ਸਿੱਖੀ ਦੇ ਅਸੂਲਾਂ ਨਾਲ ਖਿਲਵਾੜ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਹੋਵੇ ਕਾਰਵਾਈ : ਪ੍ਰੋ. ਸਰਚਾਂਦ
Tuesday, Aug 05, 2025 - 09:49 AM (IST)

ਅੰਮ੍ਰਿਤਸਰ (ਸਰਬਜੀਤ) : ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸ੍ਰੀਨਗਰ (ਕਸ਼ਮੀਰ) ਵਿੱਚ ਸਿੱਖਿਆ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਮੌਜੂਦਗੀ ਵਿੱਚ ਭਾਸ਼ਾ ਵਿਭਾਗ ਵੱਲੋਂ ਆਯੋਜਿਤ ਧਾਰਮਿਕ ਸ਼ਹੀਦੀ ਸ਼ਤਾਬਦੀ ਸਮਾਗਮ ਦੌਰਾਨ ਕੀਤੀ ਗਈ ਗੁਰਮਤਿ ਅਤੇ ਸਿੱਖ ਮਰਿਆਦਾ ਦੀ ਉਲੰਘਣਾ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ 6 ਤਰੀਕ ਤਲਬ ਕੀਤੇ ਗਏ ਹਰਜੋਤ ਸਿੰਘ ਬੈਂਸ ਖਿਲਾਫ ਗੁਰਮਤਿ ਦੀ ਰੌਸ਼ਨੀ 'ਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਰਾਹੀਂ ਸਿਰਜੀ ਸਾਡੀ ਅਮੀਰ ਵਿਰਾਸਤ ਨੂੰ ਤਬਾਹ ਕਰਨ ਉੱਤੇ ਤੁਲੀ ਹੋਈ ਹੈ। ਸ੍ਰੀਨਗਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਸਮਰਪਣ ਹੇਠ ਆਯੋਜਿਤ ਸਮਾਗਮ ਨੂੰ ਅਖਾੜਾ ਅਤੇ ਮਨੋਰੰਜਨ ਦੇ ਰੂਪ ਵਿੱਚ ਪੇਸ਼ ਕੀਤਾ ਗਿਆ, ਜਿਸ ਦਾ ਗੁਰਮਤਿ ਅਤੇ ਸ਼ਹਾਦਤ ਦੇ ਫ਼ਲਸਫ਼ੇ ਨਾਲ ਦੂਰ-ਦੂਰ ਤੱਕ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਿੱਖ ਸੰਸਕਾਰਾਂ, ਅਸੂਲਾਂ ਅਤੇ ਅਮੀਰ ਰਵਾਇਤਾਂ ਖਿਲਾਫ਼ ਇੱਕ ਮੰਦਭਾਗਾ ਕਦਮ ਹੈ ਜਿਸ ਨੇ ਪੂਰੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ।
ਇਹ ਵੀ ਪੜ੍ਹੋ : ਤੁਸੀਂ ਵੀ UPI ਰਾਹੀਂ ਰੋਜ਼ਾਨਾ ਕਰਦੇ ਹੋ ਭੁਗਤਾਨ, ਤਾਂ ਤੁਹਾਨੂੰ ਮਿਲ ਸਕਦਾ ਹੈ ਟੈਕਸ ਨੋਟਿਸ! ਇਹ ਬਚਣ ਦਾ ਤਰੀਕਾ
ਪ੍ਰੋ. ਖਿਆਲਾ ਨੇ ਸਪੱਸ਼ਟ ਕੀਤਾ ਕਿ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਕਦੇ ਵੀ ਮਨੋਰੰਜਨਕ ਮੇਲੇ ਜਾਂ ਜਸ਼ਨ ਨਹੀਂ ਹੁੰਦੇ। ਇਹ ਆਤਮਿਕ ਚੇਤਨਾ, ਗੁਰਮਤਿ ਸਿਧਾਂਤਾਂ ਅਤੇ ਸ਼ਹਾਦਤ ਦੀ ਸੰਕਲਪਨਾ ਦੇ ਪ੍ਰਤੀਕ ਹਨ, ਜਿਨ੍ਹਾਂ ਨੂੰ ਸੇਵਾ, ਸਿਮਰਨ, ਕੀਰਤਨ ਅਤੇ ਗੁਰਬਾਣੀ ਦੇ ਆਧਾਰ ਤੇ ਮਨਾਇਆ ਜਾਂਦਾ ਹੈ, ਨਾ ਕਿ ਨੱਚ-ਟੱਪਕੇ ਅਤੇ ਅਖਾੜਿਆਂ ਨਾਲ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਸ ਨੈਤਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਸਿੱਖ ਪੰਥ ਅਤੇ ਨਾਨਕ ਨਾਮ ਲੇਵਾ ਸੰਗਤਾਂ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਸਰਕਾਰ ਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਸਿੱਖੀ ਦੇ ਅਸੂਲਾਂ ਨਾਲ ਖਿਲਵਾੜ ਕਰਦੇ ਹਨ ਅਤੇ ਇਹ ਸਾਬਤ ਕਰਦੇ ਹਨ ਕਿ ਮਾਨ ਸਰਕਾਰ ਸਿੱਖ ਧਰਮ ਦੀਆਂ ਰਹੁਰੀਤਾਂ ਤੋਂ ਪੂਰੀ ਤਰ੍ਹਾਂ ਕੋਰੀ ਹੈ। ਪ੍ਰੋ. ਖਿਆਲਾ ਨੇ ਕਿਹਾ ਕਿ ਸ਼ਹਾਦਤ ਮਾਰਗ ਦੇ ਸ਼ਾਹ ਅਸਵਾਰ ਅਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਇਤਿਹਾਸ ਵਿੱਚ ਇੱਕੋ ਇਕ ਅਦਵਿਤੀਯ ਘਟਨਾ ਹੈ। ਇਹ ਸ਼ਹੀਦੀ ਆਪਣੇ ਧਰਮ ਦੀ ਰੱਖਿਆ ਲਈ ਨਹੀਂ ਸਗੋਂ ਹਿੰਦੂ ਸਨਾਤਨ ਧਰਮ ਅਤੇ ਇਸ ਦੇ ਧਾਰਮਿਕ ਚਿੰਨ੍ਹਾਂ ਦੀ ਰਾਖੀ ਲਈ ਦਿੱਤੀ ਗਈ ਸੀ। ਇਸ ਲਈ ਜਦੋਂ ਸ਼ਹੀਦੀ ਸ਼ਤਾਬਦੀ ਵਰਗੇ ਸਮਾਗਮਾਂ ਨੂੰ ਜਸ਼ਨ ਬਣਾਇਆ ਜਾਂਦਾ ਹੈ ਤਾਂ ਇਹ ਗੁਰੂ ਸਾਹਿਬ ਦੇ ਬਲੀਦਾਨ ਦੀ ਆਤਮਿਕਤਾ ਨੂੰ ਰੌਂਦਣ ਦੇ ਬਰਾਬਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8