'ਸਟੈਚਿਊ ਆਫ ਯੂਨਿਟੀ' ਨੇ ਤੋੜਿਆ ਸਟੈਚਿਊ ਆਫ ਲਿਬਰਟੀ ਦਾ ਰਿਕਾਰਡ
Friday, Dec 06, 2019 - 10:33 PM (IST)

ਨਵੀਂ ਦਿੱਲੀ — ਉਦਘਾਟਨ ਦੇ ਸਾਲ ਬਾਅਦ ਹੀ ਸਟੈਚਿਊ ਆਫ ਯੂਨਿਟੀ ਨੂੰ ਰੋਜਾਨਾ ਦੇਖਣ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਅਮਰੀਕਾ ਦੇ 133 ਸਾਲ ਪੁਰਾਣੇ ਸਟੈਚਿਊ ਆਫ ਲਿਬਰਟੀ ਦੇ ਸੈਲਾਨੀਆਂ ਤੋਂ ਜ਼ਿਆਦਾ ਹੋ ਗਈ ਹੈ। ਗੁਜਰਾਤ ਸਥਿਤ ਇਸ ਸਮਾਰਕ ਨੂੰ ਦੇਖਣ ਕਰੀਬ 15000 ਤੋਂ ਜ਼ਿਆਦਾ ਸੈਲਾਨੀ ਰੋਜ਼ਾਨਾ ਪਹੁੰਚ ਰਹੇ ਹਨ। ਸਰਦਾਰ ਸਰੋਵਰ ਨਰਮਦਾ ਨਿਗਮ ਲਿਮਟਿਡ ਨੇ ਇਕ ਬਿਆਨ 'ਚ ਕਿਹਾ ਹੈ, 'ਪਹਿਲੀ ਨਵੰਬਰ 2018 ਤੋਂ 31 ਅਕਤੂਬਰ 2019 ਤਕ ਪਹਿਲੇ ਸਾਲ 'ਚ ਰੋਜ਼ਾਨਾ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਔਸਤਨ 74 ਫੀਸਦੀ ਵਾਧਾ ਹੋਇਆ ਹੈ ਅਤੇ ਦੂਜੇ ਸਾਲ ਦੇ ਪਹਿਲੇ ਮਹੀਨੇ 'ਚ ਸੈਲਾਨੀਆਂ ਦੀ ਗਿਣਤੀ ਔਸਤਨ 15036 ਸੈਲਾਨੀ ਰੋਜ਼ਾਨਾ ਹੋ ਗਈ ਹੈ।
ਬਿਆਨ 'ਚ ਕਿਹਾ ਗਿਆ ਹੈ, 'ਹਫਤੇ ਦੇ ਅਖੀਰ 'ਚ ਇਹ 22,430 ਹੋ ਗਈ ਹੈ। ਅਮਰੀਕਾ ਦੇ ਨਿਊਯਾਰਕ 'ਚ ਸਟੈਚਿਊ ਆਫ ਲਿਬਰਟੀ ਨੂੰ ਦੇਖਣ ਰੋਜ਼ਾਨਾ 10,000 ਸੈਲਾਨੀ ਪਹੁੰਚਦੇ ਹਨ।' ਸਟੈਚਿਊ ਆਫ ਯੂਨਿਟੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉੱਚੀ ਮੂਰਤੀ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ। ਇਹ ਮੂਰਤੀ ਗੁਜਰਾਤ ਦੇ ਕੇਵੜੀਆ ਕਾਲੋਨੀ 'ਚ ਨਰਮਦਾ ਨਦੀ 'ਤੇ ਸਰਦਾਰ ਸਰੋਵਰ ਬੰਨ੍ਹ ਦੇ ਨੇੜੇ ਹੈ। ਭਾਰਤੀ ਮੂਰਤੀ ਕਾਰ ਰਾਮ ਵੀ ਸੁਤਾਰ ਨੇ ਇਸ ਦਾ ਡਿਜ਼ਾਇਨ ਤਿਆਰ ਕੀਤਾ ਸੀ। ਪਹਿਲੀ ਵਾਰ ਸਾਲ 2010 'ਚ ਇਸ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ 2018 ਨੂੰ ਉਸ ਦੀ ਘੁੰਡ ਚੁਕਾਈ ਕੀਤੀ ਸੀ। ਸਰਦਾਰ ਸਰੋਵਰ ਨਰਮਦਾ ਨਿਗਮ ਲਿਮਟਿਡ ਨੇ ਇਸ ਮੂਰਤੀ ਦੇ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਦਾ ਸਿਹਰਾ ਜੰਗਲ ਸਫਾਰੀ, ਬੱਚਿਆਂ ਦੇ ਨਿਊਟ੍ਰੀਸ਼ਨ ਪਾਰਕ, ਕੈਕਟਸ ਗਾਰਡਨ, ਬਟਰਫਲਾਈ ਗਾਰਡਨ, ਏਕਤਾ ਨਰਸਰੀ, ਨਦੀ ਰਾਫਟਿੰਗ, ਬੋਟਿੰਗ ਆਦਿ ਵਰਗੇ ਖਿੱਚ ਦੇ ਕੇਂਦਰਾਂ ਨੂੰ ਦਿੱਤਾ ਹੈ।