2 ਦਿਨ ਬਾਅਦ ਬਣੇ ਛੋਟੇ ਦਾ ਕਾਲ
Monday, Mar 13, 2023 - 09:59 PM (IST)
ਨੈਸ਼ਨਲ ਡੈਸਕ: ਆਵਾਰਾ ਕੁੱਤਿਆਂ ਨੇ ਇਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ। ਕੁੱਤਿਆਂ ਵੱਲੋਂ ਪਰਿਵਾਰ ਦੇ ਵੱਡੇ ਪੁੱਤਰ ਨੂੰ ਦਰਿੰਦਗੀ ਭਰੇ ਢੰਗ ਨਾਲ ਨੋਚ-ਨੋਚ ਕੇ ਖਾਧਾ ਜਿਸ ਦੀ ਦਰਦਨਾਕ ਮੌਤ ਹੋ ਗਈ ਤੇ ਉਸ ਦੀ ਲਾਸ਼ ਜੰਗਲੀ ਇਲਾਕੇ ਨੇੜੇ ਮਿਲੀ। ਇਸ ਘਟਨਾ ਤੋਂ 2 ਦਿਨ ਬਾਅਦ ਕੁੱਤਿਆਂ ਨੇ ਮ੍ਰਿਤਕ ਦੇ ਛੋਟੇ ਭਰਾ ਨੂੰ ਆਪਣਾ ਸ਼ਿਕਾਰ ਬਣਾਇਆ ਜਿਸ ਨੂੰ ਹਸਪਤਾਲ ਲਿਜਾਣ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਜਪਾਨੀ ਕੁੜੀ ਨਾਲ ਬਦਸਲੂਕੀ: ਵੀਡੀਓ ਦੇ ਅਧਾਰ 'ਤੇ 3 ਵਿਅਕਤੀ ਕਾਬੂ; ਪੀੜਤਾ ਨੇ ਟਵੀਟ ਕਰ ਕਹੀ ਇਹ ਗੱਲ
ਉਕਤ ਘਟਨਾਵਾਂ ਸਾਊਥ ਦਿੱਲੀ ਦੇ ਵਸੰਤ ਕੁੰਜ ਦੇ ਰੰਗਪੁਰੀ ਇਲਾਕੇ ਦੀਆਂ ਹਨ। ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣੇ ਮਾਸੂਮਾਂ ਦੀ ਪਛਾਣ 7 ਸਾਲਾ ਆਨੰਦ ਤੇ 5 ਸਾਲਾ ਆਦਿਤਿਯ ਵਜੋਂ ਹੋਈ ਹੈ। ਇਨ੍ਹਾਂ ਦਾ ਪਰਿਵਾਰ ਰੰਗਪੁਰੀ ਦੇ ਰੁਚੀ ਵਿਹਾਰ ਸਥਿਤ ਝੁੱਗੀ ਸਿੰਧੀ ਬਸਤੀ ਵਿਚ ਰਹਿੰਦਾ ਹੈ। ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਉਰਫ਼ੀ ਜਾਵੇਦ ਲਈ ਨਵੀਂ ਮੁਸੀਬਤ! 'ਭੜਕੀਲੇ' ਕੱਪੜੇ ਪਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਮਿਲਿਆ ਕਾਨੂੰਨੀ ਨੋਟਿਸ
ਪਰਿਵਾਰ ਨੇ ਦਰਜ ਕਰਵਾਈ ਸੀ ਗੁਮਸ਼ੁਦਗੀ ਦੀ ਰਿਪੋਰਟ
ਝੁੱਗੀ ਸਿੰਧੀ ਬਸਤੀ ਵਿਚ ਰਹਿਣ ਵਾਲੇ ਪਰਿਵਾਰ ਨੇ ਆਪਣੇ 7 ਸਾਲਾ ਪੁੱਤਰ ਆਨੰਦ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਨੇ ਸੂਚਨਾ ਤੋਂ ਬਾਅਦ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਜਾਂਚ-ਪੜਤਾਲ ਦੌਰਾਨ ਜੰਗਲ ਦੇ ਕੰਢੇ ਬੱਚੇ ਦੀ ਲਾਸ਼ ਮਿਲੀ। ਬੱਚੇ ਦੇ ਸਰੀਰ 'ਤੇ ਜਾਨਵਰ ਦੇ ਵੱਡਣ ਦੇ ਕਈ ਨਿਸ਼ਾਨ ਸਨ। ਆਲੇ-ਦੁਆਲੇ ਪੁੱਛਣ 'ਤੇ ਪਤਾ ਲੱਗਿਆ ਕਿ ਇਲਾਕੇ ਵਿਚ ਕਈ ਅਵਾਰਾ ਕੁੱਤੇ ਹਨ ਜੋ ਇਲਾਕੇ ਵਿਚ ਬਕਰੀਆਂ ਤੇ ਸੂਰਾਂ 'ਤੇ ਹਮਲਾ ਕਰ ਦਿੰਦੇ ਹਨ। ਪੁਲਸ ਨੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਬੱਚੇ ਦੀ ਲਾਸ਼ ਨੂੰ ਸਫਦਰਜੰਗ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਸੀਰੀਅਲ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਲੱਗੀ ਭਿਆਨਕ ਅੱਗ
ਦੋ ਦਿਨਾਂ ਬਾਅਦ ਹੀ ਮ੍ਰਿਤਕ ਦੇ ਛੋਟੇ ਭਰਾ ਨੂੰ ਬਣਾਇਆ ਸ਼ਿਕਾਰ
ਘਟਨਾ ਦੇ ਦੋ ਦਿਨ ਬਾਅਦ ਹੀ ਮ੍ਰਿਤਕ ਦੇ ਛੋਟੇ ਭਰਾ 'ਤੇ ਵੀ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ 12 ਤਾਰੀਖ਼ ਨੂੰ 5 ਸਾਲਾ ਆਦਿਤਿਯ ਆਪਣੇ ਚਾਚੇ ਦੇ ਮੁੰਡੇ ਚੰਦਨ ਦੇ ਨਾਲ ਜੰਗਲ ਪਾਣੀ ਗਿਆ ਸੀ। ਉਸ ਨੇ ਆਦਿਤਿਯ ਨੂੰ ਕੁੱਝ ਹੀ ਦੂਰ ਛੱਡ ਦਿੱਤਾ। ਜਦੋਂ ਉਹ ਵਾਪਸ ਪਰਤਿਆ ਤਾਂ ਆਦਿਤਿਯ ਨੂੰ ਜ਼ਖ਼ਮੀ ਹਾਲਤ ਵਿਚ ਆਵਾਰਾ ਕੁੱਤਿਆਂ ਵਿਚ ਘਿਰਿਆ ਦੇਖਿਆ। ਸੂਚਨਾ ਮਿਲਣ ਤੋਂ ਬਾਅਦ ਇਲਾਕੇ ਵਿਚ ਤਾਇਨਾਤ ਐੱਸ.ਆਈ. ਮਹਿੰਦਰ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਉਹ ਬੱਚੇ ਨੂੰ ਆਪਣੀ ਕਾਰ ਵਿਚ ਲੈ ਕੇ ਹਸਪਤਾਲ ਪਹੁੰਚੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।