''ਆਪ੍ਰੇਸ਼ਨ ਸਿੰਦੂਰ'' ਨਾਲ ਸਬੰਧਤ ਇਤਰਾਜ਼ਯੋਗ ਵੀਡੀਓ ਪੋਸਟ ਕਰਨ ਦੇ ਦੋਸ਼ ''ਚ ਇੰਨਫਲਾਂਸਰ ਸ਼ਰਮਿਸ਼ਠਾ ਗ੍ਰਿਫ਼ਤਾਰ
Monday, Jun 02, 2025 - 04:27 PM (IST)

ਗੁਰੂਗ੍ਰਾਮ/ਕੋਲਕਾਤਾ (ਏਜੰਸੀ)- ਕੋਲਕਾਤਾ ਪੁਲਸ ਨੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਵੀਡੀਓ ਅਪਲੋਡ ਕਰਨ ਦੇ ਦੋਸ਼ ਵਿੱਚ ਇੱਕ 'ਇੰਸਟਾਗ੍ਰਾਮ ਇੰਨਫਲਾਂਸਰ' ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਨਫਲਾਂਸਰ ਨੇ ਕਥਿਤ ਤੌਰ 'ਤੇ ਫਿਰਕੂ ਟਿੱਪਣੀਆਂ ਵਾਲਾ ਇੱਕ ਵੀਡੀਓ ਅਪਲੋਡ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਾਲੀਵੁੱਡ ਕਲਾਕਾਰ 'ਆਪ੍ਰੇਸ਼ਨ ਸਿੰਦੂਰ' 'ਤੇ ਚੁੱਪ ਸਨ। 'ਇੰਸਟਾਗ੍ਰਾਮ ਇੰਨਫਲਾਂਸਰ' ਦੀ ਪਛਾਣ ਕੋਲਕਾਤਾ ਦੇ ਆਨੰਦਪੁਰ ਖੇਤਰ ਦੀ ਨਿਵਾਸੀ 22 ਸਾਲਾ ਸ਼ਰਮਿਸ਼ਠਾ ਪਨੌਲੀ ਵਜੋਂ ਹੋਈ ਹੈ, ਜੋ ਪੁਣੇ ਦੀ ਇੱਕ ਕਾਨੂੰਨ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹੈ। ਸ਼ਰਮਿਸ਼ਠਾ ਨੂੰ ਸ਼ੁੱਕਰਵਾਰ ਰਾਤ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਰਮਿਸ਼ਠਾ ਨੂੰ ਸ਼ਨੀਵਾਰ ਨੂੰ ਕੋਲਕਾਤਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਦੀ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਉਸਨੂੰ 13 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਕੋਲਕਾਤਾ ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਲੜਕੀ ਵਿਰੁੱਧ ਵੱਖ-ਵੱਖ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਫੈਲਾਉਣ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਬਦਨੀਤੀਪੂਰਨ ਕਾਰਵਾਈਆਂ, ਜਾਣਬੁੱਝ ਕੇ ਅਪਮਾਨ ਅਤੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਭੜਕਾਉਣ ਵਰਗੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਥਾਨਕ ਪੁਲਸ ਸੂਤਰਾਂ ਅਨੁਸਾਰ, ਸ਼ਰਮਿਸ਼ਠਾ ਪਨੌਲੀ ਨੂੰ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿੱਚ ਉਸਨੇ ਦੋਸ਼ ਲਗਾਇਆ ਸੀ ਕਿ ਹਿੰਦੀ ਫਿਲਮਾਂ ਦੇ ਕਲਾਕਾਰ 'ਆਪ੍ਰੇਸ਼ਨ ਸਿੰਦੂਰ' 'ਤੇ ਚੁੱਪ ਹਨ। ਪੁਲਸ ਸੂਤਰਾਂ ਅਨੁਸਾਰ, ਸ਼ਰਮਿਸ਼ਠਾ ਦੁਆਰਾ ਪੋਸਟ ਕੀਤੀ ਗਈ ਵੀਡੀਓ 'ਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਜਤਾਇਆ ਸੀ, ਉਸਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ ਸੀ ਅਤੇ ਧਮਕੀ ਭਰੇ ਸੁਨੇਹੇ ਵੀ ਭੇਜੇ ਗਏ ਸਨ। ਇਸ ਤੋਂ ਬਾਅਦ ਸ਼ਰਮਿਸ਼ਠਾ ਨੇ ਵੀਡੀਓ ਹਟਾ ਦਿੱਤੀ ਅਤੇ ਮਾਫੀ ਵੀ ਮੰਗੀ, ਪਰ ਉਦੋਂ ਤੱਕ ਕੋਲਕਾਤਾ ਵਿੱਚ ਉਸ ਖਿਲਾਫ ਸ਼ਿਕਾਇਤ ਦਰਜ ਹੋ ਚੁੱਕੀ ਸੀ।
ਸੂਤਰਾਂ ਮੁਤਾਬਕ ਇਸ ਤੋਂ ਬਾਅਦ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਕਾਨੂੰਨੀ ਨੋਟਿਸ ਭੇਜੇ ਗਏ ਸਨ। ਪੁਲਸ ਸੂਤਰਾਂ ਅਨੁਸਾਰ, ਜਦੋਂ ਉਹ ਆਪਣੇ ਪਰਿਵਾਰ ਨਾਲ ਫਰਾਰ ਹੋ ਗਈ, ਤਾਂ ਅਦਾਲਤ ਨੇ ਉਸਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਉਸਨੂੰ ਸ਼ੁੱਕਰਵਾਰ ਰਾਤ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰ ਲਿਆ। ਕੋਲਕਾਤਾ ਪੁਲਸ ਦੇ ਇੱਕ ਅਧਿਕਾਰੀ ਨੇ ਕਿਹਾ, "ਸ਼ਰਮਿਸ਼ਠਾ ਪਨੌਲੀ ਅਤੇ ਉਸਦੇ ਪਰਿਵਾਰ ਨੂੰ ਕਾਨੂੰਨੀ ਨੋਟਿਸ ਭੇਜਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਉਹ ਲਾਪਤਾ ਹੋ ਗਏ। ਇਸ ਤੋਂ ਬਾਅਦ, ਪੁਲਸ ਨੇ ਮਾਮਲਾ ਅਦਾਲਤ ਵਿੱਚ ਰੱਖਿਆ, ਜਿੱਥੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਅਤੇ ਫਿਰ ਉਸਨੂੰ ਸ਼ੁੱਕਰਵਾਰ ਰਾਤ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰ ਲਿਆ ਗਿਆ।" ਇੰਨਫਲਾਂਸਰ ਆਮ ਤੌਰ 'ਤੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਸੋਸ਼ਲ ਮੀਡੀਆ ਅਤੇ ਹੋਰ ਔਨਲਾਈਨ ਪਲੇਟਫਾਰਮਾਂ 'ਤੇ ਆਪਣੇ ਫਾਲੋਅਰਜ਼ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਮੁਹਾਰਤ ਅਤੇ ਗਿਆਨ ਦੀ ਵਰਤੋਂ ਕਰਦੇ ਹਨ।