ਹਰਿਆਣਵੀ ਗਾਇਕ ਮਾਸੂਮ ਸ਼ਰਮਾ ਖਿਲਾਫ ਚੰਡੀਗੜ੍ਹ ’ਚ FIR ਦਰਜ
Tuesday, Jul 29, 2025 - 11:51 PM (IST)

ਚੰਡੀਗੜ੍ਹ (ਸੁਸ਼ੀਲ) - ਪੰਜਾਬ ਯੂਨੀਵਰਸਿਟੀ ਦੇ ਯੂ. ਆਈ. ਈ. ਟੀ. ’ਚ ‘ਸਕਾਈਟ੍ਰੋਨ ਫੈਸਟ’ ਦੇ ਲਾਈਵ ਸ਼ੋਅ ਦੌਰਾਨ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਨੂੰ ਪਾਬੰਦੀਸ਼ੁਦਾ ਗੀਤ ‘ਯੇ ਜਿਤਨੇ ਭੀ ਬੈਠੇ ਸੈ ਮੇਰੀ ਗਲਯ ਗਾੜੀ ਮੇਂ ਕੋਈ ਸੰਤ ਮਹਾਤਮਾ ਕੋਨੀ ਯੇ ਚੰਬਲ ਕੇ ਡਾਕੂ ਸੈ’ ਗਾਉਣਾ ਮਹਿੰਗਾ ਪੈ ਗਿਆ।
ਸ਼ੋਅ ਦੇ 4 ਮਹੀਨਿਆਂ ਬਾਅਦ ਸੈਕਟਰ-11 ਥਾਣੇ ਨੇ ਜੀਂਦ ਦੇ ਰਹਿਣ ਵਾਲੇ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਵਿਰੁੱਧ ਕੇਸ ਦਰਜ ਕੀਤਾ ਹੈ। ਸੈਕਟਰ-11 ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਸੁਰੇਂਦਰ ਸਿੰਘ ਦੇ ਬਿਆਨਾਂ ’ਤੇ ਬੀ. ਐੱਨ. ਐੱਸ. ਦੀ ਧਾਰਾ 223 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਹੁਣ ਪੁਲਸ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਨੂੰ ਬੁਲਾ ਕੇ ਪੁੱਛਗਿੱਛ ਕਰ ਸਕਦੀ ਹੈ।
ਸੈਕਟਰ-11 ਪੁਲਸ ਸਟੇਸ਼ਨ ’ਚ ਦਰਜ ਐੱਫ. ਆਈ. ਆਰ. ਮੁਤਾਬਕ 28 ਮਾਰਚ ਨੂੰ ਕਾਂਸਟੇਬਲ ਸੰਦੀਪ ਦੇ ਨਾਲ ਸੈਕਟਰ-25 ਯੂ. ਆਈ. ਈ. ਟੀ. ਵਿਚ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਲਾਈਵ ਸ਼ੋਅ ਵਿਚ ਡਿਊਟੀ ’ਤੇ ਤਾਇਨਾਤ ਸੀ। ਉਸ ਦਿਨ ਉਕਤ ਹਰਿਆਣਵੀ ਗਾਇਕ ਨੇ ਲਿਖਤੀ ਰੂਪ ਵਿਚ ਦਿੱਤਾ ਸੀ ਕਿ ਉਹ ਲਾਈਵ ਸ਼ੋਅ ਦੌਰਾਨ ਪਾਬੰਦੀਸ਼ੁਦਾ ਗੀਤ ਨਹੀਂ ਗਾਏਗਾ। ਲਾਈਵ ਸ਼ੋਅ ਦੌਰਾਨ ਗਾਇਕ ਨੇ ਉਕਤ ਗੀਤ ਗਾਇਆ ਸੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਗੀਤ ’ਤੇ ਪਾਬੰਦੀ ਲੱਗੀ ਹੋਈ ਸੀ।
ਇਸ ਗਾਣੇ ’ਤੇ ਯੂ-ਟਿਊਬ ’ਤੇ 250 ਮਿਲੀਅਨ ਤੋਂ ਜ਼ਿਆਦਾ ਵਿਊਜ਼ ਸਨ। ਸਰਕਾਰ ਨੇ ਇਸ ਗਾਣੇ ’ਤੇ ਪਾਬੰਦੀ ਲਗਾਈ ਹੋਈ ਹੈ। ਅਜੇ ਤੱਕ ਹਰਿਆਣਾ ਸਰਕਾਰ ਗਨ ਕਲਚਰ ਨੂੰ ਬੜ੍ਹਾਵਾ ਦੇਣ ਵਾਲੇ ਲੱਗਭਗ 3 ਗਾਣਿਆਂ ’ਤੇ ਪਾਬੰਦੀ ਲਗਾ ਚੁੱਕੀ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਮਾਸੂਮ ਸ਼ਰਮਾ ਦੇ ਗਾਣੇ ਹਨ।