ਸ਼੍ਰੀ ਸ਼੍ਰੀ ਰਵੀਸ਼ੰਕਰ ਵਿਰੁੱਧ ਦਰਜ ਹੋਵੇ ਕੇਸ : ਓਵੈਸੀ

Wednesday, Mar 07, 2018 - 12:50 AM (IST)

ਸ਼੍ਰੀ ਸ਼੍ਰੀ ਰਵੀਸ਼ੰਕਰ ਵਿਰੁੱਧ ਦਰਜ ਹੋਵੇ ਕੇਸ : ਓਵੈਸੀ

ਬਰੇਲੀ—ਆਰਟ ਆਫ ਲਿਵਿੰਗ ਦੇ ਮੁਖੀ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਮੁਖੀ ਅਸਦੂਦੀਨ ਓਵੈਸੀ ਦਰਮਿਆਨ ਮੰਗਲਵਾਰ ਤਿੱਖੇ ਜਵਾਬੀ ਹਮਲੇ ਵੇਖਣ ਨੂੰ ਮਿਲੇ। ਕਾਰਨ ਬਣਿਆ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਅਯੁੱਧਿਆ ਵਾਲਾ ਉਹ ਬਿਆਨ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਵਿਵਾਦ ਦੇ ਹੱਲ ਨਾ ਹੋਣ 'ਤੇ ਭਾਰਤ ਸੀਰੀਆ ਬਣ ਜਾਵੇਗਾ।
ਓਵੈਸੀ ਨੇ ਰਵੀਸ਼ੰਕਰ ਦੇ ਇਸ ਬਿਆਨ ਨੂੰ ਭੜਕਾਊ ਦੱਸਦਿਆਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਤਕ ਕਰ ਦਿੱਤੀ। ਸ਼੍ਰੀ ਸ਼੍ਰੀ ਨੇ ਟਵਿਟਰ ਰਾਹੀਂ ਓਵੈਸੀ 'ਤੇ ਜਵਾਬੀ ਹਮਲਾ ਕੀਤਾ ਅਤੇ ਲਿਖਿਆ ਕਿ ਅਲਰਟ ਕਰਨ ਨੂੰ ਧਮਕੀ ਅਤੇ ਸਦਭਾਵਨਾ ਨੂੰ ਹਮਲਾ ਮੰਨਣਾ ਮਾੜੀ ਅਤੇ ਵਿਗੜੀ ਸੋਚ ਦਾ ਪ੍ਰਤੀਕ ਹੈ। ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਅਦਾਲਤ ਤੋਂ ਬਾਹਰ ਰਾਮ ਮੰਦਰ ਦੇ ਮੁੱਦੇ ਨੂੰ ਹੱਲ ਕੀਤੇ ਜਾਣ ਸਬੰਧੀ ਆਪਣੇ ਬਿਆਨ ਬਾਰੇ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੋਈ ਧਮਕੀ ਨਹੀਂ ਹੈ, ਚਿਤਾਵਨੀ ਹੈ। ਭਾਰਤ 'ਚ ਸ਼ਾਂਤੀ ਰਹਿਣੀ ਚਾਹੀਦੀ ਹੈ। ਦੇਸ਼ ਨੂੰ ਸੀਰੀਆ ਵਰਗਾ ਨਹੀਂ ਬਣਨ ਦੇਣਾ ਚਾਹੀਦਾ। ਮੈਂ ਤਾਂ ਕਿਸੇ ਨੂੰ ਧਮਕੀ ਬਾਰੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ। ਮਿਡਲ-ਈਸਟ ਦੇਸ਼ਾਂ 'ਚ ਹਾਲਾਤ ਖਰਾਬ ਹਨ। ਉਥੇ ਜਾਣ ਤੋਂ ਡਰ ਲੱਗਦਾ ਹੈ।
ਓਵੈਸੀ ਨੇ ਕਿਹਾ ਕਿ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਭਾਰਤੀ ਸੰਵਿਧਾਨ 'ਤੇ ਭਰੋਸਾ ਨਹੀਂ ਹੈ। ਸੰਵਿਧਾਨ, ਅਦਾਲਤ ਅਤੇ ਕਾਨੂੰਨ 'ਤੇ ਭਰੋਸਾ ਨਾ ਕਰਨ ਵਾਲੇ ਵਿਅਕਤੀ ਨੂੰ ਐੱਫ. ਆਈ. ਆਰ. ਦਰਜ ਕਰਕੇ ਜੇਲ 'ਚ ਬੰਦ ਕਰ ਦੇਣਾ ਚਾਹੀਦਾ ਹੈ। ਸ਼੍ਰੀ ਸ਼੍ਰੀ ਸ਼ਰੇਆਮ ਲੋਕਾਂ ਨੂੰ ਹਿੰਸਾ ਲਈ ਭੜਕਾ ਰਹੇ ਹਨ। ਉਹ ਦੇਸ਼ 'ਚ ਡਰ ਵਾਲਾ ਮਾਹੌਲ ਪੈਦਾ ਕਰ ਰਹੇ ਹਨ। ਜੇ ਉਨ੍ਹਾਂ ਵਿਰੁੱਧ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਬਹੁਤ ਮੰਦਭਾਗੀ ਗੱਲ ਹੋਵੇਗੀ। 
ਦਰਗਾਹ ਆਲਾ ਹਜ਼ਰਤ 'ਤੇ ਚੜ੍ਹਾਈ ਚਾਦਰ-ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਬਰੇਲੀ ਦੀ ਦਰਗਾਹ ਆਲਾ ਹਜ਼ਰਤ ਵਿਖੇ ਮੰਗਲਵਾਰ ਚਾਦਰ ਚੜ੍ਹਾਈ ਅਤੇ ਇਤਿਹਾਦ-ਏ-ਮਿਲਤ ਕੌਂਸਲ ਦੇ ਮੁਖੀ ਮੌਲਾਨਾ ਤੌਕੀਰ ਰਜ਼ਾ ਖਾਂ ਨਾਲ ਮੁਲਾਕਾਤ ਕੀਤੀ। ਰਵੀਸ਼ੰਕਰ ਇਕ ਨਿੱਜੀ ਹਵਾਈ ਜਹਾਜ਼ ਰਾਹੀਂ ਬਰੇਲੀ ਪੁੱਜੇ ਸਨ। ਉਹ ਅਲਖਨਾਥ ਮੰਦਰ ਵਿਖੇ ਵੀ ਗਏ। ਉਨ੍ਹਾਂ ਇਹ ਗੱਲ ਮੁੜ ਦੋਹਰਾਈ ਕਿ ਅਦਾਲਤ ਤੋਂ ਬਾਹਰ ਹੀ ਮੰਦਰ ਸਬੰਧੀ ਸਮਝੌਤਾ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਮੁਸਲਿਮ ਸੰਗਠਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ 1 ਏਕੜ ਜ਼ਮੀਨ ਦੇਣ ਦੇ ਬਦਲੇ ਵਿਚ ਮੁਸਲਮਾਨਾਂ ਨੂੰ ਨੇੜੇ ਹੀ ਵੱਡੀ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਦਿੱਤੀ ਜਾਵੇਗੀ।


Related News