ਸੀਐੱਮ ਮਾਨ ਅੱਜ ਮਹਿਲਾ ਪੰਚਾਂ-ਸਰਪੰਚਾਂ ਨੂੰ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਟ੍ਰੇਨ ਨੂੰ ਕਰਨਗੇ ਰਵਾਨਾ
Wednesday, Aug 13, 2025 - 03:36 AM (IST)

ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 13 ਅਗਸਤ ਨੂੰ ਪੰਜਾਬ ਵਿੱਚੋਂ ਲਗਭਗ 500 ਮਹਿਲਾ ਪੰਚ ਅਤੇ ਸਰਪੰਚਾਂ ਨੂੰ ਸੱਚਖੰਡ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਸਪੈਸ਼ਲ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਪਹੁੰਚਣ 'ਤੇ ਮੁੱਖ ਮੰਤਰੀ ਪੰਜਾਬ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ, ਫਿਰ ਸੱਚਖੰਡ ਤਖਤ ਸ਼੍ਰੀ ਹਜ਼ੂਰ ਸਾਹਿਬ ਲਈ ਸਪੈਸ਼ਲ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਸਰਹਿੰਦ ਦੇ ਸੰਗਿਆਣਾ ਪੈਲੇਸ ਵਿਖੇ ਮੁੱਖ ਮੰਤਰੀ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ 500 ਦੇ ਲਗਭਗ ਨਵੇਂ ਬਣੇ ਪੰਚਾਇਤ ਘਰਾਂ ਅਤੇ ਸਾਂਝੇ ਸੇਵਾ ਕੇਂਦਰਾਂ ਦਾ ਵਰਚੁਅਲ ਉਦਘਾਟਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ! ਹਾਦਸੇ ਮਗਰੋਂ ਤੜਫਦਾ ਰਿਹਾ ਟਿੱਪਰ ਦਾ ਡਰਾਈਵਰ ਤੇ ਲੋਕ ਬਣਾਉਂਦੇ ਰਹੇ ਵੀਡੀਓ
ਜ਼ਿਕਰਯੋਗ ਹੈ ਕਿ 13 ਅਗਸਤ ਨੂੰ ਸਰਹੰਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵਾਲੀਆਂ ਮਹਿਲਾਵਾਂ ਸਰਪੰਚ ਅਤੇ ਪੰਚਾਂ ਨੂੰ ਮਹਾਰਾਸ਼ਟਰ ਵਿਖੇ ਪੰਚਾਇਤੀ ਰਾਜ ਇਕਾਈਆਂ ਦੇ ਸਿਖਲਾਈ ਅਤੇ ਅਧਿਐਨ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਪੰਚਾਇਤ, ਪੰਚਾਇਤ ਸੰਮਤੀ, ਜ਼ਿਲ੍ਹਾ ਪਰਿਸ਼ਦ ਦੇ ਕਾਰਜਾਂ ਸਬੰਧੀ ਟ੍ਰੇਨਿੰਗ ਲੈ ਕੇ ਜਾਣਕਾਰੀ ਵੀ ਪ੍ਰਾਪਤ ਕਰਨਗੇ। ਇਹ ਸਾਰੇ ਸਰਪੰਚ-ਪੰਚ 18 ਅਗਸਤ ਨੂੰ ਵਾਪਸ ਪਰਤਣਗੇ। ਇਸ ਮੌਕੇ ਸਰਹੰਦ ਦੇ ਮਹਿਲਾ ਕੌਂਸਲਰ ਆਸ਼ਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਤਾਂਤਰਿਕ ਢੰਗ ਨਾਲ ਚੁਣੀਆਂ ਗਈਆਂ ਸਰਪੰਚ-ਪੰਚ ਮਹਿਲਾਵਾਂ ਨੂੰ ਮੁਫਤ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣਾ ਸ਼ਲਾਘਾਯੋਗ ਉੱਦਮ ਹੈ, ਇਸ ਨਾਲ ਮਹਿਲਾਵਾਂ ਨੂੰ ਹੋਰ ਮਾਣ-ਸਨਮਾਨ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8